ਝੋਨੇ ਦੀ ਵਾਢੀ ਤੋਂ ਬਾਅਦ ਪਰਾਲੀ ਨੂੰ ਅੱਗ ਲਾਉਣ ਦੇ ਮਾੜੇ ਰੁਝਾਨ ਦੇ ਉਲਟ ਦਿੜ੍ਹਬਾ ਨੇੜਲੇ ਪਿੰਡ ਗੁੱਜਰਾਂ ਦਾ ਕਿਸਾਨ ਗਗਨਦੀਪ ਸਿੰਘ ਇਸ ਦੀਆਂ ਗੱਠਾਂ ਬਣਾ ਕੇ ਵਾਤਾਵਰਨ ਬਚਾਉਣ ਦੇ ਨਾਲ-ਨਾਲ ਆਪਣੀ ਆਰਥਿਕਤਾ ਵੀ ਮਜ਼ਬੂਤ ਕਰ ਰਿਹਾ ਹੈ। ਕਿਸਾਨ ਗਗਨਦੀਪ ਸਿੰਘ ਨੇ ਦੱਸਿਆ ਕਿ ਇਸ ਵਾਰ ਹੁਣ ਤੱਕ ਉਸ ਨੇ 300 ਏਕੜ ਤੋਂ ਵਧੇਰੇ ਰਕਬੇ ਤੋਂ ਪਰਾਲੀ ਇਕੱਠੀ ਕਰ ਕੇ ਉਸ ਦੀਆਂ ਗੱਠਾਂ ਵੱਖ-ਵੱਖ ਕੰਪਨੀਆਂ ਨੂੰ ਵੇਚੀਆਂ ਹਨ। ਉਸ ਨੇ ਦੱਸਿਆ ਕਿ ਹੁਣ ਉਹ ਆਪਣੇ ਪਿੰਡ ਦੇ ਖੇਤਾਂ ਵਿੱਚੋਂ ਗੱਠਾਂ ਬਣਾ ਕੇ ਸੁਨਾਮ ਦੀ ਫੈਕਟਰੀ ਨੂੰ ਭੇਜ ਰਿਹਾ ਹੈ ਜਿਸ ਵੱਲੋਂ ਉਸ ਨਾਲ 1000 ਟਨ ਤੋਂ ਵਧੇਰੇ ਪਰਾਲੀ ਖ਼ਰੀਦਣ ਦਾ ਇਕਰਾਰ ਕੀਤਾ ਗਿਆ ਹੈ।
ਕਿਸਾਨ ਗਗਨਦੀਪ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਬੇਲਰ ਉੱਪਰ ਸਬਸਿਡੀ ਮੁਹੱਈਆ ਕਰਵਾਈ ਗਈ ਹੈ ਜੋ ਉਨ੍ਹਾਂ ਲਈ ਬਹੁਤ ਲਾਹੇਵੰਦ ਸਾਬਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਬੇਲਰ ਨਾਲ ਪਰਾਲੀ ਇਕੱਠੀ ਕਰਨ ਨਾਲ ਸਿਰਫ਼ ਉਸ ਨੂੰ ਹੀ ਵਾਧੂ ਆਮਦਨ ਨਹੀਂ ਹੋ ਰਹੀ ਸਗੋਂ ਉਸ ਦੇ ਨਾਲ ਜੁੜੇ ਮਜ਼ਦੂਰਾਂ ਨੂੰ ਵੀ ਚੋਖੀ ਆਮਦਨੀ ਹੋ ਰਹੀ ਹੈ। ਉਨ੍ਹਾਂ ਹੋਰਨਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਪਰਾਲੀ ਨੂੰ ਅੱਗ ਲਾਉਣ ਦੀ ਬਜਾਏ ਉਹ ਆਪਣੇ ਨੇੜੇ-ਤੇੜੇ ਚੱਲਦੇ ਬੇਲਰੇ ਨਾਲ ਸੰਪਰਕ ਕਰਨ ਜੋ ਬਿਲਕੁੱਲ ਮੁਫ਼ਤ ਵਿੱਚ ਹੀ ਉਨ੍ਹਾਂ ਦੇ ਖੇਤਾਂ ਵਿੱਚੋਂ ਪਰਾਲੀ ਇਕੱਠੀ ਕਰ ਕੇ ਲੈ ਕੇ ਜਾਣਗੇ।
ਕਿਸਾਨ ਗਗਨਦੀਪ ਸਿੰਘ ਦੇ ਉਪਰਾਲੇ ਦੀ ਸ਼ਲਾਘਾ ਕਰਨ ਲਈ ਡਿਪਟੀ ਕਮਿਸ਼ਨਰ ਸੰਗਰੂਰ ਜਤਿੰਦਰ ਜੋਰਵਾਲ ਦੀਆਂ ਹਦਾਇਤਾਂ ਉੱਪਰ ਐੱਸਡੀਐੱਮ ਦਿੜ੍ਹਬਾ ਰਾਜੇਸ਼ ਸ਼ਰਮਾ ਅਤੇ ਡੀਐੱਸਪੀ ਪ੍ਰਿਥਵੀ ਸਿੰਘ ਚਹਿਲ ਨੇ ਖੇਤਾਂ ਵਿਚ ਪਹੁੰਚ ਕੇ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਕੀਤੀ। ਐੱਸਡੀਐੱਮ ਰਾਜੇਸ਼ ਸ਼ਰਮਾ ਨੇ ਕਿਹਾ ਕਿ ਅਗਾਂਹਵਧੂ ਕਿਸਾਨ ਗਗਨਦੀਪ ਸਿੰਘ ਦਾ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ ਅਤੇ ਹੋਰਨਾਂ ਕਿਸਾਨਾਂ ਨੂੰ ਵੀ ਇਨ੍ਹਾਂ ਤੋਂ ਸੇਧ ਲੈ ਕੇ ਵਾਤਾਵਰਨ ਨੂੰ ਗੰਧਲਾ ਹੋਣ ਤੋਂ ਬਚਾਉਣ ਦੇ ਨਾਲ-ਨਾਲ ਆਪਣੀ ਕਮਾਈ ਦੇ ਸਾਧਨਾਂ ਵਿਚ ਵਾਧਾ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬੇਲਰ ਉੱਪਰ ਲਗਪਗ 7.5 ਲੱਖ ਰੁਪਏ ਸਬਸਿਡੀ ਦਿੱਤੀ ਜਾਂਦੀ ਹੈ ਅਤੇ ਵੱਧ ਤੋਂ ਵੱਧ ਕਿਸਾਨਾਂ ਨੂੰ ਇਸ ਦਾ ਲਾਭ ਲੈਣਾ ਚਾਹੀਦਾ ਹੈ।