ਭਾਰਤ ਤੋਂ ਬਾਹਰ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੀ ਸਭ ਤੋਂ ਉੱਚੀ ਮੂਰਤੀ ਤੋਂ ਅਮਰੀਕਾ ਦੇ ਮੈਰੀਲੈਂਡ ’ਚ ਰਸਮੀ ਤੌਰ ’ਤੇ ਪਰਦਾ ਚੁੱਕ ਦਿੱਤਾ ਗਿਆ ਹੈ। ਜੈ ਭੀਮ ਦੇ ਜੈਕਾਰਿਆਂ ਦੌਰਾਨ ਅਮਰੀਕਾ ਤੇ ਹੋਰ ਥਾਵਾਂ ਤੋਂ 500 ਤੋਂ ਵੱਧ ਲੋਕ 19 ਫੁੱਟ ਉੱਚੀ ਸਟੈਚਿਊ ਆਫ ਇਕਵੈਲਿਟੀ ਦੇ ਘੁੰਡ ਚੁਕਾਈ ਸਮਾਗਮ ’ਚ ਸ਼ਾਮਿਲ ਹੋਏ। ਭਾਰਤੀ ਬਾਰਿਸ਼ ਵੀ ਉਨ੍ਹਾਂ ਦੇ ਉਤਸ਼ਾਹ ਤੇ ਊਰਜਾ ਨੂੰ ਘੱਟ ਨਾ ਕਰ ਸਕੀ। ਕਈ ਲੋਕ ਇਸ ਪ੍ਰੋਗਰਾਮ ਲਈ ਲੰਬੀ ਯਾਤਰਾ ਕਰ ਕੇ ਪੁੱਜੇ ਸਨ।
ਇਹ ਮੂਰਤੀ ਮਸ਼ਹੂਰ ਕਲਾਕਾਰ ਤੇ ਮੂਰਤੀਕਾਰ ਰਾਮ ਸੁਤਾਰ ਨੇ ਤਿਆਰ ਕੀਤੀ ਹੈ, ਜਿਨ੍ਹਾਂ ਨੇ ਸਰਦਾਰ ਪਟੇਲ ਦੀ ਮੂਰਤੀ ਵੀ ਬਣਾਈ ਸੀ, ਜਿਸ ਨੂੰ ਸਟੈਚਿਊ ਆਫ ਯੂਨਿਟੀ ਕਿਹਾ ਜਾਂਦਾ ਹੈ।
ਅੰਬੇਡਕਰ ਇੰਟਰਨੈਸ਼ਲ ਸੈਂਟਰ (ਏਆਈਸੀ) ਦੇ ਮੁਖੀ ਰਾਮ ਕੁਮਾਰ ਨੇ ਕਿਹਾ ਕਿ ਬਾਬਾ ਸਾਹਿਬ ਦੀ ਮੂਰਤੀ ਦੀ ਘੁੰਡ ਚੁਕਾਈ ਸਬੰਧੀ ਸਮਾਗਮ ’ਚ ਹਿੱਸਾ ਲੈਣ ਦਾ ਇਹ ਮਹਾਨ ਮੌਕਾ ਹੈ। ਇਹ ਅਮਰੀਕਾ ’ਚ ਬਾਬਾ ਸਾਹਿਬ ਦੀ ਸਭ ਤੋਂ ਉੱਚੀ ਮੂਰਤੀ ਹੈ।
ਇਸ ਕਾਰਜ ਨਾਲ ਜੁੜੇ ਦਿਲੀਪ ਮਹਾਸਕੇ ਨੇ ਕਿਹਾ ਕਿ ਸਟੈਚਿਊ ਆਫ ਇਕਵੈਲਿਟੀ 1.4 ਅਰਬ ਭਾਰਤੀਆਂ ਤੇ 4.5 ਮਿਲੀਅਨ ਭਾਰਤੀ ਅਮਰੀਕੀਆਂ ਦੀ ਨੁਮਾਇੰਦਗੀ ਕਰਦੀ ਹੈ। ਉਨ੍ਹਾਂ ਕਿਹਾ ਕਿ ਇਹ ਪੂਰੀ ਤਰ੍ਹਾਂ ਨਾਲ ਕਮਿਊਨਿਟੀ ਯੋਗਦਾਨ ਰਾਹੀਂ ਤਿਆਰ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਇਹ ਮੂਰਤੀ ਨਾ ਸਿਰਫ਼ ਅਮਰੀਕਾ ’ਚ ਰਹਿਣ ਵਾਲੇ ਲੱਖਾਂ ਭਾਰਤੀਆਂ ਨੂੰ ਬਲਕਿ ਸਾਰੇ ਭਾਈਚਾਰਿਆਂ ਨੂੰ ਪ੍ਰੇਰਿਤ ਕਰੇਗੀ।