ਇੰਡੋਨੇਸ਼ੀਆ ਦੇ ਬਾਂਦਾ ਸਾਗਰ ‘ਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਹਨ। USGS ਨੇ ਕਿਹਾ ਹੈ ਕਿ ਭੂਚਾਲ ਦੀ ਤੀਬਰਤਾ 6.9 ਦਰਜ ਕੀਤੀ ਗਈ ਹੈ।
ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਮੁਤਾਬਕ ਇੰਡੋਨੇਸ਼ੀਆਈ ਸਮੇਂ ਮੁਤਾਬਕ ਸਵੇਰੇ 10.23 ਵਜੇ ਦੇਸ਼ ਦੇ ਬਾਂਦਾ ਸਾਗਰ ‘ਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਸਮੁੰਦਰ ਵਿੱਚ ਆਏ ਇਸ ਭੂਚਾਲ ਨੇ ਸੌਮਲਾਕੀ ਸ਼ਹਿਰ ਨੂੰ ਹਿਲਾ ਕੇ ਰੱਖ ਦਿੱਤਾ।
ਨਿਊਜ਼ ਏਜੰਸੀ ਏਐਫਪੀ ਮੁਤਾਬਕ ਭੂਚਾਲ ਕਾਰਨ ਹੁਣ ਤੱਕ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਸਮਾਚਾਰ ਏਜੰਸੀ ਏਐਫਪੀ ਨੇ ਸੌਮਲਾਕੀ ਸ਼ਹਿਰ ਦੇ ਇੱਕ ਨਿਵਾਸੀ ਦੇ ਹਵਾਲੇ ਨਾਲ ਦੱਸਿਆ ਕਿ ਭੂਚਾਲ ਦੇ ਝਟਕੇ ਬਹੁਤ ਜ਼ਿਆਦਾ ਸਨ।
ਇੰਡੋਨੇਸ਼ੀਆ ਪ੍ਰਸ਼ਾਂਤ ਮਹਾਸਾਗਰ ਦੇ ਰਿੰਗ ਆਫ ਫਾਇਰ ‘ਤੇ ਸਥਿਤ ਹੈ, ਜਿਸ ਕਾਰਨ ਇੱਥੇ ਭੂਚਾਲ ਆਉਂਦੇ ਰਹਿੰਦੇ ਹਨ। ਰਿੰਗ ਆਫ਼ ਫਾਇਰ ਪ੍ਰਸ਼ਾਂਤ, ਕੋਕੋਸ, ਭਾਰਤੀ-ਆਸਟ੍ਰੇਲੀਅਨ, ਜੁਆਨ ਡੇ ਫੂਕਾ, ਨਾਜ਼ਕਾ, ਉੱਤਰੀ ਅਮਰੀਕਾ ਅਤੇ ਫਿਲੀਪੀਨ ਟੈਕਟੋਨਿਕ ਪਲੇਟਾਂ ਨੂੰ ਜੋੜਦਾ ਹੈ।
ਇੰਡੋਨੇਸ਼ੀਆ, ਪਾਪੂਆ ਨਿਊ ਗਿਨੀ, ਚਿਲੀ, ਇਕਵਾਡੋਰ, ਪੇਰੂ, ਰੂਸ, ਜਾਪਾਨ, ਫਿਲੀਪੀਨਜ਼, ਆਸਟ੍ਰੇਲੀਆ, ਬੋਲੀਵੀਆ, ਕੋਸਟਾ ਰੀਕਾ, ਨਿਊਜ਼ੀਲੈਂਡ, ਗੁਆਟੇਮਾਲਾ, ਮੈਕਸੀਕੋ, ਸੰਯੁਕਤ ਰਾਜ, ਕੈਨੇਡਾ ਅਤੇ ਅੰਟਾਰਕਟਿਕਾ ਰਿੰਗ ਆਫ ਫਾਇਰ ‘ਤੇ ਸਥਿਤ ਹਨ।