ਮੁੱਖ ਮੰਤਰੀ ਭਗਵੰਤ ਮਾਨ ਦੇ ਤਿੱਖੇ ਤੇਵਰਾਂ ਮਗਰੋਂ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੇ ਸੁਰ ਨਰਮ ਪੈ ਗਏ ਹਨ। ਰਾਜਪਾਲ ਪੁਰੋਹਿਤ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਸੂਬੇ ’ਚ ਰਾਸ਼ਟਰਪਤੀ ਰਾਜ ਲਾਉਣ ਦੀ ਸਿਫ਼ਾਰਸ਼ ਕਰਨ ਬਾਰੇ ਚਿਤਾਵਨੀ ਦੇ ਦਿੱਤੀ ਸੀ। ਇਸ ਮਗਰੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਰਾਜਪਾਲ ਨੂੰ ਤਿੱਖੇ ਤੇਵਰ ਵਿਖਾਏ ਸੀ।
ਇਸ ਮਗਰੋਂ ਰਾਜਪਾਲ ਨੇ ਯੂ-ਟਰਨ ਲੈ ਲਿਆ। ਇਸ ਲਈ ਚੰਡੀਗੜ੍ਹ ’ਚ ਰਾਜਪਾਲ ਨੇ ਪੰਜਾਬ ਦੇ ਯੋਗਦਾਨ ਦੀ ਸ਼ਲਾਘਾ ਕਰਨ ਦੇ ਨਾਲ-ਨਾਲ ਖੇਡਾਂ ’ਚ ਵੀ ਸੂਬੇ ਦੀ ਭੂਮਿਕਾ ਦਾ ਜ਼ਿਕਰ ਕੀਤਾ। ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਖੇਡ ਦਿਵਸ ਮੌਕੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਪੰਜਾਬ ਦਾ ਕੋਈ ਮੁਕਾਬਲਾ ਨਹੀਂ ਤੇ ਹਰ ਦ੍ਰਿਸ਼ਟੀ ਤੋਂ ਪੰਜਾਬ ਦੇਸ਼ ’ਚੋਂ ਨੰਬਰ ‘ਵਨ’ ਹੈ।
ਰਾਜਪਾਲ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੀ ਕਰਮ ਭੂਮੀ ’ਤੇ ਮਾਣ ਹੈ। ਉਨ੍ਹਾਂ ਕਿਹਾ ਕਿ ਦੇਸ਼ ’ਚ ਅਨਾਜ ਸੰਕਟ ਮੌਕੇ ਤੇ ਮੌਜੂਦਾ ਸਮੇਂ ਗੁਦਾਮਾਂ ਨੂੰ ਭਰੇ ਰੱਖਣ ’ਚ ਪੰਜਾਬ ਦਾ ਵੱਡਾ ਯੋਗਦਾਨ ਹੈ। ਇਸ ਦੌਰਾਨ ਰਾਜਪਾਲ ਨੇ ਸਰ੍ਹੋਂ, ਸਾਗ ਤੇ ਮੱਕੀ ਦੀ ਰੋਟੀ ਦੀ ਗੱਲ ਵੀ ਕੀਤੀ। ਰਾਜਪਾਲ ਦੇ ਨਰਮ ਸੁਰ ਵੇਖ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਸਰਕਾਰ ਨਾਲ ਖਿੱਚੋਤਾਣ ਘਟ ਸਕਦਾ ਹੈ।
ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਰਾਜਪਾਲ ਦੇ ਆਖ਼ਰੀ ਪੱਤਰ ਦਾ ਜਵਾਬ ਦੇਣ ਲਈ ਕੀਤੀ ਪ੍ਰੈੱਸ ਕਾਨਫ਼ਰੰਸ ’ਚ ਕਈ ਹੱਲੇ ਬੋਲੇ ਸਨ। ਰਾਜਪਾਲ ਜੋ ਆਮ ਤੌਰ ’ਤੇ ਮੁੱਖ ਮੰਤਰੀ ਨੂੰ ਜਵਾਬ ਦੇਣ ਤੋਂ ਖੁੰਝਦੇ ਨਹੀਂ ਸਨ, ਹੁਣ ਉਹ ਥੋੜ੍ਹੇ ਬਦਲੇ ਬਦਲੇ ਨਜ਼ਰ ਆ ਰਹੇ ਹਨ।