ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਜਾਣਕਾਰੀ ਦਿੱਤੀ ਹੈ ਕਿ ਦੇਸ਼ ਦੇ ਪਹਿਲੇ ਸੂਰਜੀ ਮਿਸ਼ਨ ਆਦਿੱਤਿਆ-ਐੱਲ1 ਪੁਲਾੜ ਯਾਨ ਨੇ ਧਰਤੀ ਦੇ ਚੱਕਰ ਨੂੰ ਬਦਲਣ ਦਾ ਦੂਜਾ ਪੰਧ ਸਫਲਤਾਪੂਰਵਕ ਪੂਰਾ ਕਰ ਲਿਆ ਹੈ।
ਇਸਰੋ ਅਨੁਸਾਰ ਆਦਿੱਤਿਆ ਐੱਲ1 ਮਿਸ਼ਨ ਧਰਤੀ ਨਾਲ ਜੁੜੇ ਦੂਜੇ ਪੰਧ (EBN-2) ਨੂੰ ਬਦਲਣ ਵਿਚ ਸਫਲ ਰਿਹਾ ਹੈ ਅਤੇ ਹੁਣ 10 ਸਤੰਬਰ ਨੂੰ ਭਾਰਤੀ ਸਮੇਂ ਅਨੁਸਾਰ ਦੁਪਹਿਰ ਲਗਭਗ 2.30 ਵਜੇ ਪੰਧ ‘ਚ ਬਦਲਾਅ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਚੰਦਰਯਾਨ-3 ਦੀ ਸਫਲ ਲੈਂਡਿੰਗ ਤੋਂ ਬਾਅਦ ਦੇਸ਼ ਦੇ ਪਹਿਲੇ ਸੂਰਜੀ ਮਿਸ਼ਨ ਆਦਿੱਤਿਆ-ਐੱਲ1 ਨੂੰ 2 ਸਤੰਬਰ ਨੂੰ ਸ਼੍ਰੀਹਰੀਕੋਟਾ ਦੇ ਸਤੀਸ਼ ਧਵਨ ਸਪੇਸ ਸੈਂਟਰ ਤੋਂ ਲਾਂਚ ਕੀਤਾ ਗਿਆ ਸੀ। ਇਸ ਪੁਲਾੜ ਯਾਨ ‘ਚ 7 ਵੱਖ-ਵੱਖ ਤਰ੍ਹਾਂ ਦੇ ਪੇਲੋਡ ਭੇਜੇ ਗਏ ਹਨ।
ਇਨ੍ਹਾਂ ਸਾਰੇ ਪੇਲੋਡਾਂ ਵਿੱਚੋਂ 4 ਪੇਲੋਡ ਸੂਰਜ ਤੋਂ ਪ੍ਰਕਾਸ਼ ਦਾ ਨਿਰੀਖਣ ਕਰਨਗੇ ਤੇ ਬਾਕੀ 3 ਪਲਾਜ਼ਮਾ ਅਤੇ ਚੁੰਬਕੀ ਖੇਤਰ ਦੇ ਇਨ-ਸੀਟੂ ਪੈਰਾਮੀਟਰਾਂ ਨੂੰ ਮਾਪਣਗੇ।
ਆਦਿੱਤਿਆ-ਐੱਲ1 ਉਪਗ੍ਰਹਿ 16 ਦਿਨਾਂ ਤੱਕ ਧਰਤੀ ਦੇ ਚੱਕਰ ਕੱਟੇਗਾ ਅਤੇ ਲੋੜੀਂਦੀ ਗਤੀ ਪ੍ਰਾਪਤ ਕਰਨ ਲਈ 5 ਪ੍ਰਕਿਰਿਆਵਾਂ ਵਿੱਚੋਂ ਲੰਘਣਾ ਹੋਵੇਗਾ। ਆਦਿੱਤਿਆ- L1 ਕਈ ਪੰਧਾਂ ਵਿੱਚੋਂ ਗੁਜ਼ਰੇਗਾ, ਜਿਸ ਵਿਚ 110 ਦਿਨ ਲੱਗਣਗੇ। ਸੈਟੇਲਾਈਟ L1 ਪੁਆਇੰਟ ਤੱਕ ਪਹੁੰਚਣ ਲਈ ਲਗਭਗ 15 ਮਿਲੀਅਨ ਕਿਲੋਮੀਟਰ ਦਾ ਸਫ਼ਰ ਤੈਅ ਕਰੇਗਾ।