ਸਿੱਖਿਆ ਵਿਭਾਗ ‘ਚ ਪ੍ਰਿੰਸੀਪਲਾਂ ਦੀ ਘਾਟ ਤੇ ਬੱਚਿਆਂ ਦੀ ਪੜ੍ਹਾਈ ਨੂੰ ਦੇਖਦੇ ਹੋਏ ਪੰਜਾਬ ਸਕੂਲ ਅਧਿਆਪਕ ਸੇਵਾ ਵਾਧਾ ਕਾਨੂੰਨ 2015 ਤਹਿਤ ਵਾਧਾ ਦੇਣ ਦਾ ਫ਼ੈਸਲਾ ਲਿਆ ਗਿਆ ਹੈ। ਇਸ ਕਾਨੂੰਨ ਤਹਿਤ ਪ੍ਰਿੰਸੀਪਲ ਜੋ 31 ਅਗਸਤ ਤੋਂ 28 ਫਰਵਰੀ ਤਕ ਰਿਟਾਇਰ ਹੋਣਗੇ, ਨੂੰ ਉਨ੍ਹਾਂ ਵੱਲੋਂ ਆਪਸ਼ਨ ਦਿੱਤੇ ਜਾਣ ‘ਤੇ 31 ਮਾਰਚ ਤਕ ਸੇਵਾ ‘ਚ ਵਾਧਾ ਕਰ ਦਿੱਤਾ ਗਿਆ ਹੈ।
ਹੁਕਮਾਂ ਅਨੁਸਾਰ ਭਾਵੇਂ ਉਨ੍ਹਾਂ ਵੱਲੋਂ ਸਕੂਲ ‘ਚ ਕਲਾਸਾਂ ਦੇ ਪੀਰੀਅਡ ਲਗਾਏ ਜਾਂਦੇ ਹਨ ਜਾਂ ਨਹੀਂ, ਵਾਧੇ ਦੇ ਨਿਯਮ ਲਾਗੂ ਹੋਣਗੇ। ਸਿੱਖਿਆ ਮੰਤਰੀ ਹਰਜੋਤ ਬੈਂਸ ਦੀ ਪ੍ਰਵਾਨਗੀ ਨਾਲ ਜਾਰੀ ਹੁਕਮਾਂ ‘ਚ ਕਿਹਾ ਗਿਆ ਹੈ ਕਿ ਵਿਸ਼ਾ ਅੰਕਿਤ ਮਾਮਲੇ ਨੂੰ ਵਿਚਾਰਨ ਉਪਰੰਤ ਇਹ ਸਾਹਮਣੇ ਆਇਆ ਹੈ ਕਿ ‘The Punjab School Teachers’ Extension in Service Act, 2015″ ਇਸ ਲਈ ਲਾਗੂ ਕੀਤਾ ਗਿਆ ਸੀ ਤਾਂ ਜੋ ਸਕੂਲੀ ਬੱਚਿਆਂ ਦਾ ਅਕਾਦਮਿਕ ਸਾਲ ਖ਼ਰਾਬ ਨਾ ਹੋਵੇ।ਇਸ ਐਕਟ ਤਹਿਤ ਮਿਤੀ 31 ਅਗਸਤ ਤੋਂ ਬਾਅਦ ਰਿਟਾਇਰ ਹੋਣ ਵਾਲੇ ਟੀਚਰਾਂ ਨੂੰ 31 ਮਾਰਚ ਤਕ ਦਾ ਵਾਧਾ ਦਿੱਤਾ ਜਾਂਦਾ ਹੈ।
ਇਸ ਐਕਟ ਤਹਿਤ ਪਹਿਲਾਂ ਉਨ੍ਹਾਂ ਪ੍ਰਿੰਸੀਪਲਾਂ ਨੂੰ ਵੀ ਵਾਧਾ ਦਿੱਤਾ ਜਾਂਦਾ ਰਿਹਾ ਹੈ, ਜਿਨ੍ਹਾਂ ਵੱਲੋਂ ਪ੍ਰਸ਼ਾਸਕੀ ਕੰਮਾਂ ਤੋਂ ਇਲਾਵਾ ਅਕਾਦਮਿਕ ਕੰਮਾਂ ਨੂੰ ਵੀ ਦੇਖਿਆ ਜਾਂਦਾ ਹੈ। ਇਹ ਦੇਖਣ ਵਿੱਚ ਆਇਆ ਹੈ ਕਿ ਜਦੋਂ ਪ੍ਰਿੰਸੀਪਲ ਅਕਾਦਮਿਕ ਸੈਸ਼ਨ ਦੌਰਾਨ ਰਿਟਾਇਰ ਹੋ ਜਾਂਦਾ ਹੈ ਤਾਂ ਬੱਚਿਆਂ ਦੀ ਪੜ੍ਹਾਈ ‘ਤੇ ਸਿੱਧੇ ਜਾਂ ਅਸਿੱਧੇ ਤੌਰ ‘ਤੇ ਅਸਰ ਜ਼ਰੂਰ ਪੈਂਦਾ ਹੈ।
ਇਸ ਤੋਂ ਇਲਾਵਾ ਸਿੱਖਿਆ ਵਿਭਾਗ ਵਿੱਚ ਲਗਭਗ 500 ਆਸਾਮੀਆਂ ਪ੍ਰਿੰਸੀਪਲਾਂ ਦੀਆਂ ਖਾਲੀ ਹਨ।