International News

ਪਾਕਿਸਤਾਨ ‘ਚ ਜਨਵਰੀ ‘ਚ ਹੋ ਸਕਦੀਆਂ ਹਨ ਚੋਣਾਂ, ਇਮਰਾਨ ਖ਼ਾਨ ਨੂੰ ਆਪਣੇ ਪੁੱਤਰਾਂ ਨਾਲ ਫੋਨ ‘ਤੇ ਗੱਲ ਕਰਨ ਦੀ ਮਿਲੀ ਗਈ ਹੈ ਇਜਾਜ਼ਤ

ਪਾਕਿਸਤਾਨ ਦੇ ਚੋਣ ਕਮਿਸ਼ਨ ਨੇ ਕਿਹਾ ਹੈ ਕਿ ਦੇਸ਼ ਵਿਚ ਅਗਲੇ ਸਾਲ ਜਨਵਰੀ ਦੇ ਅੰਤ ਜਾਂ ਫਰਵਰੀ ਦੇ ਅੱਧ ਵਿਚ ਚੋਣਾਂ ਕਰਵਾਈਆਂ ਜਾਣਗੀਆਂ। ਇਹ ਜਾਣਕਾਰੀ ਉਸ ਸਮੇਂ ਸਾਹਮਣੇ ਆਈ ਜਦੋਂ ਅਵਾਮੀ ਨੈਸ਼ਨਲ ਪਾਰਟੀ (ਏਐਨਪੀ) ਦਾ ਇੱਕ ਵਫ਼ਦ ਉਨ੍ਹਾਂ ਨੂੰ ਮਿਲਣ ਪਹੁੰਚਿਆ। ਮੀਟਿੰਗ ਵਿੱਚ ਮੁੱਖ ਚੋਣ ਕਮਿਸ਼ਨਰ (ਸੀਈਸੀ) ਸਿਕੰਦਰ ਸੁਲਤਾਨ ਰਾਜਾ ਅਤੇ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ।

ਨਿਊਜ਼ ਏਜੰਸੀ ਪੀਟੀਆਈ ਦੀ ਰਿਪੋਰਟ ਮੁਤਾਬਕ ਏਐਨਪੀ ਦੇ ਵਫ਼ਦ ਦੀ ਅਗਵਾਈ ਜਨਰਲ ਸਕੱਤਰ ਇਫ਼ਤਿਖਾਰ ਹੁਸੈਨ, ਕੇਂਦਰੀ ਬੁਲਾਰੇ ਜ਼ਾਹਿਦ ਖ਼ਾਨ ਅਤੇ ਪਾਰਟੀ ਆਗੂ ਖੁਸ਼ਦਿਲ ਖ਼ਾਨ ਅਤੇ ਅਬਦੁਲ ਰਹੀਮ ਵਜ਼ਾਰ ਨੇ ਕੀਤੀ। ਜ਼ਿਕਰਯੋਗ ਹੈ ਕਿ ਪਾਕਿਸਤਾਨ ‘ਚ 9 ਅਗਸਤ ਨੂੰ ਨੈਸ਼ਨਲ ਅਸੈਂਬਲੀ ਨੂੰ ਭੰਗ ਕਰ ਦਿੱਤਾ ਗਿਆ ਸੀ।

ਪਾਕਿਸਤਾਨ ਦੇ ਰਾਸ਼ਟਰਪਤੀ ਆਰਿਫ ਅਲਵੀ ਨੇ ਅਨਵਾਰੁਲ ਹੱਕ ਕੱਕੜ ਨੂੰ ਕਾਰਜਕਾਰੀ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਹੈ। ਚੋਣ ਰੋਡਮੈਪ ‘ਤੇ ਵਿਚਾਰ ਵਟਾਂਦਰਾ ਕਰਨ ਲਈ ਹੋਈ ਸਲਾਹਕਾਰ ਮੀਟਿੰਗ ਦੌਰਾਨ ਵਫ਼ਦ ਦੇ ਮੈਂਬਰਾਂ ਨੇ ਕਿਹਾ ਕਿ ਜੇਕਰ 90 ਦਿਨਾਂ ਦੇ ਅੰਦਰ-ਅੰਦਰ ਚੋਣਾਂ ਕਰਵਾਉਣੀਆਂ ਸੰਭਵ ਨਹੀਂ ਹਨ ਤਾਂ ਘੱਟੋ-ਘੱਟ ਚੋਣਾਂ ਦੀ ਤਰੀਕ ਅਤੇ ਪ੍ਰੋਗਰਾਮ ਬਾਰੇ ਜਾਣੂ ਕਰਵਾਇਆ ਜਾਵੇ |

ਮੀਟਿੰਗ ਵਿੱਚ ਚੋਣ ਕਮਿਸ਼ਨ ਦੇ ਅਧਿਕਾਰੀਆਂ ਨੇ ਏਐਨਪੀ ਆਗੂਆਂ ਨੂੰ ਹੱਦਬੰਦੀ ਦੀ ਸਮਾਂ ਸੀਮਾ ਨੂੰ ਵੱਧ ਤੋਂ ਵੱਧ ਘਟਾਉਣ ਦਾ ਭਰੋਸਾ ਦਿੰਦਿਆਂ ਕਿਹਾ ਕਿ ਜੇਕਰ ਇਸ ਨੂੰ ਪਹਿਲਾਂ ਪੂਰਾ ਕਰ ਲਿਆ ਜਾਂਦਾ ਤਾਂ ਚੋਣਾਂ ਜਲਦੀ ਕਰਵਾਈਆਂ ਜਾ ਸਕਦੀਆਂ ਸਨ।

ਇਮਰਾਨ ਖ਼ਾਨ ਨੂੰ ਪੁੱਤਰਾਂ ਨਾਲ ਫੋਨ ‘ਤੇ ਗੱਲ ਕਰਨ ਦੀ ਇਜਾਜ਼ਤ

ਪਾਕਿਸਤਾਨ ਦੀ ਇਕ ਵਿਸ਼ੇਸ਼ ਅਦਾਲਤ ਨੇ ਅਟਕ ਜੇਲ੍ਹ ਵਿਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਆਪਣੇ ਪੁੱਤਰਾਂ ਨਾਲ ਟੈਲੀਫੋਨ ‘ਤੇ ਗੱਲ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਖ਼ਾਨ (70) ਨੇ ਜਸਟਿਸ ਅਬੁਲ ਹਸਨਤ ਜ਼ੁਲਕਾਰਨੈਨ ਅੱਗੇ ਪਟੀਸ਼ਨ ਦਾਇਰ ਕਰਕੇ ਆਪਣੇ ਪੁੱਤਰਾਂ ਸੁਲੇਮਾਨ ਖਾਨ ਅਤੇ ਕਾਸਿਮ ਖਾਨ ਨਾਲ ਫੋਨ ‘ਤੇ ਗੱਲ ਕਰਨ ਦੀ ਇਜਾਜ਼ਤ ਮੰਗੀ ਸੀ।

ਅਪੀਲ ਨੂੰ ਸਵੀਕਾਰ ਕਰਦੇ ਹੋਏ ਜ਼ੁਲਕਾਰਨੈਨ ਨੇ ਅਟਕ ਜੇਲ੍ਹ ਦੇ ਸੁਪਰਡੈਂਟ ਨੂੰ ਇਮਰਾਨ ਖਾਨ ਨੂੰ ਆਪਣੇ ਪੁੱਤਰਾਂ ਨਾਲ ਗੱਲ ਕਰਨ ਦਾ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਹ ਗੱਲ ਉਦੋਂ ਸਾਹਮਣੇ ਆਈ ਹੈ ਜਦੋਂ ਜਸਟਿਸ ਜ਼ੁਲਕਾਰਨੈਨ ਨੇ ਕਲਾਸੀਫਾਈਡ ਦਸਤਾਵੇਜ਼ਾਂ ਨਾਲ ਜੁੜੇ ਇੱਕ ਮਾਮਲੇ ਵਿੱਚ ਖਾਨ ਦੀ ਨਿਆਂਇਕ ਹਿਰਾਸਤ 13 ਸਤੰਬਰ ਤੱਕ ਵਧਾ ਦਿੱਤੀ ਸੀ।

ਇਸ ਹੁਕਮ ਨੇ ਭ੍ਰਿਸ਼ਟਾਚਾਰ ਦੇ ਇੱਕ ਕੇਸ ਵਿੱਚ ਇੱਕ ਦਿਨ ਪਹਿਲਾਂ ਜ਼ਮਾਨਤ ਮਿਲਣ ਦੇ ਬਾਵਜੂਦ ਜੇਲ੍ਹ ਤੋਂ ਛੇਤੀ ਰਿਹਾਈ ਦੀਆਂ ਉਮੀਦਾਂ ਨੂੰ ਠੁੱਸ ਕਰ ਦਿੱਤਾ। ਗ੍ਰਹਿ ਮੰਤਰਾਲੇ ਵੱਲੋਂ ਉਠਾਏ ਗਏ ਸੁਰੱਖਿਆ ਚਿੰਤਾਵਾਂ ਦਰਮਿਆਨ ਕਾਨੂੰਨ ਮੰਤਰਾਲੇ ਦੀ ਮਨਜ਼ੂਰੀ ਤੋਂ ਬਾਅਦ ਬੁੱਧਵਾਰ ਨੂੰ ਅਟਕ ਜ਼ਿਲ੍ਹਾ ਜੇਲ੍ਹ ਵਿੱਚ ਕੇਸ ਦੀ ਸੁਣਵਾਈ ਹੋਈ।

Video