15 ਸਾਲ ਬਾਅਦ ਇਤਿਹਾਸਕ ਦੀਵਾਨ ਟੋਡਰ ਮੱਲ ਦੀ ਜਹਾਜ਼ ਹਵੇਲੀ ਦੀ ਸੇਵਾ-ਸੰਭਾਲ ਦਾ ਕੰਮ ਨੇਪਰੇ ਚੜ੍ਹਨ ਦੀ ਆਸ ਬੱਝੀ ਹੈ। ਕਾਨੂੰਨੀ ਤੇ ਹੋਰ ਅੜਚਨਾਂ ਕਾਰਨ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਦੇ ਨੇੜੇ ਸਥਿਤ ਇਤਿਹਾਸਕ ਜਹਾਜ਼ ਹਵੇਲੀ ਦੀ ਸੇਵਾ-ਸੰਭਾਲ ਦਾ ਕੰਮ 16 ਸਾਲ ਬਾਅਦ ਵੀ ਨੇਪਰੇ ਨਹੀਂ ਚੜਿ੍ਹਆ ਸੀ ਪਰ ਹੁਣ ਦੀਵਾਨ ਟੋਡਰ ਮੱਲ ਵਿਰਾਸਤੀ ਫਾਊਂਡੇਸ਼ਨ ਪੰਜਾਬ ਦੇ ਉੱਦਮ ਸਦਕਾ ਐਤਵਾਰ ਨੂੰ ਸੀਨੀਅਰ ਵਕੀਲ ਐੱਚਸੀ ਅਰੋੜਾ ਦੀ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨਾਲ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਹੋਈ ਮੀਟਿੰਗ ਤੋਂ ਬਾਅਦ ਹੋਈ ਰਜ਼ਾਮੰਦੀ ਨਾਲ ਹਵੇਲੀ ਦੀ ਸੇਵਾ ਸੰੰਭਾਲ ਦਾ ਕੰਮ ਅਗਲੇ ਸਾਲ ਪੂਰਾ ਹੋਣ ਦੀ ਆਸ ਹੈ। ਸ਼੍ਰੋਮਣੀ ਕਮੇਟੀ ਅਤੇ ਪੰਜਾਬ ਸਰਕਾਰ ਵਿਚ ਜਹਾਜ਼ ਹਵੇਲੀ ਦੀ ਸੰਭਾਲ ਦਾ ਐਗਰੀਮੈਂਟ ਹੋਣ ਤੋਂ ਬਾਅਦ ਇਹ ਕੰਮ ਨੇਪਰੇ ਚੜ੍ਹੇਗਾ।
ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਇਸ ਕੇਸ ਦੀ ਸੁਣਵਾਈ ਮੰਗਲਵਾਰ ਨੂੰ ਹੋਣੀ ਤੈਅ ਹੋਈ ਹੈ ਜਿਸ ਵਿਚ ਐਡਵੋਕੇਟ ਅਰੋੜਾ ਵੱਲੋਂ ਪਾਈ ਜਨਹਿੱਤ ਪਟੀਸ਼ਨ (ਪੀਆਈਐੱਲ) ਦੇ ਨਿਪਟਾਰੇ ਦੀ ਉਮੀਦ ਹੈ।
ਜ਼ਿਕਰਯੋਗ ਹੈ ਕਿ ਇਹ ਹਵੇਲੀ ਕਿਸੇ ਸਮੇਂ ਗੁਰੂ ਘਰ ਦੇ ਸ਼ਰਧਾਲੂ ਦੀਵਾਨ ਟੋਡਰ ਮੱਲ ਜੀ ਦੀ ਰਿਹਾਇਸ਼ ਹੋਇਆ ਕਰਦੀ ਸੀ। ਉਨ੍ਹਾਂ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਪਿੱਛੋਂ ਉਨ੍ਹਾਂ ਦਾ ਸਸਕਾਰ ਕਰਨ ਲਈ ਜ਼ਮੀਨ ਮੌਕੇ ਦੀ ਸਰਕਾਰ ਪਾਸੋਂ ਬਹੁਤ ਮਹਿੰਗੇ ਭਾਅ ’ਤੇ ਖ਼ਰੀਦੀ ਸੀ। ਇਸ ਹਵੇਲੀ ਦਾ ਆਕਾਰ ਸਮੁੰਦਰੀ ਜਹਾਜ਼ ਵਰਗਾ ਹੋਣ ਕਾਰਨ ਇਸ ਦਾ ਨਾਂ ‘ਜਹਾਜ਼ ਹਵੇਲੀ’ ਵਜੋਂ ਪ੍ਰਚਲਿਤ ਹੋ ਗਿਆ।
ਛੇਤੀ ਹੱਲ ਹੋ ਜਾਵੇਗਾ ਮਸਲਾ : ਧਾਮੀ
ਸ਼੍ਰੋ੍ਰਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇੇ ਕਿਹਾ ਕਿ ਸ੍ਰੋਮਣੀ ਕਮੇਟੀ ਹਵੇਲੀ ਦੀ ਸੇਵਾ-ਸੰਭਾਲ ਦੇ ਕੰਮ ਵਿਚ ਪੂਰਾ ਸਹਿਯੋਗ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਕਾਨੂੰਨੀ ਅੜਚਨਾਂ ਕਾਰਨ ਹੀ ਸੇਵਾ-ਸੰਭਾਲ ਦਾ ਕੰਮ ਰੁਕਿਆ ਹੋਇਆ ਹੈ। ਐਤਵਾਰ ਨੂੰ ਐਡਵੋਕੇਟ ਐੱਚਸੀ ਅਰੋੜਾ ਨਾਲ ਬਹੁਤ ਚੰਗੇ ਮਾਹੌਲ ਵਿਚ ਗੱਲਬਾਤ ਹੋਈ ਹੈ, ਇਸ ਲਈ ਹੁਣ ਮਸਲਾ ਛੇਤੀ ਹੱਲ ਹੋ ਜਾਵੇਗਾ।
ਹਵੇਲੀ ਦੀ ਖ਼ਸਤਾ ਹਾਲਤ ਕਾਰਨ ਪਾਈ ਹੈ ਪਟੀਸ਼ਨ : ਅਰੋੜਾ
ਸੀਨੀਅਰ ਵਕੀਲ ਐੱਚਸੀ ਅਰੋੜਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਜੋ ਜਨਹਿੱਤ ਪਟੀਸ਼ਨ ਪਾਈ ਗਈ ਸੀ, ਇਹ ਇਸ ਲਈ ਪਾਈ ਗਈ ਸੀ ਕਿ ਜਹਾਜ਼ ਹਵੇਲੀ ਦੀ ਪੂਰੀ ਤਰ੍ਹਾਂ ਸੰਭਾਲ ਨਹੀਂ ਸੀ ਹੋ ਰਹੀ। ਪਟੀਸ਼ਨ ਆਉਣ ਸਮੇਂ ਕੁਝ ਇਸ ਤਰ੍ਹਾਂ ਦੇ ਕੰਮ ਚੱਲ ਰਹੇ ਸਨ ਜਿਸ ਨਾਲ ਹਵੇਲੀ ਨੂੰ ਨੁਕਸਾਨ ਪਹੁੰਚ ਸਕਦਾ ਸੀ। ਉਨ੍ਹਾਂ ਪਟੀਸ਼ਨ ਵਿਚ ਕਿਹਾ ਸੀ ਕਿ ਹਵੇਲੀ ਦੀ ਸੰਭਾਲ ਦਾ ਕੰਮ ਸਰਕਾਰ ਅਤੇ ਐੱਸਜੀਪੀਸੀ ਵੱਲੋਂ ਰਲ ਕੇ ਕਰਨ ਦਾ ਹੈ। ਉਨ੍ਹਾਂ ਕਿਹਾ ਕਿ 19 ਦਸੰਬਰ ਨੂੰ ਹਾਈ ਕੋਰਟ ’ਚ ਇਸ ਪਟੀਸ਼ਨ ਸਬੰਧੀ ਸੁਣਵਾਈ ਦੌਰਾਨ ਉਹ ਦੱਸਣਗੇ ਕਿ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਹਵੇਲੀ ਦੀ ਸੰਭਾਲ ਲਈ ਐਗਰੀਮੈਂਟ ਕਰਨਗੇ, ਇਸ ਕਾਰਨ ਹੁਣ ਉਹ ਸੰਤਸ਼ੁਟ ਹਨ।
ਧਾਮੀ ਤੇ ਅਰੋੜਾ ’ਚ ਹੋਈ ਮੀਟਿੰਗ ਨੇ ਕੰਮ ਕੀਤਾ ਆਸਾਨ : ਕਾਹਨੇਕੇ
ਦੀਵਾਨ ਟੋਡਰ ਮੱਲ ਵਿਰਾਸਤੀ ਫਾਊਂਡੇਸ਼ਨ ਦੇ ਪ੍ਰਧਾਨ ਲਖਵਿੰਦਰ ਸਿੰਘ ਕਾਹਨੇਕੇ ਨੇ ਕਿਹਾ ਕਿ ਐਤਵਾਰ ਨੂੰ ਹੋਈ ਸ਼੍ਰੋਮਣੀ ਕਮੇਟੀ ਪ੍ਰਧਾਨ ਅਤੇ ਐਡਵੋਕੇਟ ਅਰੋੜਾ ਵਿਚ ਹੋਈ ਅਹਿਮ ਮੀਟਿੰਗ ਨੇ ਉਨ੍ਹਾਂ ਦਾ ਕੰਮ ਆਸਾਨ ਕਰ ਦਿੱਤਾ ਹੈ। ਹੁਣ ਉਨ੍ਹਾਂ ਦਾ ਫਾਊਂਡੇਸ਼ਨ ਇਸ ਹੈਰੀਟੇਜ ਦੀ ਸੰਭਾਲ ਨਾਲ ਜੁੜੇ ਅਦਾਰੇ ਨਾਲ ਗੱਲ ਕਰੇਗਾ ਅਤੇ ਹਵੇਲੀ ਦੀ ਸੇਵਾ-ਸੰਭਾਲ ਦਾ ਕੰਮ ਅਗਲਾ ਸਾਲ ਨੇਪਰੇ ਚੜ੍ਹ ਜਾਵੇਗਾ। ਉਨ੍ਹਾਂ ਕਿਹਾ ਕਿ ਹਵੇਲੀ ਦੀ ਸੇਵਾ-ਸੰਭਾਲ ਦੇ ਮਾਮਲੇ ਵਿਚ ਪੰਜਾਬ ਸਰਕਾਰ ਤੇ ਸ਼੍ਰੋਮਣੀ ਕਮੇਟੀ ਉਨ੍ਹਾਂ ਨੂੰ ਪੂਰਾ ਸਹਿਯੋਗ ਦੇ ਰਹੀ ਹੈ।