India News

ਪੁਲਾੜ ਵਿਗਿਆਨ ਦੇ ਖੇਤਰ ’ਚ ਭਾਰਤ ਬਣਿਆ ਮਹਾਸ਼ਕਤੀ: ਅਮਰੀਕੀ ਵਿਗਿਆਨੀਆਂ ਨੇ ਪ੍ਰਗਟਾਈ ਇੱਛਾ, ਪੁਲਾੜ ਤਕਨੀਕ ਸਾਂਝੀ ਕਰੇ ਭਾਰਤ

ਭਾਰਤ ਪੁਲਾੜ ਖੇਤਰ ’ਚ ਮਹਾਸ਼ਕਤੀ ਬਣ ਚੁੱਕਾ ਹੈ। ਅਮਰੀਕੀ ਵਿਗਿਆਨੀ ਵੀ ਚਾਹੁੰਦੇ ਹਨ ਕਿ ਭਾਰਤ ਉਨ੍ਹਾਂ ਨਾਲ ਪੁਲਾੜ ਤਕਨੀਕ ਸਾਂਝੀ ਕਰੇ। ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਮੁਖੀ ਐੱਸ. ਸੋਮਨਾਥ ਨੇ ਐਤਵਾਰ ਨੂੰ ਕਿਹਾ ਕਿ ਅਮਰੀਕੀ ਮਾਹਰਾਂ ਨੇ ਸੁਝਾਅ ਦਿੱਤਾ ਹੈ ਕਿ ਭਾਰਤ ਉਨ੍ਹਾਂ ਨਾਲ ਪੁਲਾੜ ਤਕਨੀਕ ਸਾਂਝੀ ਕਰੇ।

ਸਾਬਕਾ ਰਾਸ਼ਟਰਪਤੀ ਡਾ. ਏਪੀਜੇ ਅਬਦੁਲ ਕਲਾਮ ਦੀ 92ਵੀਂ ਜੈਅੰਤੀ ਮੌਕੇ ਡਾ. ਏਪੀਜੇ ਅਬਦੁਲ ਕਲਾਮ ਫਾਉਂਡੇਸ਼ਨ ਵੱਲੋਂ ਕਰਵਾਏ ਗਏ ਪ੍ਰੋਗਰਾਮ ’ਚ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸੋਮਨਾਥ ਨੇ ਕਿਹਾ ਕਿ ਚੰਦਰਯਾਨ-3 ਮਿਸ਼ਨ ’ਚ ਪੁਲਾੜ ਯਾਨ ਨੂੰ ਡਿਜ਼ਾਈਨ ਤੇ ਵਿਕਸਤ ਕਰਨ ਤੋਂ ਬਾਅਦ ਅਸੀਂ ਜੈੱਟ ਪ੍ਰੋਪਲਸ਼ਨ ਲੈਬੋਰਟਰੀ (ਜੇਪੀਐੱਲ) ਨਾਸਾ ਦੇ ਮਾਹਰਾਂ ਨੂੰ ਸੱਦਾ ਦਿੱਤਾ ਸੀ। ਜੇਪੀਐੱਲ ਤੋਂ ਮਾਹਰ ਇਸਰੋ ਹੈੱਡਕੁਆਰਟਰ ਆਏ। ਇਹ ਸਾਫਟ ਲੈਂਡਿੰਗ (23 ਅਗਸਤ) ਤੋਂ ਪਹਿਲਾਂ ਦੀ ਗੱਲ ਹੈ। ਅਸੀਂ ਉਨ੍ਹਾਂ ਨੂੰ ਚੰਦਰਯਾਨ-3 ਬਾਰੇ ਸਮਝਾਇਆ।

ਅਮਰੀਕੀ ਮਾਹਰਾਂ ਨੇ ਪੁੱਛਿਆ, ਇਹ ਤੁਸੀਂ ਕਿਵੇਂ ਬਣਾਇਆ? ਇਹ ਵਿਗਿਆਨਕ ਯੰਤਰ ਉੱਚ ਤਕਨੀਕ ਵਾਲੇ ਹਨ। ਬਹੁਤ ਸਸਤੇ ਹਨ। ਤੁਸੀਂ ਇਹ ਅਮਰੀਕਾ ਨੂੰ ਕਿਉਂ ਨਹੀਂ ਵੇਚਦੇ? ਜੇਪੀਐੱਲ ਰਾਕੇਟ ਮਿਸ਼ਨ ਨਾਲ ਸਬੰਧਤ ਅਧਿਐਨ ਕਰਦਾ ਹੈ। ਇਸ ਨੂੰ ਨੈਸ਼ਨਲ ਏਅਰੋਨਾਟਿਕਸ ਐਂਡ ਸਪੇਸ ਐਡਮਿਨਿਸਟ੍ਰੇਸ਼ਨ (ਨਾਸਾ) ਤੋਂ ਫੰਡਿੰਗ ਮਿਲਦੀ ਹੈ।

ਸੋਮਨਾਥ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਤੁਸੀਂ ਸਮਝ ਸਕਦੇ ਹੋ ਕਿ ਸਮਾਂ ਕਿਸ ਤਰ੍ਹਾਂ ਬਦਲ ਗਿਆ ਹੈ। ਅਸੀਂ ਭਾਰਤ ’ਚ ਸਰਬੋਤਮ ਯੰਤਰ, ਸਰਬੋਤਮ ਰਾਕੇਟ ਬਣਾਉਣ ’ਚ ਸਮਰੱਥ ਹਾਂ। ਸਿਰਫ਼ ਇਸਰੋ ਹੀ ਨਹੀਂ, ਭਾਰਤ ’ਚ ਅੱਜ ਪੰਜ ਕੰਪਨੀਆਂ ਰਾਕੇਟ ਤੇ ਉਪਗ੍ਰਹਿ ਬਣਾ ਰਹੀਆਂ ਹਨ।

ਸੋਮਨਾਥ ਨੇ ਵਿਦਿਆਰਥੀਆਂ ਨੂੰ ਕਿਹਾ, ਕਲਾਮ ਸਰ ਨੇ ਕਿਹਾ ਸੀ ਕਿ ਤੁਹਾਨੂੰ ਜਾਗਦੇ ਸਮੇਂ ਸੁਪਨੇ ਦੇਖਣੇ ਚਾਹੀਦੇ ਹਨ, ਰਾਤ ਨੂੰ ਨਹੀਂ। ਕੀ ਕਿਸੇ ਨੂੰ ਅਜਿਹੇ ਸੁਪਨੇ ਆਉਂਦੇ ਹਨ? ਕੀ ਕੋਈ ਚੰਦਰਮਾ ’ਤੇ ਜਾਣਾ ਚਾਹੁੰਦਾ ਹੈ? ਜਦੋਂ ਅਸੀਂ ਚੰਦਰਮਾ ’ਤੇ ਚੰਦਰਯਾਨ-3 ਉਤਾਰਿਆ, ਤਾਂ ਮੈਂ ਪ੍ਰਧਾਨ ਮੰਤਰੀ ਮੋਦੀ ਨੂੰ ਦੱਸਿਆ ਕਿ ਭਾਰਤ ਚੰਦਰਮਾ ’ਤੇ ਹੈ। ਉਨ੍ਹਾਂ ਪੁੱਛਿਆ ਕਿ ਤੁਸੀਂ ਕਿਸੇ ਭਾਰਤੀ ਨੂੰ ਚੰਦਰਮਾ ’ਤੇ ਕਦੋਂ ਭੇਜਣ ਜਾ ਰਹੇ ਹੋ। ਇੱਥੇ ਬੈਠੇ ਤੁਹਾਡੇ ਲੋਕਾਂ ’ਚੋਂ ਕੁਝ ਲੋਕ ਰਾਕੇਟ ਡਿਜ਼ਾਈਨ ਕਰਨਗੇ ਤੇ ਚੰਦਰਮਾ ’ਤੇ ਜਾਣਗੇ।

ਚੰਦਰਯਾਨ-10 ਮਿਸ਼ਨ ’ਚ ਚੰਨ ’ਤੇ ਜਾਵੇਗੀ ਇਕ ਬੱਚੀ

ਸੋਮਨਾਥ ਨੇ ਕਿਹਾ ਕਿ ਚੰਦਰਯਾਨ-10 ਮਿਸ਼ਨ ਦੌਰਾਨ ਤੁਹਾਡੇ ’ਚੋਂ ਕੋਈ ਇਕ ਰਾਕੇਟ ਦੇ ਅੰਦਰ ਬੈਠੇਗਾ ਤੇ ਸੰਭਵ ਹੈ ਇਕ ਬੱਚੀ ਹੋਵੇਗੀ। ਇਹ ਬੱਚੀ ਪੁਲਾੜ ਯਾਤਰੀ ਚੰਦਰਮਾ ’ਤੇ ਉਤਰੇਗੀ। ਚੰਦਰਯਾਨ-3 ਮਿਸ਼ਨ ’ਚ ਭਾਰਤ ਨੇ ਚੰਦਰਮਾ ਦੇ ਦੱਖਣੀ ਧਰੁਵ ’ਤੇ ਸਾਫਟ ਲੈਂਡਿੰਗ ਕਰ ਕੇ ਇਤਿਹਾਸ ਰਚ ਦਿੱਤਾ ਹੈ।

21 ਅਕਤੂਬਰ ਨੂੰ ਟੀਵੀ-ਡੀ1 ਤੋਂ ਬਾਅਦ ਤਿੰਨ ਹੋਰ ਪ੍ਰੀਖਣ ਉਡਾਣ ਲਾਂਚ ਕਰੇਗਾ ਇਸਰੋ

ਇਸ ਤੋਂ ਪਹਿਲਾਂ ਸੋਮਨਾਥ ਨੇ ਸ਼ਨਿਚਰਵਾਰ ਨੂੰ ਇਕ ਪ੍ਰੋਗਰਾਮ ’ਚ ਕਿਹਾ ਕਿ ਗਗਨਯਾਨ ਮਿਸ਼ਨ ਤਹਿਤ 21 ਅਕਤੂਬਰ ਨੂੰ ਪਹਿਲੀ ਪ੍ਰੀਖਣ ਉਡਾਣ ਜ਼ਰੀਏ ਕਰੂ ਐਸਕੇਪ ਸਿਸਟਮ ਦਾ ਇਨਫਲਾਈਟ ਏਬਾਰਟ ਟੈਸਟ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਹਿਲੀ ਪ੍ਰੀਖਣ ਉਡਾਣ ਤੋਂ ਬਾਅਦ ਅਸੀਂ ਤਿੰਨ ਹੋਰ ਪ੍ਰੀਖਣ ਮਿਸ਼ਨਾਂ, ਡੀ2, ਡੀ3, ਡੀ4 ਦੀ ਯੋਜਨਾ ਬਣਾਈ ਹੈ। ਇਸ ਦਾ ਉਦੇਸ਼ ਗਗਨਯਾਨ ਮਿਸ਼ਨ ਦੌਰਾਨ ਪੁਲਾੜ ਯਾਤਰੀਆਂ ਦੀ ਸੁਰੱਖਿਆ ਯਕੀਨੀ ਬਣਾਉਣਾ ਹੈ। ਗਗਨਯਾਨ ਮਿਸ਼ਨ ਤਹਿਤ ਤਿੰਨ ਪੁਲਾੜ ਯਾਤਰੀਆਂ ਦੇ ਦਲ ਨੂੰ 400 ਕਿਮੀ ਦੇ ਪੰਧ ’ਚ ਲਿਜਾਇਆ ਜਾਵੇਗਾ। ਇਸ ਤੋਂ ਬਾਅਦ ਉਨ੍ਹਾਂ ਨੂੰ ਸੁਰੱਖਿਅਤ ਧਰਤੀ ’ਤੇ ਵਾਪਸ ਲਿਆ ਕੇ ਭਾਰਤ ਮਨੁੱਖੀ ਪੁਲਾੜ ਉਡਾਣ ਸਮਰਥਾ ਦਾ ਪ੍ਰਦਰਸ਼ਣ ਕਰੇਗਾ।

ਜਨਵਰੀ ਦੇ ਮੱਧ ਤੱਕ ਲੈਂਗ੍ਰੇਜ ਪੁਆਇੰਟ 1 ’ਤੇ ਪੁੱਜੇਗਾ ਆਦਿੱਤਿਆ-ਐੱਲ 1

ਸੋਮਨਾਥ ਨੇ ਕਿਹਾ ਕਿ ਭਾਰਤ ਦਾ ਪਹਿਲਾ ਸੂਰਜ ਮਿਸ਼ਨ ‘ਆਦਿੱਤਿਆ ਐੱਲ1’ ਜਨਵਰੀ ਦੇ ਮੱਧ ਤੱਕ ਲੈਂਗ੍ਰੇਜ ਪੁਆਇੰਟ (ਐੱਲ1) ’ਤੇ ਪੁੱਜ ਜਾਵੇਗਾ। ਇਹ ਬਹੁਤ ਚੰਗੀ ਤਰ੍ਹਾਂ ਕੰਮ ਕਰ ਰਿਹਾ ਹੈ। ਸੂਰਜ ਦਾ ਅਧਿਐਨ ਕਰਨ ਲਈ ਇਸ ’ਚ ਸੱਤ ਪੇਲੋਡ ਲੱਗੇ ਹਨ। ਐੱਲ1 ਪੁਲਾੜ ’ਚ ਸਥਿਤ ਉਹ ਸਥਾਨ ਹੈ, ਜਿੱਥੇ ਸੂਰਜ ਤੇ ਧਰਤੀ ਦਾ ਗੁਰਤਾਬਲ ਬਰਾਬਰ ਹੁੰਦਾ ਹੈ।

Video