ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ‘ਚ ਇਕ ਮਸਜਿਦ ਨੇੜੇ ਹੋਏ ਆਤਮਘਾਤੀ ਹਮਲੇ ‘ਚ ਕਰੀਬ 34 ਲੋਕਾਂ ਦੀ ਮੌਤ ਹੋ ਗਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਸ ਹਮਲੇ ‘ਚ 130 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਪਤਾ ਲੱਗਾ ਹੈ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਲੋਕ ਪੈਗੰਬਰ ਮੁਹੰਮਦ ਦਾ ਜਨਮ ਦਿਨ ਮਨਾਉਣ ਲਈ ਰੈਲੀ ਲਈ ਇਕੱਠੇ ਹੋਏ ਸਨ।
ਸਥਾਨਕ ਜੀਓ ਨਿਊਜ਼ ਦੀ ਰਿਪੋਰਟ ਮੁਤਾਬਕ ਧਮਾਕਾ ਮਸਤੁੰਗ ਜ਼ਿਲ੍ਹੇ ਦੀ ਮਦੀਨਾ ਮਸਜਿਦ ਨੇੜੇ ਹੋਇਆ। ਮਰਨ ਵਾਲਿਆਂ ਵਿੱਚ ਮਸਤੁੰਗ ਦੇ ਡਿਪਟੀ ਸੁਪਰਡੈਂਟ ਆਫ਼ ਪੁਲਿਸ (ਡੀਐਸਪੀ) ਨਵਾਜ਼ ਗਸ਼ਕੋਰੀ ਵੀ ਸ਼ਾਮਲ ਸਨ। ਹਮਲੇ ਦੌਰਾਨ ਉਹ ਰੈਲੀ ਲਈ ਡਿਊਟੀ ‘ਤੇ ਸੀ।
ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ
ਨਿਊਜ਼ ਏਜੰਸੀ ਏਐਨਆਈ ਮੁਤਾਬਕ ਧਮਾਕਾ ਉਸ ਸਮੇਂ ਹੋਇਆ ਜਦੋਂ ਲੋਕ ਪੈਗੰਬਰ ਮੁਹੰਮਦ ਦੇ ਜਨਮ ਦਿਨ ਈਦ ਮਿਲਾਦੁਨ ਨਬੀ ਦਾ ਜਸ਼ਨ ਮਨਾਉਣ ਲਈ ਇਕੱਠੇ ਹੋ ਰਹੇ ਸਨ। ਸਿਟੀ ਸਟੇਸ਼ਨ ਹਾਊਸ ਅਫਸਰ (ਐਸਐਚਓ) ਮੁਹੰਮਦ ਜਾਵੇਦ ਲਹਿਰੀ ਨੇ ਕਿਹਾ ਕਿ ਇਹ ਧਮਾਕਾ ਆਤਮਘਾਤੀ ਧਮਾਕਾ ਸੀ ਅਤੇ ਹਮਲਾਵਰ ਨੇ ਡੀਐਸਪੀ ਦੀ ਕਾਰ ਦੇ ਕੋਲ ਆਪਣੇ ਆਪ ਨੂੰ ਉਡਾ ਲਿਆ।
ਸਥਾਨਕ ਡਾਨ ਅਖਬਾਰ ਨੇ ਸ਼ਹੀਦ ਨਵਾਬ ਗ਼ੌਸ ਬਖ਼ਸ਼ ਰਾਇਸਾਨੀ ਮੈਮੋਰੀਅਲ ਹਸਪਤਾਲ ਦੇ ਮੁੱਖ ਕਾਰਜਕਾਰੀ ਅਧਿਕਾਰੀ ਡਾਕਟਰ ਸਈਦ ਮੀਰਵਾਨੀ ਦੇ ਹਵਾਲੇ ਨਾਲ ਕਿਹਾ ਕਿ ਧਮਾਕੇ ਵਿੱਚ ਕਰੀਬ 34 ਲੋਕ ਮਾਰੇ ਗਏ ਅਤੇ 130 ਤੋਂ ਵੱਧ ਜ਼ਖ਼ਮੀ ਹੋਏ ਹਨ। ਇਨ੍ਹਾਂ ਜ਼ਖ਼ਮੀਆਂ ਵਿੱਚੋਂ ਕੁਝ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਹਸਪਤਾਲਾਂ ਵਿੱਚ ਐਮਰਜੈਂਸੀ ਲਗਾਈ ਗਈ
ਬਲੋਚਿਸਤਾਨ ਦੇ ਅੰਤਰਿਮ ਸੂਚਨਾ ਮੰਤਰੀ ਜਾਨ ਅਚਕਜ਼ਈ ਨੇ ਕਿਹਾ ਕਿ ਬਚਾਅ ਟੀਮਾਂ ਨੂੰ ਮਸਤੁੰਗ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਗੰਭੀਰ ਰੂਪ ਵਿੱਚ ਜ਼ਖਮੀ ਲੋਕਾਂ ਨੂੰ ਕਵੇਟਾ ਭੇਜਿਆ ਜਾ ਰਿਹਾ ਹੈ ਅਤੇ ਸਾਰੇ ਹਸਪਤਾਲਾਂ ਵਿੱਚ ਐਮਰਜੈਂਸੀ ਲਾਗੂ ਕਰ ਦਿੱਤੀ ਗਈ ਹੈ।