ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹੜਤਾਲ ਰੋਕਣ ਲਈ ਐਸਮਾ ਲਗਾਏ ਜਾਣ ਦੇ ਬਾਵਜੂਦ ਪਟਵਾਰੀਆਂ ਨੇ ਸ਼ੁੱਕਰਵਾਰ ਤੋਂ ਵਾਧੂ ਸਰਕਲਾਂ ਦਾ ਕੰਮ ਛੱਡਣ ਦਾ ਐਲਾਨ ਕਰਦਿਆਂ ਹੜਤਾਲ ’ਤੇ ਚਲੇ ਗਏ। ਪਟਵਾਰ ਯੂਨੀਅਨ ਨੇ ਮੁੱਖ ਮੰਤਰੀ ਨੂੰ ਬੇਰੁਜ਼ਗਾਰਾਂ ਨੂੰ ਕਲਮ ਸੌਂਪਣ ਦਾ ਵਾਅਦਾ ਨਿਭਾਉਣ ਦੀ ਚੁਣੌਤੀ ਦਿੱਤੀ ਹੈ।
ਸ਼ੁੱਕਰਵਾਰ ਨੂੰ ਇੱਥੇ ਦਿ ਰੈਵਨਿਊ ਪਟਵਾਰ ਯੂਨੀਅਨ ਦੇ ਪ੍ਰਧਾਨ ਹਰਵੀਰ ਸਿੰਘ ਢੀਂਡਸਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਟਵਾਰੀ ਆਪਣੇ ਫੈਸਲੇ ’ਤੇ ਅਟਲ ਹਨ ਤੇ ਇਕ ਸਤੰਬਰ ਤੋਂ 3193 ਵਾਧੂ ਪਟਵਾਰ ਸਰਕਲਾਂ ਦਾ ਕੰਮ ਛੱਡ ਦਿੱਤਾ ਜਾਵੇਗਾ। ਢੀਂਡਸਾ ਨੇ ਆਪਣੇ ਵਾਅਦੇ ਮੁਤਾਬਿਕ ਮੁੱਖ ਮੰਤਰੀ ਨੂੰ ਇਕ ਸਤੰਬਰ ਨੂੰ ਬੇਰੋਜ਼ਗਾਰਾਂ ਨੂੰ ਪੈੱਨ ਦੇਣ ਦਾ ਵਾਅਦਾ ਨਿਭਾਉਣ ਦੀ ਚੇਤਾਵਨੀ ਦਿੱਤੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਇਸਦੀ ਸ਼ੁਰੂਆਤ ਆਪਣੇ ਜ਼ਿਲ੍ਹੇ ਸੰਗਰੂਰ ਤੋਂ ਕਰਨ ਅਤੇ ਪਟਵਾਰ ਯੂਨੀਅਨ ਬੇਰੋਜ਼ਗਾਰਾਂ ਨੂੰ ਰੁਜ਼ਗਾਰ ਦੇਣ ਦਾ ਸਵਾਗਤ ਕਰੇਗੀ।
ਜ਼ਿਕਰਯੋਗ ਹੈ ਕਿ ਖਾਲੀ ਅਸਾਮੀਆਂ ਭਰਨ, ਤਰੱਕੀ ਦੇਣ ਸਮੇਤ ਹੋਰ ਮੰਗਾਂ ਲਈ ਪਟਵਾਰ ਯੂਨੀਅਨ ਨੇ 11 ਸਤੰਬਰ ਤੋਂ ਕਲਮ ਛੋੜ ਹੜਤਾਲ ’ਤੇ ਜਾਣ ਦੀ ਚਿਤਾਵਨੀ ਦਿੱਤੀ ਸੀ। ਹੜ੍ਹਾ ਦੀ ਸਥਿਤੀ ਨੂੰ ਦੇਖਦੇ ਹੋਏ ਮੁੱਖ ਮੰਤਰੀ ਨੇ 30 ਅਗਸਤ ਤੋਂ 31 ਅਕਤੂਬਰ ਤਕ ਸੂਬੇ ’ਚ ਐਸਮਾ ਲਾਗੂ ਕਰ ਦਿੱਤਾ ਸੀ। ਐਸਮਾ ਹੜਤਾਲ ਰੋਕਣ ਲਈ ਲਾਇਆ ਜਾਂਦਾ ਹੈ। ਮੁੱਖ ਮੰਤਰੀ ਨੇ ਬੁੱਧਵਾਰ ਨੂੰ ਕਿਹਾ ਸੀ ਕਿ ਮੁਲਾਜ਼ਮ ਕਮਲ ਛੋੜ ਹੜਤਾਲ ’ਤੇ ਜਾਣ ਲਈ ਆਜ਼ਾਦ ਹਨ, ਪਰ ਦੋਬਾਰਾ ਕਲਮ ਦੇਣੀ ਹੈ ਜਾਂ ਨਹੀਂ, ਸਰਕਾਰ ਤੈਅ ਕਰੇਗੀ। ਹੁਣ ਹੜਤਾਲ ਦੇ ਸਮੇਂ ਨੂੰ ਸੇਵਾ ’ਚ ਸ਼ਾਮਲ ਨਹੀਂ ਕੀਤਾ ਜਾਵੇਗਾ। ਹੜਤਾਲ ਕਰ ਕੇ ਲੋਕਾਂ ਨੂੰ ਪਰੇਸ਼ਾਨ ਕਰਨ ਵਾਲੇ ਬਰਦਾਸ਼ਤ ਨਹੀਂ, ਕਿਉਂਕਿ ਸੂਬੇ ’ਚ ਕਈ ਪੜ੍ਹੇ-ਲਿਖੇ ਬੇਰੁਜ਼ਗਾਰ ਨੌਜਵਾਨ ਉਨ੍ਹਾਂ ਦੀ ਕਲਮ ਫੜਨ ਨੂੰ ਤਿਆਰ ਬੈਠੇ ਹਨ।
ਯੂਨੀਅਨ ਦੇ ਪ੍ਰਧਾਨ ਹਰਵੀਰ ਸਿੰਘ ਢੀਂਡਸਾ ਨੇ ਕਿਹਾ ਕਿ ਜਦੋਂ ਸੂਬੇ ਦੇ 12 ਜ਼ਿਲ੍ਹੇ ਸਨ ਤਾਂ ਪਟਵਾਰੀਆਂ ਦੀਆਂ 4716 ਅਸਾਮੀਆਂ ਸਨ ਤੇ ਹੁਣ 23 ਜ਼ਿਲ੍ਹੇ ਬਣਨ ’ਤੇ ਵੀ ਸਥਿਤੀ ਜਿਉਂ ਦੀ ਤਿਉਂ ਹੈ। ਜਦੋਂ ਕਿ ਇਨ੍ਹਾਂ ਦੀ ਗਿਣਤੀ 7500 ਹੋਣੀ ਚਾਹੀਦੀ ਸੀ। ਪਟਵਾਰੀਆਂ ਨੂੰ ਵਾਧੂ ਕੰਮ ਥੋਪਿਆ ਜਾਂਦਾ ਹੈ ਕਿਉਂਕਿ ਸਰਕਾਰ ਨੂੰ 423 ਕਰੋੜ ਰੁਪਏ ਦੀ ਸਾਲਾਨਾ ਬੱਚਤ ਹੁੰਦੀ ਹੈ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਛੇ ਜੁਲਾਈ ਨੂੰ 1090 ਪਟਵਾਰੀਆਂ ਦੀ ਜੁਆਇਨਿੰਗ ਕਰਵਾਈ ਸੀ। ਉਨ੍ਹਾਂ ਨਵੇਂ ਭਰਤੀ ਹੋਏ ਪਟਵਾਰੀਆਂ ਨੂੰ ਨਿਯੁਕਤੀ ਪੱਤਰ ਦਿੰਦੇ ਹੋਏ ਟੇ੍ਰਨਿੰਗ ਦਾ ਸਮਾਂ ਘਟਾਉਣ ਤੇ ਪੂਰੀ ਤਨਖ਼ਾਹ ਦੇਣ ਦਾ ਵਾਅਦਾ ਕੀਤਾ ਸੀ, ਪਰ ਅੱਜ ਟੇ੍ਰਨਿੰਗ ਪੂਰੀ ਹੋਣ ’ਤੇ ਵੀ ਨਵੇਂ ਪਟਵਾਰੀਆਂ ਨੂੰ 167 ਰੁਪਏ ਦਿਹਾੜੀ ’ਤੇ ਕੰਮ ਕਰਨਾ ਪੈ ਰਿਹਾ ਹੈ।
ਢੀਂਡਸਾ ਨੇ ਸਪਸ਼ਟ ਕੀਤਾ ਕਿ ਪਟਵਾਰੀਆਂ ਨੇ ਹੜ੍ਹ ਸਬੰਧੀ ਕੋਈ ਕੰਮ ਨਹੀਂ ਛੱਡਿਆ ਬਲਕਿ ਇਸ ਔਖੀ ਘੜ੍ਹੀ ਵਿਚ ਪੂਰਾ ਕੰਮ ਕੀਤਾ ਹੈ, ਪਰ ਲਾਲ ਲਕੀਰ , ਨੈਸ਼ਨਲ ਹਾਈਵੇ ਸਮੇਤ ਹੋਰ ਵਾਧੂ ਕੰਮ ਨਹੀਂ ਕੀਤਾ ਜਾਵੇਗਾ। ਵਾਧੂ ਅਲਾਟ ਸਰਕਲਾਂ ’ਚ ਕੰਮ ਨਹੀਂ ਕੀਤਾ ਜਾਵੇਗਾ।
ਉਨ੍ਹਾਂ ਡਿਪਟੀ ਕਮਿਸ਼ਨਰਾਂ ਤੇ ਪੁਲਿਸ ਅਧਿਕਾਰੀਆਂ ਨੂੰ ਚੇਤਾਵਨੀ ਦਿੱਤੀ ਕੀ ਜੇਕਰ ਪਟਵਾਰੀਆਂ ’ਤੇ ਵਾਧੂ ਕੰਮ ਦਾ ਦਬਾਅ ਪਾਉਣ ਲਈ ਪਰੇਸ਼ਾਨ ਕੀਤਾ ਤਾਂ ਉਹ ਮਨੁੱਖੀ ਅਧਿਕਾਰਾਂ ਦੀ ਉਲੰਘਣਾਂ ਤੇ ਹੋਰਨਾਂ ਦੋਸ਼ਾਂ ਤਹਿਤ ਹਾਈਕੋਰਟ ਵਿਚ ਸਬੰਧਤ ਅਧਿਕਾਰੀਆਂ ਦੀ ਨਾਮ ਸਮੇਤ ਸ਼ਿਕਾਇਤ ਕਰਨਗੇ।
ਉਨ੍ਹਾਂ ਕਿਹਾ ਕਿ ਸਰਕਾਰ ਨੇ ਐਸਮਾਂ ਲਗਾਕੇ ਮੁਲਾਜ਼ਮਾਂ ਦੀ ਸੰਘੀ ਘੁੱਟਣ ਦਾ ਯਤਨ ਕੀਤਾ ਹੈ ਇਸਨੂੰ ਹਾਈਕੋਰਟ ’ਚ ਚੈਲੰਜ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਸੰਵਿਧਾਨ ਦੀ ਪਾਲਣਾ ਨਹੀਂ ਕਰਨੀ ਤਾਂ ਦਫ਼ਤਰਾਂ ’ਚੋਂ ਬਾਬਾ ਸਾਹਿਬ ਡਾ. ਬੀਆਰ ਅੰਬੇਡਕਰ ਤੇ ਭਗਤ ਸਿੰਘ ਦੀ ਫੋਟੋ ਉਤਾਰ ਦੇਣੇ ਚਾਹੀਦੇ ਹਨ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਅੱਜ ਪੰਚਾਇਤਾਂ ਸਬੰਧੀ ਹਾਈਕੋਰਟ ਦੇ ਫੈਸਲੇ ’ਤੋਂ ਸਬਕ ਸਿੱਖਣਾ ਚਾਹੀਦਾ ਹੈ। ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਪਟਵਾਰੀ ਹਰ ਤਰ੍ਹਾਂ ਦੀ ਜਾਂਚ ਦਾ ਸਾਹਮਣਾ ਕਰਨ ਲਈ ਤਿਆਰ ਹਨ ਤੇ ਆਪਣੇ ਫੈਸਲੇ ਤੋਂ ਪਿੱਛੇ ਨਹੀਂ ਹੱਟਣਗੇ।
ਉਨ੍ਹਾਂ ਡੇਢ ਲੱਖ ਰੁਪਏ ਤਨਖਾਹ ਲੈਣ ਵਾਲੇ ਪਟਵਾਰੀ ਦਾ ਨਾਮ ਜਨਤਕ ਕਰਨ ਦੀ ਵੀ ਚੁਣੌਤੀ ਦਿੱਤੀ। ਢੀਂਡਸਾ ਨੇ ਦੱਸਿਆ ਕਿ ਏਡੀਜੀਪੀ (ਇੰਟੈਲੀਜੈਂਸ) ਜਸਕਰਨ ਸਿੰਘ ਨੇ ਯੂਨੀਅਨ ਆਗੂਆਂ ਨਾਲ ਮੀਟਿੰਗ ’ਚ ਕਿਹਾ ਮੁੱਖ ਮੰਤਰੀ ਮਿਸ ਗਾਈਡ ਹੋਏ ਹਨ।
ਉਨ੍ਹਾਂ ਕਿਹਾ ਕਿ ਸੂਬੇ ’ਚ ਕੋਈ ਬਦਲਾਅ ਨਜ਼ਰ ਨਹੀਂ ਆਇਆ ਤੇ ਪੱਗਾਂ ਦਾ ਰੰਗ ਬਦਲਣ ਨਾਲ ਭ੍ਰਿਸ਼ਟਾਚਾਰ ਖ਼ਤਮ ਨਹੀਂ ਹੋਇਆ। ਉਨ੍ਹਾਂ ਸੇਵਾਮੁਕਤ ਪਟਵਾਰੀਆਂ ਤੇ ਕਾਨੂੰਗੋਆਂ ਨੂੰ ਬੱਚਿਆਂ ਦੇ ਭਵਿੱਖ ਨੂੰ ਦੇਖਦੇ ਹੋਏ ਸਰਕਾਰ ਦੀਆਂ ਗੱਲਾਂ ਵਿਚ ਨਾ ਆਉਣ ਦੀ ਅਪੀਲ ਕੀਤੀ।