India News

ਰਾਜਪਾਲ 4 ਅਕਤੂਬਰ ਤੋਂ ਸਰਹੱਦੀ ਇਲਾਕਿਆਂ ਦਾ ਕਰਨਗੇ ਦੌਰਾ, ਪੰਜਾਬ ਸਰਕਾਰ ਦੇ ਹੈਲੀਕਾਪਟਰ ਦੀ ਨਹੀਂ ਕਰਨਗੇ ਵਰਤੋਂ

ਰਾਜਪਾਲ ਪੁਰੋਹਿਤ ਹੁਣ 4 ਅਕਤੂਬਰ ਤੋਂ ਸੂਬੇ ਦੇ ਸਰਹੱਦੀ ਇਲਾਕਿਆਂ ਦਾ ਦੌਰਾ ਕਰਨਗੇ। ਇਹ ਉਨ੍ਹਾਂ ਦਾ 5ਵਾਂ ਦੌਰਾ ਹੈ ਤੇ 3 ਦਿਨਾਂ ਤੱਕ ਉਹ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ ਤੇ ਫਾਜ਼ਿਲਕਾ ਦੇ ਸਰਹੱਦੀ ਪਿੰਡਾਂ ਵਿਚ ਜਾ ਕੇ ਸਥਾਈ ਪੰਚਾਇਤਾਂ ਨਾਲ ਗੱਲਬਾਤ ਕਰਨਗੇ। ਖਬਰ ਹੈ ਕਿ ਉਹ ਇਸ ਦੌਰੇ ਵਿਚ ਪੰਜਾਬ ਸਰਕਾਰ ਦੇ ਹੈਲੀਕਾਪਟਰ ਦੀ ਵਰਤੋਂ ਨਹੀਂ ਕਰਨਗੇ।

ਇਸ ਤੋਂ ਪਹਿਲਾਂ ਉਨ੍ਹਾਂ ਨੇ 20-22 ਸਤੰਬਰ ਤੱਕ ਇਨ੍ਹਾਂ ਜ਼ਿਲ੍ਹਿਆਂ ਦਾ ਦੌਰਾ ਕਰਨ ਦਾ ਐਲਾਨ ਕੀਤਾ ਸੀ ਪਰ 26 ਸਤੰਬਰ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਆਗਮਨ ‘ਤੇ ਉੱਤਰੀ ਖੇਤਰੀ ਕੌਂਸਲ ਦੀ ਬੈਠਕ ਦੇ ਮੱਦੇਨਜ਼ਰ ਉਨ੍ਹਾਂ ਨੂੰ ਆਪਣਾ ਪ੍ਰੋਗਰਾਮ ਮੁਲਤਵੀ ਕਰਨਾ ਪਿਆ ਸੀ। ਮਿਲੀ ਜਾਣਕਾਰੀ ਮੁਤਾਬਕ ਤਿੰਨ ਦਿਨਾ ਯਾਤਰਾ ਦੌਰਾਨ ਰਾਜਪਾਲ ਪਹਿਲੇ ਦਿਨ ਪਠਾਨਕੋਟ ਤੇ ਗੁਰਦਾਸਪੁਰ, ਦੂਜੇ ਦਿਨ ਅੰਮ੍ਰਿਤਸਰ ਤੇ ਤਰਨਤਾਰਨ ਤੇ ਤੀਜੇ ਦਿਨ ਫਿਰੋਜ਼ਪੁਰ ਤੇ ਫਾਜ਼ਿਲਕਾ ਵਿਚ ਨਿਵਾਸੀਆਂ ਨਾਲ ਗੱਲਬਾਤ ਕਰਨਗੇ।

ਰਾਜਪਾਲ ਆਪਣੇ ਇਸ ਤਿੰਨ ਦਿਨਾ ਦੌਰੇ ਲਈ ਸੂਬਾ ਸਰਕਾਰ ਦੇ ਹੈਲੀਕਾਪਟਰ ਦਾ ਇਸਤੇਮਾਲ ਨਹੀਂ ਕਰਨਗੇ। ਇਸ ਦੀ ਇਕ ਵਜ੍ਹਾ ਮੁੱਖ ਮੰਤਰੀ ਭਗਵੰਤ ਮਾਨ ਤੇ ਰਾਜਪਾਲ ਪੰਜਾਬ ਦੇ ਵਿਚ ਪੈਦਾ ਹੋਏ ਵਿਵਾਦ ਵੀ ਹਨ। ਰਾਜਪਾਲ ਖੁਦ ਮੁੱਖ ਮੰਤਰੀ ਤੋਂ 50,000 ਕਰੋੜ ਰੁਪਏ ਦਾ ਹਿਸਾਬ ਮੰਗ ਚੁੱਕੇ ਹਨ। ਇਸੇ ਦੇ ਚੱਲਦੇ ਰਾਜਪਾਲ ਪੁਰੋਹਿਤ ਨੇ ਸੂਬਾ ਸਰਕਾਰ ਦੇ ਹੈਲੀਕਾਪਟਰ ਦਾ ਇਸਤੇਮਾਲ ਨਾ ਕਰਨ ਦਾ ਫੈਸਲਾ ਕੀਤਾ ਹੈ।

ਜ਼ਿਕਰਯੋਗ ਹੈ ਕਿ ਜੁਲਾਈ ਮਹੀਨੇ ਵਿਚ ਮੁੱਖ ਮੰਤਰੀ ਭਗਵੰਤ ਮਾਨ ਨੇ ਪਹਿਲਾਂ ਟਿੱਪਣੀ ਕੀਤੀ ਸੀ ਕਿ ਰਾਜਪਾਲ ਪੰਜਾਬ ਸਰਕਾਰ ਦੇ ਹੈਲੀਕਾਪਟਰ ਦਾ ਇਸਤੇਮਾਲ ਕਰਦੇ ਹਨ ਤੇ ਉਨ੍ਹਾਂ ਨੂੰ ਗਲਤ ਕਹਿੰਦੇ ਹਨ। ਇਸ ਦੇ ਬਾਅਦ ਰਾਜਪਾਲ ਨੇ ਐਲਾਨ ਕੀਤਾ ਸੀ ਕਿ ਉਹ ਕਦੇ ਵੀ ਸਰਕਾਰੀ ਹੈਲੀਕਾਪਟਰ ਦਾ ਇਸਤੇਮਾਲ ਨਹੀਂ ਕਰਨਗੇ। ਜੁਲਾਈ ਮਹੀਨੇ ਵਿਚ ਰਾਜਪਾਲ ਨਾਰਥ ਕਲਚਰ ਸੈਂਟਰ ਦੇ ਪ੍ਰੋਗਰਾਮ ਵਿਚ ਹਿੱਸਾ ਲੈਣ ਲਈ ਚੰਡੀਗੜ੍ਹ ਤੋਂ ਸ਼੍ਰੀਨਗਰ ਲਈ ਰੈਗੂਲਰ ਫਲਾਈਟ ਤੋਂ ਰਵਾਨਾ ਹੋਏ ਸਨ।

Video