ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ 25 ਨਾਮਜ਼ਦ ਵਿਅਕਤੀਆਂ ਦੀ ਪੇਸ਼ੀ ਸੀ ਜਿਨਾਂ ਦੇ ਵਿੱਚੋਂ 22 ਨੂੰ ਵੀਡੀਓ ਕਾਨਫਰੰਸਿੰਗ ਜ਼ਰੀਏ ਪੇਸ਼ ਕੀਤਾ ਗਿਆ। ਜਦੋਂ ਕਿ ਕਪਿਲ ਪੰਡਿਤ ਸਚਿਨ ਬਿਵਾਨੀ ਤੇ ਜੱਗੂ ਭਗਵਾਨਪੁਰੀਏ ਨੂੰ ਪੇਸ਼ ਨਹੀਂ ਕੀਤਾ ਗਿਆ ਅਤੇ ਅਗਲੀ ਪੇਸ਼ੀ 2 ਨਵੰਬਰ 2023 ਨੂੰ ਤੈਅ ਕੀਤੀ ਗਈ ਹੈ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਕੋਰਟ ਪਹੁੰਚੇ ਹੋਏ ਸਨ।
ਸਿੱਧੂ ਮੂਸੇਵਾਲਾ ਕਤਲ ਮਾਮਲੇ ਦੀ ਪੇਸ਼ੀ ਦੇ ਦੌਰਾਨ ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਖੁਦ ਮਾਨਯੋਗ ਅਦਾਲਤ ਦੇ ਵਿੱਚ ਜੱਜ ਸਾਹਮਣੇ ਪੇਸ਼ ਹੋਏ। ਉਹਨਾਂ ਨੇ ਹੱਥ ਜੋੜ ਕੇ ਅਪੀਲ ਕੀਤੀ ਕਿ ਬਹੁਤ ਲੰਬਾ ਸਮਾਂ ਹੋ ਗਿਆ ਜੀ ਇਨਸਾਫ ਦੇ ਦਿਓ ਤਾਂ ਮਾਨਯੋਗ ਅਦਾਲਤ ਨੇ ਵੀ ਅੱਗੋਂ ਉਹਨਾਂ ਨੂੰ ਇਨਸਾਫ ਦੇਣ ਦਾ ਭਰੋਸਾ ਦਿੱਤਾ ਹੈ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਦੱਸਿਆ ਕਿ ਹਰ ਵਾਰ ਦੀ ਤਰ੍ਹਾਂ ਇਸ ਵਾਰ ਜ਼ਿਆਦਾ ਆਸ ਸੀ ਕਿ ਸ਼ਾਇਦ ਦੋਸ਼ੀਆਂ ਨੂੰ ਫਿਜੀਕਲ ਤੌਰ ‘ਤੇ ਪੇਸ਼ ਕੀਤਾ ਜਾਵੇਗਾ। ਪਰ ਇਸ ਵਾਰ ਵੀ ਉਹਨਾਂ ਨੂੰ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਵੀ ਸਾਰਿਆਂ ਨੂੰ ਪੇਸ਼ ਨਹੀਂ ਕੀਤਾ ਗਿਆ।
ਉਹਨਾਂ ਕਿਹਾ ਕਿ ਹੁਣ ਤੱਕ 22 ਦੀ ਵੀਡੀਓ ਕਾਨਫਰੰਸਿੰਗ ਜਰੀਏ ਪੇਸ਼ੀ ਹੋ ਚੁੱਕੀ ਹੈ ਜਦੋਂ ਕਿ ਤਿੰਨ ਅਜੇ ਤੱਕ ਟਰੇਸ ਨਹੀਂ ਹੋਏ ਕਿ ਕਿਸ ਜੇਲ ਦੇ ਵਿੱਚ ਬੰਦ ਹਨ ਜਿਨਾਂ ਦੇ ਵਿੱਚ ਕਪਿਲ ਪੰਡਿਤ ਸਚਿਨ ਬਿਵਾਨੀ ਤੇ ਜੱਗੂ ਭਗਵਾਨਪੁਰੀਆ । ਉਹਨਾਂ ਕਿਹਾ ਕਿ ਲਾਰੈਂਸ ਬਿਸ਼ਨੋਈ ਤਾਂ ਵਰਤ ਹੋਣ ਦੇ ਕਾਰਨ ਮੌਨ ਧਾਰ ਕੇ ਹੀ ਕੋਰਟ ਦੇ ਵਿੱਚ ਪੇਸ਼ ਹੋਇਆ ਅਤੇ ਉਸ ਵੱਲੋਂ ਕੁਝ ਵੀ ਕੋਰਟ ਦੇ ਅੱਗੇ ਨਹੀਂ ਬੋਲਿਆ ਗਿਆ । ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਮਾਨਯੋਗ ਅਦਾਲਤ ‘ਤੇ ਪੂਰਾ ਭਰੋਸਾ ਹੈ। ਉਹਨਾਂ ਕਿਹਾ ਕਿ ਕੇਸ ਦੀ ਅਗਲੀ ਤਰੀਕ 2 ਨਵੰਬਰ 2023 ਨੂੰ ਰੱਖੀ ਗਈ ਹੈ।