ਭਾਰਤ ਤੇ ਸ੍ਰੀਲੰਕਾ ਦਰਮਿਆਨ ਸ਼ਨਿਚਰਵਾਰ ਤੋਂ ਕਿਸ਼ਤੀ ਸੇਵਾ ਮੁੜ ਬਹਾਲ ਹੋ ਗਈ। ਸ੍ਰੀਲੰਕਾ ’ਚ ਖਾਨਾਜੰਗੀ ਦੇ ਕਾਰਨ ਇਹ ਕਰੀਬ 40 ਸਾਲਾਂ ਤੋਂ ਬੰਦ ਸੀ। ਤਾਮਿਲਨਾਡੂ ਦੇ ਨਾਗਪੱਤਨਮ ਤੇ ਸ੍ਰੀਲੰਕਾ ਦੇ ਉੱਤਰੀ ਸੂਬੇ ’ਚ ਜਾਫਨਾ ਦੇ ਨਜ਼ਦੀਕ ਕਾਂਕੇਸੰਥੁਰਾਈ ਦਰਮਿਆਨ ਇਸ ਅਹਿਮ ਕਿਸ਼ਤੀ ਸੇਵਾ ਦੀ ਸ਼ੁਰੂਆਤ ਹੋਈ। ਇਸਦਾ ਮਕਸਦ ਦੋਵੇਂ ਗੁਆਂਢੀਆਂ ਦਰਮਿਆਨ ਪੁਰਾਤਨ ਸਮੁੰਦਰੀ ਸੰਪਰਕ ਨੂੰ ਸੁਰਜੀਤ ਕਰਨਾ ਹੈ। ਇਸ ਨਾਲ ਦੁਵੱਲੇ ਸਬੰਧਾਂ ਨੂੰ ਮਜ਼ਬੂਤੀ ਮਿਲੇਗੀ। ਕੁਨੈਟੀਵਿਟੀ ਵਧਣ ਦੇ ਨਾਲ ਵਪਾਰ ਨੂੰ ਹੋਰ ਰਫ਼ਤਾਰ ਮਿਲੇਗੀ। ਪਹਿਲੇ ਦਿਨ 50 ਯਾਤਰੀਆਂ ਨੂੰ ਲੈ ਕੇ ‘ਚੇਰੀਆਪਾਣੀ’ ਸ੍ਰੀਲੰਕਾ ਲਈ ਰਵਾਨਾ ਹੋਇਆ।
ਹਾਈ ਸਪੀਡ ਵਾਲੀ ਇਸ ਕਿਸ਼ਤੀ ਸੇਵਾ ਦਾ ਸੰਚਾਲਨ ਸ਼ਿਪਿੰਗ ਕਾਰਪੋਰੇਸ਼ਨ ਆਫ ਇੰਡੀਆ ਕਰ ਰਿਹਾ ਹੈ ਤੇ ਇਸਦੀ ਸਮਰੱਥਾ 150 ਯਾਤਰੀਆਂ ਦੀ ਹੈ। ਅਧਿਕਾਰੀਆਂ ਦੇ ਮੁਤਾਬਕ, ਨਾਗਪੱਤਨਮ ਤੇ ਕਾਂਕੇਸੰਥੁਰਾਈ ਦਰਮਿਆਨ ਲਗਪਗ 60 ਸਮੁੰਦਰੀ ਮੀਲ (110 ਕਿਲੋਮੀਟਰ) ਦੀ ਦੂਰੀ ਸਮੁੰਦਰ ਦੀ ਸਥਿਤੀ ਦੇ ਆਧਾਰ ’ਤੇ ਕਰੀਬ ਸਾਢੇ ਤਿੰਨ ਘੰਟੇ ’ਚ ਤੈਅ ਹੋਵੇਗੀ। ਦੱਸਣਯੋਗ ਹੈ ਕਿ ਨਾਗਪੱਤੀਨਮ ਤੇ ਨਜ਼ਦੀਕੀ ਸ਼ਹਿਰਾਂ ਨੂੰ ਸ੍ਰੀਲੰਕਾ ਸਮੇਤ ਕਈ ਦੇਸ਼ਾਂ ਦੇ ਨਾਲ ਸਮੁੰਦਰੀ ਵਪਾਰ ਲਈ ਜਾਣਿਆ ਜਾਂਦਾ ਹੈ।
ਭਾਰਤ ਤੇ ਸ੍ਰੀਲੰਕਾ ਦਰਮਿਆਨ ਕਿਸ਼ਤੀ ਸੇਵਾ ਨਾਲ ਦੋਵੇਂ ਦੇਸ਼ਾਂ ਵਿਚਾਲੇ ਕੁਨੈਕਟੀਵਿਟੀ ਵਧੇਗੀ, ਵਪਾਰ ਨੂੰ ਰਫ਼ਤਾਰ ਮਿਲੇਗੀ ਤੇ ਲੰਬੇ ਸਮੇਂ ਤੋਂ ਕਾਇਮ ਰਿਸ਼ਤੇ ਹੋਰ ਮਜ਼ਬੂਤ ਹੋਣਗੇ। ਕੁਨੈਕਟੀਵਿਟੀ ਦਾ ਮਤਲਬ ਸਿਰਫ਼ ਦੋ ਸ਼ਹਿਰਾਂ ਨੂੰ ਨਜ਼ਦੀਕ ਲਿਆਉਣਾ ਨਹੀਂ ਹੈ, ਬਲਕਿ ਇਹ ਸਾਡੇ ਦੇਸ਼ਾਂ, ਸਾਡੇ ਲੋਕਾਂ ਤੇ ਸਾਡੇ ਦਿਲਾਂ ਨੂੰ ਕਰੀਬ ਲਿਆਉਂਦੀ ਹੈ।
ਭਾਰਤ ਤੇ ਸ੍ਰੀਲੰਕਾ ਦੇ ਲੋਕਾਂ ’ਚ ਸੰਪਰਕ ਵਧਾਉਣ ਲਈ ਇਹ ਇਕ ਵੱਡਾ ਕਦਮ ਹੈ। ਅਸੀਂ ਭਵਿੱਖ ’ਚ ਗਰਿੱਡ ਕੁਨੈਕਸ਼ਨ, ਪਾਈਪਲਾਈਨ ਤੇ ਆਰਥਿਕ ਗਲਿਆਰੇ ਦੀਆਂ ਸੰਭਾਵਨਾਵਾਂ ਵੀ ਲੱਭ ਰਹੇ ਹਾਂ।
ਐੱਸ ਜੈਸ਼ੰਕਰ, ਵਿਦੇਸ਼ ਮੰਤਰੀ।
ਇਸ ਨਾਲ ਦੋਵੇਂ ਦੇਸ਼ਾਂ ’ਚ ਕੁਨੈਕਟੀਵਿਟੀ, ਵਪਾਰ ਤੇ ਸਭਿਆਚਾਰਕ ਸੰਪਰਕ ’ਚ ਸੁਧਾਰ ਲਿਆਉਣ ’ਚ ਮਦਦ ਮਿਲੇਗੀ। ਕਿਸ਼ਤੀ ਸੇਵਾ ਦੀ ਬਹਾਲੀ ’ਚ ਨਿਭਾਈ ਗਈ ਭੂਮਿਕਾ ਲਈ ਮੋਦੀ ਤੇ ਭਾਰਤੀ ਸ਼ਿਪਿੰਗ ਕਾਰਪੋਰੇਸ਼ਨ ਦਾ ਧੰਨਵਾਦ।