ਜਿਵੇ ਲੋਕ ਸਭਾ ਦੀਆਂ ਚੋਣਾ ਨਜ਼ਦੀਕ ਆ ਰਹੀਆਂ ਹਨ ਤਾਂ ਉੁਸਨੂੰ ਦੇਖ ਕੇ ਸਾਰੀਆਂ ਸਿਆਸੀ ਪਾਰਟੀਆਂ ਆਪਣੀਆਂ ਨੀਤੀਆਂ, ਲੋਕਾਂ, ਸਾਹਮਣੇ ਰੱਖ ਰਹੀਆਂ ਹਨ। ਜਿਸ ਤਹਿਤ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਦੇ ਅਕਾਲੀ ਵਰਕਰਾਂ ਦੀ ਇੱਕ ਮੀਟਿੰਗ ਤਲਵੰਡੀ ਸਾਬੋ ਦੇ ਇੱਕ ਪੈਲੇਸ ਵਿੱਚ ਕੀਤੀ ਗਈ, ਜਿਸ ਵਿੱਚ ਜਿੱਥੇ ਉਨ੍ਹਾਂ ਨੇ ਅਕਾਲੀ ਦਲ ਵਲੋਂ ਆਪਣੇ ਰਾਜ ਵਿੱਚ ਕਰਵਾਏ ਕੰਮਾਂ ਸਬੰਧੀ ਲੋਕਾਂ ਨੂੰ ਦੱਸਿਆ ਉੱਥੇ ਹੀ ਉਨਾਂ ਪੰਜਾਬ ਦੇ ਮੁੱਖ ਮੰਤਰੀ ਤੇ ਤਿੱਖੇ ਨਿਸ਼ਾਨੇ ਸਾਧਦਿਆਂ ਦੱਸਿਆ ਕਿਹਾ, ਪੰਜਾਬ ਦੀ ਆਪ ਸਰਕਾਰ ਨੇ ਲੋਕਾਂ ਨਾਲ ਜੋ ਵਾਅਦੇ ਕੀਤੇ ਸਨ ਉਹ ਸਿਰਫ ਅਖਬਾਰੀ ਇਸ਼ਤਿਹਾਰਾਂ ਵਿੱਚ ਹੀ ਪੂਰੇ ਕੀਤੇ ਜਾ ਰਹੇ ਹਨ। ਜਦ ਕਿ ਜ਼ਮੀਨੀ ਪੱਧਰ ‘ਤੇ ਲੋਕ ਬਹੁਤ ਤੰਗ ਪਰੇਸ਼ਾਨ ਹਨ। ਉਨ੍ਹਾਂ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ, ਪੰਜਾਬ ਵਿੱਚ ਨੌਕਰੀਆਂ ਪੰਜਾਬ ਦੇ ਨੌਜਵਾਨਾਂ ਨੂੰ ਦੇਣ ਦੀ ਬਜਾਏ ਹਰਿਆਣਾ ਤੇ ਰਾਜਸਥਾਨ ਦੇ ਨੌਜਵਾਨਾਂ ਨੂੰ ਦਿੱਤੀਆਂ ਜਾ ਰਹੀਆਂ ਹਨ।
ਇਸ ਸਬੰਧੀ ਉਨ੍ਹਾਂ ਨੇ ਲੋਕਾਂ ਨੂੰ ਤੱਥ ਪੇਸ਼ ਕਰਕੇ ਦੱਸਿਆ ਮਾਨਸਾ ਜ਼ਿਲ੍ਹੇ ਵਿੱਚ 7 ਪੁਲਿਸ ਇੰਸਪੈਕਟਰ ਭਰਤੀ ਕੀਤੇ ਹਨ, ਜਿਨ੍ਹਾਂ ਵਿਚੋਂ 6 ਹਰਿਆਣੇ ਦੇ ਹਨ। ਬਿਜਲੀ ਬੋਰਡ ਵਿੱਚ 1307 ਲਾਇਨ ਮੈਨ ਰੱਖੇ ਗਏ ਹਨ, ਉਹਨਾਂ ਵਿੱਚੋਂ 534 ਹਰਿਆਣੇ ਵਿਚੋਂ ਰੱਖੇ ਗਏ ਹਨ। ਪਸ਼ੂਆਂ ਦੇ ਹਸਪਤਾਲ ਵਿੱਚ 68 ਵਿੱਚੋਂ 24 ਨੌਜਵਾਨ ਹਰਿਆਣੇ ਵਿੱਚੋਂ ਰੱਖੇ ਗਏ ਹਨ। ਉਨ੍ਹਾਂ ਕਿਹਾ, ਬਾਕੀ ਸਾਰੀਆਂ ਪਾਰਟੀਆਂ ਦਿੱਲੀ ਤੋਂ ਚਲਦੀਆਂ ਹਨ ਜਦੋਂ ਕਿ ਅਕਾਲੀ ਦਲ ਤੁਹਾਡੀ ਆਪਣੀ ਪਾਰਟੀ ਹੈ ਜਿਸ ਨੂੰ ਤਕੜਾ ਕਰਨ ਦੀ ਲੋੜ ਹੈ।