‘ਮੈਂ ਪੰਜਾਬ ਬੋਲਦਾ ਹਾਂ’ ਨਾਮ ‘ਤੇ ਰੱਖੀ ਸਿਆਸੀ ਡਿਬੇਟ ਵਿਚ ਡਾਕਟਰ ਮਨਮੋਹਨ ਸਿੰਘ ਆਡੀਟੋਰੀਅਮ ਹਾਲ ਵਿੱਚ ਹਾਜ਼ਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ ਦੀਆਂ ਕੁਰਸੀਆਂ ਖਾਲੀ ਸਨ। ਸਰਕਾਰ ਵੱਲੋਂ ਐਸਵਾਈਐਲ ਸਮੇਤ ਹੋਰ ਅਹਿਮ ਮੁੱਦਿਆਂ ਤੇ ਖੁੱਲੀ ਬਹਿਸ ਲਈ ਵੱਖ-ਵੱਖ ਰਾਜਨੀਤਿਕ ਦਲਾਂ ਦੇ ਆਗੂਆਂ ਅਤੇ ਆਮ ਲੋਕਾਂ ਨੂੰ ਸੱਦਾ ਦਿੱਤਾ ਗਿਆ ਸੀ, ਪਰ ਵਿਰੋਧੀਆਂ ਵੱਲੋਂ ਸਾਂਝੇ ਤੌਰ ਤੇ ਇਸ ਡਿਬੇਟ ਤੋਂ ਕਿਨਾਰਾ ਕਰ ਲਿਆ ਗਿਆ।
ਭਗਵੰਤ ਮਾਨ ਨੇ ਆਪਣੇ ਸੰਬੋਧਨ ਦੌਰਾਨ ਸਭ ਤੋਂ ਪਹਿਲਾਂ ਪਾਣੀਆਂ ਦੇ ਮੁੱਦੇ ‘ਤੇ ਆਪਣੇ ਵਿਚਾਰ ਪ੍ਰਗਟ ਕੀਤੇ ਅਤੇ ਫਿਰ ਟਰਾਂਸਪੋਰਟ ਉਪਰ ਬਾਦਲ ਪਰਿਵਾਰ ਦੇ ਕਬਜ਼ੇ ਨੂੰ ਲੈ ਕੇ ਤਿੱਖੇ ਸਵਾਲ ਦਾਗੇ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਡਾਕਟਰ ਮਨਮੋਹਨ ਸਿੰਘ ਆਡੀਟੋਰੀਅਮ ਵਿਖੇ ਅੱਜ ਮਹਾ ਡਿਬੇਟ ਦੌਰਾਨ ਆਪਣੇ ਸੰਬੋਧਨ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਤਲੁਜ ਯਮੁਨਾ ਲਿੰਕ (ਐਸਵਾਈਐਲ) ਦੀ ਥਾਂ ‘ਤੇ ਨਹਿਰ ਦਾ ਨਾਮ ਯਮੁਨਾ ਸਤਲੁਜ ਲਿੰਕ(ਵਾਈਐਸਐਲ) ਰੱਖਿਆ ਜਾਵੇ ਤਾਂ ਜੋ ਯਮੁਨਾ ਤੋਂ ਆਉਣ ਵਾਲਾ ਪਾਣੀ ਹਰਿਆਣਾ ਨੂੰ ਮਿਲ ਸਕੇ ਅਤੇ ਉਸਦਾ ਹਿੱਸਾ ਪੰਜਾਬ ਕੋਲ ਵੀ ਆ ਸਕੇ। ਮੁੱਖ ਮੰਤਰੀ ਨੇ ਪੰਜਾਬ ਦੀਆਂ ਵੱਖ-ਵੱਖ ਸਰਕਾਰਾਂ ਵੱਲੋਂ ਐਸ ਵਾਈ ਐਲ ਨਹਿਰ ਬਾਰੇ ਚੁੱਕੇ ਗਏ ਕਦਮਾਂ ਬਾਰੇ ਵੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।
ਬਹਾਨੇ ਬਣਾ ਕੇ ਬਹਿਸ ਤੋਂ ਭੱਜੇ ਵਿਰੋਧੀ-ਮਾਨ
ਮਹਾਡਿਬੇਟ ਵਿੱਚ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ ਨੇ ਲਾਈਵ ਟੈਲੀਕਾਸਟ ਵੇਖਣ ਵਾਲਿਆਂ ਦਾ ਧੰਨਵਾਦ ਕੀਤਾ ਜੋ ਇਸ ਇਤਿਹਾਸਕ ਪਲ ਦੇ ਗਵਾਹ ਬਣੇ ਹਨ।
ਉਨ੍ਹਾਂ ਕਿਹਾ ਕਿ ਰਾਜ ਸੱਤਾ ਵਿੱਚ ਰਹੇ ਲੋਕਾਂ ਨੇ ਅਜਿਹੇ ਫੈਸਲੇ ਕੀਤੇ ਜੋ ਰੋਗਟੇ ਖੜੇ ਕਰਨ ਵਾਲੇ ਹਨ। ਉਨ੍ਹਾਂ ਕਿਹਾ ਕਿ ਇਹ ਕੇਵਲ ਉਨ੍ਹਾਂ ਨਾਲ ਡਿਬੇਟ ਹੈ ਜਿਨ੍ਹਾਂ ਨੇ ਰਾਜ ਕੀਤਾ। ਉਨ੍ਹਾਂ ਕਿਹਾ ਕਿ ਇਹ ਬਹਿਸ ਜਿੱਤ ਜਾਂ ਹਾਰ ਨਹੀਂ ਸਗੋਂ ਸੂਖਮ ਮੁੱਦਿਆਂ ‘ਤੇ ਵਿਚਾਰ ਚਰਚਾ ਹੈ। ਉਨ੍ਹਾਂ ਬਹਾਨੇ ਲਾਉਂਦੇ-ਲਾਉਂਦੇ ਵਿਰੋਧੀ ਇਸ ਗੱਲ ‘ਤੇ ਪਹੁੰਚ ਗਏ ਕਿ ਉਹ ਇਸ ਮਹਾਬਹਿਸ ਦਾ ਹਿੱਸਾ ਨਹੀਂ ਬਨਣਗੇ। ਪਹਿਲੀ ਵਾਰ ਹੋਇਆ ਕਿ ਰਾਜ ਕਰਨ ਵਾਲੀਆਂ ਪਾਰਟੀਆਂ ਸੱਤਾ ਤੋਂ ਬਾਹਰ ਹੋਈਆਂ ਅਤੇ ਲੋਕਾਂ ਨੇ ਪੁੱਛਿਆ ਕਿ ਤੁਸੀਂ ਕੀ- ਕੀ ਫੈਸਲੇ ਕੀਤੇ। ਐੱਸਵਾਈਐੱਲ ਤੋਂ ਬਹਿਸ ਦੀ ਸ਼ੁਰੂਆਤ ਕਰਦੇ ਹੋਏ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸਭ ਤੋਂ ਵੱਧ ਧੱਕਾ ਪੰਜਾਬ ਨਾਲ ਹੋਇਆ।
ਮਾਨਸਾ ਤੇ ਸਰਦੂਲਗੜ੍ਹ ਨੂੰ ਪਹਿਲੀ ਵਾਰ ਦਵਾਇਆ ਹੱਕੀ ਪਾਣੀ -ਮਾਨ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਆਡੇਟੋਰੀਅਮ ਵਿੱਚ ਆਮ ਲੋਕਾਂ ਨਾਲ ਰੂਬਰੂ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦਾਅਵਾ ਕੀਤਾ ਕਿ ਹੁਣ ਤੱਕ ਪੰਜਾਬ ਦਾ ਪਾਣੀ ਹਰਿਆਣਾ ਤੋਂ ਹੋ ਕੇ ਮਾਨਸਾ ਸਰਦੂਲਗੜ ਇਲਾਕਿਆਂ ਨੂੰ ਜਾਣਾ ਚਾਹੀਦਾ ਸੀ ਪਰ ਪਿਛਲੀਆਂ ਸਰਕਾਰਾਂ ਨੇ ਇਹ ਪਾਣੀ ਹਰਿਆਣਾ ਕੋਲ ਜਾਣ ਮਗਰੋਂ ਇਹਨਾਂ ਦੋ ਇਲਾਕਿਆਂ ਲਈ ਆਪਣੇ ਪਾਣੀ ਦੀ ਵਾਪਸੀ ਲਈ ਹੱਕ ਨਹੀਂ ਜਤਾਇਆ। ਕਈ ਸਾਲ ਪਹਿਲਾਂ ਹੋਏ ਇੱਕ ਸਮਝੌਤੇ ਤਹਿਤ ਪੰਜਾਬ ਦਾ ਇਹ ਪਾਣੀ ਰਸਤੇ ਵਿੱਚ ਹਰਿਆਣਾ ਦੇ ਕੁਝ ਇਲਾਕੇ ਆਉਣ ਕਾਰਨ ਹਰਿਆਣਾ ਵਿੱਚ ਦੀ ਹੋ ਕੇ ਪੰਜਾਬ ਦੇ ਇਹਨਾਂ ਦੋ ਇਲਾਕਿਆਂ ਨੂੰ ਮਿਲਣਾ ਚਾਹੀਦਾ ਸੀ। ਮੁੱਖ ਮੰਤਰੀ ਮਾਨ ਨੇ ਦਾਅਵਾ ਕੀਤਾ ਕਿ ਕਈ ਸਰਕਾਰਾਂ ਦੀ ਢਿੱਲੀ ਕਾਰਗੁਜ਼ਾਰੀ ਦੀ ਵਜ੍ਹਾ ਨਾਲ ਇਹਨਾਂ ਦੋਨਾਂ ਇਲਾਕਿਆਂ ਨੂੰ ਇਹ ਹੱਕੀ ਪਾਣੀ ਕਦੇ ਵੀ ਨਹੀਂ ਸੀ ਮਿਲਿਆ ਜਦ ਕਿ ਇਸ ਵਾਰ ਸੂਬਾ ਸਰਕਾਰ ਨੇ ਇਨ੍ਹਾਂ ਇਲਾਕਿਆਂ ਦਾ ਹੱਕੀ ਪਾਣੀ ਸਰਦੂਲਗੜ੍ਹ ਅਤੇ ਮਾਨਸਾ ਨੂੰ ਕਾਨੂੰਨੀ ਢੰਗ ਨਾਲ ਹਰਿਆਣਾ ਤੋਂ ਦਿਵਾਇਆ।
ਬਾਦਲ ਸਰਕਾਰ ਨੇ ਨਿੱਜੀ ਹਿੱਤਾਂ ਨੂੰ ਜਨਤਕ ਹਿੱਤਾਂ ਨਾਲੋਂ ਵੱਧ ਦਿੱਤਾ ਮਹੱਤਵ- ਮੁੱਖ ਮੰਤਰੀ
ਮੁੱਖ ਮੰਤਰੀ ਨੇ ਕਿਹਾ ਕਿ ਸੰਨ 1998 ਵਿੱਚ ਜਦੋਂ ਪ੍ਰਕਾਸ਼ ਬਾਦਲ ਮੁੜ ਮੁੱਖ ਮੰਤਰੀ ਬਣੇ ਉਨ੍ਹਾਂ ਹਰਿਆਣਾ ਨੂੰ ਹੋਰ ਪਾਣੀ ਦੇਣ ਦੀ ਮਨਸ਼ਾ ਨਾਲ ਬੀਐੱਮਐੱਲ ਨਹਿਰ ਦੇ ਬੈਂਕ ਨੂੰ ਔਸਤਨ ਇੱਕ ਫੁੱਟ ਉੱਚਾ ਕੀਤਾ ਅਤੇ ਇਸ ਲਈ 45 ਕਰੋੜ ਰੁਪਏ ਵੀ ਹਰਿਆਣਾ ਤੋਂ ਲਏ। ਇਹ ਕੇਵਲ ਉਨ੍ਹਾਂ ਨੇ ਆਪਣੇ ਬਾਲਾਸਰ ਫਾਰਮ ਜੋ ਹਰਿਆਣਾ ਵਿੱਚ ਹੈ, ਲਈ ਕੀਤਾ। ਇਸ ਤਰ੍ਹਾਂ ਬਾਦਲ ਸਰਕਾਰ ਨੇ ਆਪਣੇ ਹਿੱਤਾ ਲਈ ਹਰਿਆਣਾ ਨੂੰ ਪਾਣੀ ਦਿੱਤਾ ਅਤੇ ਹਰਿਆਣਾ ਨੇ ਨਹਿਰਾਂ ਬਣਾ ਕੇ ਇੰਨ੍ਹਾਂ ਦੇ ਫਾਰਮ ਨੂੰ ਪਾਣੀ ਦਿੱਤਾ। ਇਸ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਉਸ ਸਮੇਂ ਦੀ ਅਕਾਲੀ ਸਰਕਾਰ ਪੰਜਾਬ ਦੇ ਲੋਕਾਂ ਦੇ ਹਿੱਤਾਂ ਨਾਲ ਧੋਖਾ ਕਰ ਰਹੀ ਸੀ। ਨਿੱਜੀ ਹਿੱਤਾਂ ਨੂੰ ਜਨਤਕ ਹਿੱਤਾਂ ਨਾਲੋਂ ਵੱਧ ਮਹੱਤਵ ਦਿੱਤਾ ਗਿਆ।
ਖਾੜਕੂਵਾਦ ਕਾਰਨ ਹੋਏ ਨੁਕਸਾਨ ਲਈ ਅਕਾਲੀ ਦਲ ਤੇ ਕਾਂਗਰਸ ਜ਼ਿੰਮੇਵਾਰ- ਮਾਨ
ਮਹਾਡਿਬੇਟ ਦੌਰਾਨ ਪੰਜਾਬ ਵਿੱਚ ਆਏ ਕਾਲੇ ਦੌਰ ਦੀ ਗੱਲ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਖਾੜਕੂਵਾਦ ਕਾਰਨ ਹੋਏ ਨੁਕਸਾਨ ਲਈ ਸ੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਬਰਾਬਰ ਦੀਆਂ ਜ਼ਿੰਮੇਵਾਰ ਹਨ। ਵੱਖ ਵੱਖ ਮੁੱਦਿਆਂ ਨੂੰ ਲੈ ਕੇ ਉਨ੍ਹਾਂ ਵਿਰੋਧੀਆਂ ਤੇ ਹੋਰ ਨਿਸ਼ਾਨੇ ਵੀ ਸਾਧੇ।
ਪੰਜਾਬ ਸਿਰ ਚੜ੍ਹੇ ਲੱਖਾਂ ਕਰੋੜ ਦੇ ਕਰਜ਼ੇ ‘ਤੇ ਪ੍ਰਗਟਾਈ ਚਿੰਤਾ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਾਂਗਰਸ ਅਤੇ ਅਕਾਲੀ ਸਰਕਾਰਾਂ ਤੋਂ ਆਪਣੇ ਸਵਾਲ ਕੀਤੇ ਕਿ ਇਨ੍ਹਾਂ ਦੀ ਦੋ ਵਾਰ ਬਣੀ ਸਰਕਾਰ ਦੌਰਾਨ ਪੰਜਾਬ ਦੇ ਸਿਰ ਚੜ੍ਹੇ ਦੋ ਲੱਖ ਕਰੋੜ ਰੁਪਏ ਦਾ ਹਿਸਾਬ ਦਿੱਤਾ ਜਾਵੇ। ਉਨ੍ਹਾਂ ਪੁੱਛਿਆ ਕਿ ਦੋਵੇਂ ਸਰਕਾਰਾਂ ਨੇ ਨਾ ਤਾਂ ਪੰਜਾਬ ਲਈ ਕੋਈ ਅਜਿਹਾ ਪ੍ਰੋਜੈਕਟ ਲਗਾਇਆ ਜਿਸ ਨਾਲ ਪੰਜਾਬ ਨੂੰ ਆਮਦਨ ਦੀ ਵਾਪਸੀ ਹੋਵੇ ਤਾਂ ਫਿਰ ਬੈਠੇ ਬਿਠਾਏ ਖਜ਼ਾਨਾ ਖਾਲੀ ਹੋਣ ਦਾ ਦਾਅਵਾ ਕਰਨ ਵਾਲੀਆਂ ਸਰਕਾਰਾਂ ਨੇ ਪੰਜਾਬ ਸਿਰ ਇੰਨਾ ਵੱਡਾ ਕਰਜ਼ਾ ਕਿਵੇਂ ਚੜ੍ਹਾਇਆ। ਉਨ੍ਹਾਂ ਹੈਰਾਨੀ ਪ੍ਰਗਟ ਕੀਤੀ ਕਿ ਇਨ੍ਹਾਂ ਸਰਕਾਰਾਂ ਨੂੰ ਕਦੇ ਸੂਬੇ ਦੇ ਗਵਰਨਰ ਨੇ ਕਰਜ਼ਾ ਚੁੱਕਣ ਲਈ ਕਦੇ ਚਿੱਠੀ ਜਵਾਬ ਤੱਕ ਕਿਉਂ ਨਹੀਂ ਮੰਗਿਆ। ਦੂਜੇ ਪਾਸੇ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਮਗਰੋ ਬਿਜਲੀ ਮੁਫਤ ਦੇਣ ਦੇ ਬਾਵਜੂਦ ਪੰਜਾਬ ਦਾ ਖਜਾਨਾ ਆਉਣ ਵਾਲੇ ਸਮੇਂ ਵਿੱਚ ਵੱਡੇ ਪ੍ਰੋਜੈਕਟਾਂ ਲਈ ਭਰਪੂਰ ਹੈ। ਆਉਣ ਵਾਲੇ ਸਮੇਂ ਵਿੱਚ ਸੂਬਾ ਸਰਕਾਰ ਕੋਲੇ ਹਜ਼ਾਰਾਂ ਨੌਜਵਾਨਾਂ ਨੂੰ ਨਵੀਆਂ ਨੌਕਰੀਆਂ ਦੇਣ ਲਈ ਲੋੜੀਂਦਾ ਬਜਟ ਮੌਜੂਦ ਹੈ।
ਭਗਵੰਤ ਮਾਨ ਨੇ ਗਿਣਾਈਆਂ ਸਰਕਾਰ ਦੀਆਂ ਪ੍ਰਾਪਤੀਆਂ
ਸਰਕਾਰ ਦੀਆਂ ਪ੍ਰਾਪਤੀਆਂ ਗਿਣਾਉਂਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਸਰਕਾਰ ਦੇ ਖਜਾਨੇ ਦੀ ਗੱਲ ਵੀ ਕੀਤੀ ਅਤੇ ਕਿਹਾ ਕਿ ਜੇਕਰ ਅੱਜ ਕੁੱਝ ਹੋਰ ਨੌਕਰੀਆਂ ਕੱਢ ਦਿੱਤੀਆਂ ਜਾਣ ਤਾਂ ਸਰਕਾਰ ਤਨਖਾਹ ਦੇ ਸਕਦੀ ਹੈ। ਉਨ੍ਹਾਂ ਕਿਹਾ ਕਿ ਹਰ ਨੌਕਰੀ ਮੈਰਿਟ ਦੇ ਆਧਾਰ ‘ਤੇ ਦਿੱਤੀ ਜਾ ਰਹੀ ਹੈ। ਨਸ਼ਿਆਂ ਨੂੰ ਖਤਮ ਕਰਨ ਦੀ ਗੱਲ ਕਰਦੇ ਹੋਏ ਮਾਨ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਹੀ ਹਰਿਮੰਦਰ ਸਾਹਿਬ ਵਿਖੇ ਅਰਦਾਸ ਵੀ ਕੀਤੀ ਗਈ। ਉਨ੍ਹਾਂ ਕਿਹਾ ਕਿ ਸਰਕਾਰ ਕੰਮ ਵਾਲੇ ਮਨ ਰੱਖਣਾ ਚਾਹੁੰਦੀ ਹੈ ਵਿਹਲੇ ਨਹੀ ਕਿਉਂ ਕਿ ਵਿਹਲਾ ਮਨ ਸ਼ੈਤਾਨ ਦਾ ਘਰ ਹੁੰਦਾ ਹੈ। ਕਰੱਪਸ਼ਨ ਦੀ ਗੱਲ ਕਰਦੇ ਹੋਏ ਮਾਨ ਨੇ ਕਿਹਾ ਕਿ ਕਰੱਪਸ਼ਨ ਕਰਨ ਦੇ ਤਰੀਕਿਆਂ ਨੂੰ ਵੇਖ ਕੇ ਕਈ ਵਾਰ ਉਨ੍ਹਾਂ ਦਾ ਸਿਰ ਵੀ ਚਕਰਾ ਜਾਂਦਾ ਹੈ। ਉਨ੍ਹਾਂ ਇੱਕ ਤਹਿਸੀਲਦਾਰ ਵੱਲੋਂ ਅਪਣਾਏ ਅਜਿਹੇ ਤਰੀਕੇ ਦੀ ਗੱਲ ਵੀ ਸਾਂਝੀ ਕੀਤੀ।
ਸੂਬੇ ਵਿੱਚ ਲਿਆਂਦੇ ਜਾਣਗੇ ਵੱਡੇ ਕਾਰੋਬਾਰੀ ਪ੍ਰੋਜੈਕਟ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦਾਅਵਾ ਕੀਤਾ ਕਿ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਦੇਸ਼ ਦੇ ਵੱਡੇ ਉਦਯੋਗਿਕ ਘਰਾਣਿਆਂ ਨੂੰ ਪੰਜਾਬ ਵਿੱਚ ਯੂਨਿਟ ਲਗਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਜਲਦੀ ਹੀ ਅੰਤਰਰਾਸ਼ਟਰੀ ਪੱਧਰ ਤੇ ਘਰਾਣੇ ਪੰਜਾਬ ਵਿੱਚ ਵੱਡੇ ਯੂਨਿਟ ਲਗਾਉਣ ਜਾ ਰਹੇ ਹਨ। ਕੱਚੇ ਮਾਲ ਦੀ ਜਰੂਰਤ ਪੂਰਾ ਕਰਨ ਲਈ ਪੰਜਾਬ ਦੀ ਖੇਤੀਬਾੜੀ ਨੂੰ ਨਵੇਂ ਤਜਰਬਿਆਂ ਲਈ ਤਿਆਰ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਐਮਐਸਐਮਈ ਲਈ ਸਭ ਤੋਂ ਵੱਧ ਪੰਜਾਬ ਸੂਬੇ ਵਿੱਚ ਰਜਿਸਟਰੇਸ਼ਨ ਹੋਣਾ ਸਰਕਾਰ ਦੀ ਛੋਟੇ ਉਦਯੋਗ ਪ੍ਰਫੁੱਲਤ ਕਰਨ ਦੀ ਚੰਗੀ ਨੀਅਤ ਦਾ ਹਵਾਲਾ ਦਿੰਦਾ ਹੈ। ਕਿਸਾਨ ਕੇਚਪ ਬਣਾਉਣ ਵਾਲੀ ਕੰਪਨੀ ਨੂੰ ਟਮਾਟਰ ਦੀ ਜਰੂਰਤ ਪੂਰੀ ਕਰਨ ਲਈ ਨਾਸਕ ਤੋਂ ਵਧੇਰੇ ਟਮਾਟਰ ਮੰਗਵਾਉਣਾ ਪੈਂਦਾ ਹੈ। ਜਲਦੀ ਹੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਰਾਂ ਨਾਲ ਮਿਲ ਕੇ ਪੰਜਾਬ ਦੇ ਕਿਸਾਨਾਂ ਨੂੰ ਇਕ ਸਾਲ ਵਿੱਚ ਟਮਾਟਰ ਦੀਆਂ ਤਿੰਨ ਫਸਲਾਂ ਲੈਣ ਲਈ ਤਿਆਰ ਕੀਤਾ ਜਾਵੇਗਾ। ਅਜਿਹਾ ਕਰਨ ਨਾਲ ਜਿੱਥੇ ਕਿਸਾਨਾਂ ਦੀ ਆਮਦਨ ਵਧੇਗੀ ਉਥੇ ਲੱਖਾਂ ਦੇ ਹਿਸਾਬ ਨਾਲ ਨੌਜਵਾਨਾਂ ਨੂੰ ਨਵੇਂ ਉਦੋਗ ਲੱਗਣ ਕਾਰਨ ਰੋਜ਼ਗਾਰ ਦੇ ਮੌਕੇ ਮਿਲਣਗੇ। ਸੂਬੇ ਵਿੱਚ ਕਿਸਾਨਾਂ ਨੂੰ ਝੋਨੇ ਤੇ ਬਦਲ ਮਿਲਣ ਨਾਲ ਪਾਣੀ ਦੀ ਕਿੱਲਤ ਤੋਂ ਰਾਹਤ ਮਿਲੇਗੀ ਅਤੇ ਕਿਸਾਨਾਂ ਨੂੰ ਬਿਜਲੀ ਅਤੇ ਡੀਜ਼ਲ ਤੇ ਖਰਚੇ ਤੋਂ ਰਾਹਤ ਮਿਲੇਗੀ।
ਸਖਤ ਸੁਰੱਖਿਆ ਪ੍ਰਬੰਧਾਂ ਹੇਠ ਮਹਾਬਹਿਸ, ਇਹ ਨੇਤਾ ਨਹੀਂ ਬਨਣਗੇ ਬਹਿਸ ਦਾ ਹਿੱਸਾ
ਲੁਧਿਆਣਾ ‘ਚ ਹੋਣ ਵਾਲੀ ਮਹਾਡਿਬੇਟ ਵਿੱਚ ਸ਼ਾਮਲ ਹੋਣ ਸਬੰਧੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ, ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ, ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਡਿਬੇਟ ਵਿਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਤੋਂ ਇਲਾਵਾ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਵੀ ਡਿਬੇਟ ਵਿਚ ਸ਼ਾਮਲ ਹੋਣ ਤੋਂ ਕਿਨਾਰਾ ਕਰ ਦਿੱਤਾ ਹੈ। ਸਰਕਾਰ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਡਿਬੇਟ ਵਿਚ ਸ਼ਾਮਲ ਹੋਣਗੇ।
ਪੀਏਯੂ ਵਿਖੇ ਕਰਵਾਈ ਜਾ ਰਹੀ ਮਹਾਂ ਡਿਬੇਟ ਵਿੱਚ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਸ਼ਾਮਲ ਨਹੀਂ ਹੋਣਗੇ। ਇਹ ਜਾਣਕਾਰੀ ਭਾਜਪਾ ਦੇ ਜਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਵੱਲੋਂ ਦਿੱਤੀ ਗਈ ਹੈ। ਪੀਏਯੂ ਵਿਖੇ ਗੱਲਬਾਤ ਕਰਦੇ ਹੋਏ ਧੀਮਾਨ ਨੇ ਦੱਸਿਆ ਕਿ ਇਸ ਸਬੰਧੀ ਬੀਤੀ ਰਾਤ ਹੀ ਫੈਸਲਾ ਕਰ ਲਿਆ ਗਿਆ ਸੀ। ਜਿਕਰਯੋਗ ਹੈ ਕਿ ਜਾਖੜ ਪਿਛਲੇ ਕਈ ਦਿਨ੍ਹਾਂ ਤੋਂ ਇਸ ਮਹਾਂ ਬਹਿਸ ਤੇ ਸਵਾਲ ਉਠਾ ਰਹੇ ਸਨ। ਦੂਸਰੇ ਪਾਸੇ ਸ੍ਰੋਮਣੀ ਅਕਾਲੀ ਦਲ ਵੱਲੋਂ ਇਲਜਾਮ ਲਾਏ ਜਾ ਰਹੇ ਹਨ ਕਿ ਐੱਸਵਾਈਐੱਲ ਮੁੱਦੇ ਤੇ ਸਰਕਾਰ ਸੰਜੀਦਾ ਨਹੀਂ ਹੈ। ਕਾਂਗਰਸ ਵੱਲੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਪਹੁੰਚਣ ਦੀ ਸੰਭਾਵਨਾ ਹੈ।
ਪ੍ਰਦਰਸ਼ਨ ਕਰਨ ਲਈ ਪਹੁੰਚੇ ਸਾਬਕਾ ਡੀਐੱਸਪੀ ਬਲਵਿੰਦਰ ਸੇਖੋਂ
ਬਲਵਿੰਦਰ ਸੇਖੋ ਸਾਬਕਾ ਡੀਐਸਪੀ ਅਤੇ ਉਹਨਾਂ ਦੇ ਸਾਥੀ ਪ੍ਰਦਰਸ਼ਨ ਕਰਨ ਲਈ ਪਹੁੰਚੇ ਹੋਏ ਹਨ ਉਨ੍ਹਾਂ ਵੱਲੋਂ ਆਪਣੀ ਗੱਲ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਜਿਹੜੀਆਂ ਤਖਤੀਆਂ ਚੁੱਕੀਆਂ ਹੋਈਆਂ ਹਨ ਉਹਨਾਂ ਉੱਪਰ ਨਸ਼ਿਆਂ ਨੂੰ ਲੈ ਕੇ ਚਰਚਾ ਹੋਵੇ, ਬਹਿਸ ਹੋਵੇ ਲਿਖਿਆ ਹੋਇਆ ਹੈ।
.jpg)
ਵੱਖ ਵੱਖ ਨੇਤਾਵਾਂ ਦੀਆਂ ਲਾਈਆਂ ਗਈਆਂ ਹਨ ਕੁਰਸੀਆਂ
ਮਹਾਬਹਿਸ ਵਿੱਚ ਵੱਖ ਵੱਖ ਰਾਜਸੀ ਪਾਰਟੀਆਂ ਦੇ ਨੇਤਾ ਪਹੁੰਚਣ ਜਾਂ ਨਾ ਪਰ ਕੁਰਸੀਆਂ ਸਭ ਦੀਆਂ ਲਾਈਆਂ ਗਈਆਂ ਹਨ ਜਿਨ੍ਹਾਂ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਕੁਰਸੀ ਦੇ ਨਾਲ ਨਾਲ ਸੁਨੀਲ ਜਾਖੜ ਦੀ ਕੁਰਸੀ, ਸੁਖਬੀਰ ਬਾਦਲ ਦੀ ਕੁਰਸੀ, ਰਾਜਾ ਵੜਿੰਗ ਤੇ ਪ੍ਰਤਾਪ ਬਾਜਵਾ ਦੀ ਕੁਰਸੀ ਸ਼ਾਮਲ ਹੈ। ਕੁਰਸੀਆਂ ਦੇ ਪਿੱਛੇ ਮੈਂ ਪੰਜਾਬ ਬੋਲਦਾ ਹਾਂ ਦਾ ਬੈਨਰ ਲੱਗਾ ਹੋਇਆ ਹੈ।
ਪੀਏਯੂ ਦੇ ਗੇਟ ਨੰਬਰ ਇੱਕ ਦੇ ਬਾਹਰ ਵੱਖ-ਵੱਖ ਧਿਰਾਂ ਵੱਲੋਂ ਰੋਸ ਪ੍ਰਦਰਸ਼ਨ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਗੇਟ ਨੰਬਰ ਇੱਕ ਦੇ ਬਾਹਰ ਵੱਖ-ਵੱਖ ਧਿਰਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਰੋਸ ਦਰਸ਼ਨ ਕਰਨ ਵਾਲਿਆਂ ਵਿੱਚ ਪੰਜਾਬ ਨਸ਼ਾ ਵਿਰੋਧੀ ਮੰਚ, ਵੱਖ-ਵੱਖ ਅਧਿਆਪਕ ਜਥੇਬੰਦੀਆਂ, ਸ਼੍ਰੋਮਣੀ ਅਕਾਲੀ ਦਲ ਵੱਲੋਂ ਹਰੀਸ਼ ਰਾਏ ਢਾਂਡਾ, ਸੇਵਾ ਮੁਕਤ ਡੀਐਸਪੀ ਬਲਵਿੰਦਰ ਸਿੰਘ ਸੇਖੋ, ਕਿਸਾਨਾਂ ਆਦਿ ਸ਼ਾਮਿਲ ਹਨ। ਸਾਰੀਆਂ ਧਿਰਾਂ ਵੱਲੋਂ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਜਾ ਰਹੀ।