ਸਿੱਖ ਧਰਮ ਵਿੱਚ ਦਲੇਰ ਸਿੱਖ ਬੀਬੀਆਂ ਦਾ ਨਾਮ ਬੜੇ ਮਾਣ ਸਤਿਕਾਰ ਨਾਲ ਲਿਆ ਜਾਂਦਾ ਹੈ। ਸ਼ਹੀਦ ਬੀਬੀ ਹਰਸ਼ਰਨ ਕੌਰ ਦਾ ਨਾਮ ਵੀ ਬੜੇ ਮਾਣ ਸਤਿਕਾਰ ਨਾਲ ਲਿਆ ਜਾਂਦਾ ਹੈ। ਉਨ੍ਹਾਂ ਨੇ ਬਿਨਾਂ ਕਿਸੇ ਦੀ ਪਰਵਾਹ ਕੀਤਿਆਂ ਤੇ ਮੁਗਲ ਫੌਜਾਂ ਦਾ ਗੁਰੂਰ ਤੋੜਦਿਆਂ ਉਹ ਕਰ ਦਿਖਾਇਆ ਜੋ ਕਦੀਂ ਕਿਸੇ ਨੇ ਸੋਚਿਆ ਵੀ ਨਹੀਂ ਹੋ ਸਕਦਾ।
ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਮਗਰੋਂ ਜਦੋਂ ਗੁਰੂ ਗੋਬਿੰਦ ਸਿੰਘ ਜੀ, ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ, ਪੰਜ ਪਿਆਰੇ ਤੇ ਹੋਰ ਸਿੰਘ ਸਰਸਾ ਨਦੀ ਪਾਰ ਕਰਕੇ ਚਮਕੌਰ ਪਹੁੰਚੇ ਤਾਂ ਉਨ੍ਹਾਂ ਦੇ ਪਿੱਛੇ-ਪਿੱਛੇ ਮੁਗਲ ਫੌਜਾਂ ਵੀ ਚਮਕੌਰ ਪਹੁੰਚ ਗਈਆਂ। ਜਦੋਂ ਚਮਕੌਰ ਸਾਹਿਬ ਵਿਖੇ ਯੁੱਧ ਹੋਇਆ ਤਾਂ ਵੱਡੇ ਸਾਹਿਬਜ਼ਾਦੇ ਤੇ ਸਿੰਘ ਸ਼ਹੀਦ ਹੋ ਗਏ, ਜਿਸ ਤੋਂ ਬਾਅਦ ਗੁਰੂ ਜੀ ਨੇ ਬਚੇ ਪੰਜ ਸਿੰਘਾਂ ਨੂੰ ਬੇਨਤੀ ਕੀਤੀ ਕਿ ਖ਼ਾਲਸਾ ਪੰਥ ਦੀ ਖ਼ਾਤਰ ਉਹ ਰਾਤ ਦੇ ਹਨੇਰੇ ਵਿਚ ਗੜ੍ਹੀ ਛੱਡ ਕੇ ਚਲੇ ਜਾਣ। ਨਾ ਮੰਨਣ ‘ਤੇ ਉਨ੍ਹਾਂ ਨੇ ਖਾਲਸੇ ਦੇ ਤੌਰ ‘ਤੇ ਹੁਕਮ ਕੀਤਾ ਅਤੇ ਗੁਰੂ ਗੋਬਿੰਦ ਸਿੰਘ ਮਾਛੀਵਾੜੇ ਦੇ ਜੰਗਲ ਵੱਲ ਨਿਕਲ ਗਏ ਜਿਥੇ ਉਨ੍ਹਾਂ ਨੂੰ ਪਿੱਛੇ ਆ ਰਹੇ ਤਿੰਨ ਸਿੰਘਾਂ ਨੇ ਮਿਲਣਾ ਸੀ।
ਦੋ ਸਿੰਘ ਪਿੱਛੇ ਗੜ੍ਹੀ ਵਿਚ ਮੁਗ਼ਲਾਂ ਦਾ ਮੁਕਾਬਲਾ ਕਰਨ ਲਈ ਠਹਿਰ ਗਏ। ਰਸਤੇ ਵਿਚ ਗੁਰੂ ਸਾਹਿਬ ਬੀਬੀ ਹਰਸ਼ਰਨ ਕੌਰ ਦੇ ਪਿੰਡ ਪਹੁੰਚੇ, ਜਿਸ ਨੇ ਉਨ੍ਹਾਂ ਨੂੰ ਪਛਾਣ ਲਿਆ। ਬੀਬੀ ਨੇ ਸਾਹਿਬਜ਼ਾਦਿਆਂ ਨੂੰ ਬਚਪਨ ਵਿਚ ਖਿਡਾਇਆ ਸੀ। ਉਸ ਨੇ ਜਦੋਂ ਉਨ੍ਹਾਂ ਬਾਰੇ ਪੁੱਛਿਆ ਤਾਂ ਗੁਰੂ ਸਾਹਿਬ ਨੇ ਚਮਕੌਰ ਦੇ ਯੁੱਧ ਵਿਚ ਪਾਈਆਂ ਸ਼ਹੀਦੀਆਂ ਬਾਰੇ ਦੱਸਿਆ। ਬੀਬੀ ਹਰਸ਼ਰਨ ਕੌਰ ਰਾਤ ਦੇ ਹਨੇਰੇ ਵਿਚ ਪੋਲੇ ਪੈਰੀਂ ਯੁੱਧ ਦੇ ਮੈਦਾਨ ਵਿਚ ਪਹੁੰਚੀ। ਮੁਗ਼ਲ ਫ਼ੌਜ ਯੁੱਧ ਤੋਂ ਥੱਕ ਹਾਰ ਕੇ ਤੰਬੂਆਂ ਵਿਚ ਸੌਂ ਰਹੀ ਸੀ। ਬੀਬੀ ਨੇ ਪਛਾਣ ਕੇ ਸਾਹਿਬਜ਼ਾਦਿਆਂ ਅਤੇ ਸ਼ਹੀਦ ਸਿੰਘਾਂ ਦੇ ਸਰੀਰ ਇਕੱਠੇ ਕੀਤੇ। ਆਸ-ਪਾਸ ਤੋਂ ਜਿੰਨੀਆਂ ਵੀ ਲੱਕੜਾਂ ਇਕੱਠੀਆਂ ਕਰ ਸਕੀ ਕਰਕੇ ਇੱਕ ਥਾਂ ਢੇਰ ਲਾ ਲਿਆ। ਲੱਕੜਾਂ ਦੇ ਢੇਰ ‘ਤੇ ਸ਼ਹੀਦਾਂ ਦੇ ਸਰੀਰ ਚਿਣ ਕੇ ਅੱਗ ਲਾ ਦਿੱਤੀ। ਅੱਗ ਦੇ ਮੱਚਦੇ ਭਾਂਬੜ ਦੇਖ ਕੇ ਮੁਗ਼ਲ ਫ਼ੌਜੀ ਹੈਰਾਨੀ ਵਿਚ ਉਠ ਖੜ੍ਹੇ ਹੋਏ। ਆਪਣੇ ਹਾਕਮਾਂ ਤੋਂ ਵੱਡੇ ਇਨਾਮ ਲੈਣ ਅਤੇ ਰੁਤਬੇ ਪ੍ਰਾਪਤ ਕਰਨ ਦੇ ਉਨ੍ਹਾਂ ਦੇ ਸੁਪਨੇ ਚਕਨਾਚੂਰ ਹੋ ਗਏ ਕਿਉਂਕਿ ਹਾਕਮਾਂ ਨੂੰ ਦਿਖਾਉਣ ਲਈ ਉਨ੍ਹਾਂ ਕੋਲ ਕੁੱਝ ਵੀ ਨਹੀਂ ਬਚਿਆ ਸੀ। ਅੱਗ ਦੀਆਂ ਲਾਟਾਂ ਦੇ ਚਾਨਣ ਵਿਚ ਉਨ੍ਹਾਂ ਨੇ ਦੇਖਿਆ ਕਿ ਬਲ ਰਹੀ ਅੱਗ ਦੇ ਨੇੜੇ ਇੱਕ ਬੀਬੀ ਹੱਥ ਵਿਚ ਬਰਛਾ ਲਈ ਖੜੀ ਸੀ ਜਿਸ ਨੂੰ ਦੇਖ ਕੇ ਉਹ ਹੈਰਾਨ ਰਹਿ ਗਏ।
ਮੁਗ਼ਲ ਉਸ ਕੋਲ ਪਹੁੰਚੇ ਅਤੇ ਪੁੱਛਿਆ ਕਿ ਉਹ ਕੌਣ ਸੀ ਅਤੇ ਕਿੱਥੋਂ ਆਈ ਸੀ? ਪਰ ਬੀਬੀ ਚੁੱਪ ਰਹੀ ਕਿਉਂਕਿ ਉਸ ਨੇ ਝੂਠ ਨਹੀਂ ਸੀ ਬੋਲਣਾ। ਉਸ ਦੀ ਚੁੱਪ ਕਾਰਨ ਉਹ ਉਸ ਦਾ ਭੇਤ ਖੋਲ੍ਹਣ ਵਿਚ ਕਾਮਯਾਬ ਨਹੀਂ ਹੋ ਸਕੇ। ਉਨ੍ਹਾਂ ਨੂੰ ਉਸ ਦੀ ਚੁੱਪ ਉੱਤੇ ਇੰਨਾ ਗੁੱਸਾ ਆ ਗਿਆ ਕਿ ਉਨ੍ਹਾਂ ਨੇ ਬਰਛੇ ਸਮੇਤ ਬੀਬੀ ਨੂੰ ਚੁੱਕ ਕੇ ਬਲਦੀ ਅੱਗ ਵਿਚ ਸੁੱਟ ਦਿੱਤਾ। ਇਸ ਤਰ੍ਹਾਂ ਬੀਬੀ ਹਰਸ਼ਰਨ ਕੌਰ ਨੇ 23 ਦਸੰਬਰ 1704 ਨੂੰ ਸ਼ਹੀਦੀ ਪ੍ਰਾਪਤ ਕਰ ਲਈ। ਭਾਈ ਵੀਰ ਸਿੰਘ ਨੇ ‘ਕਲਗੀਧਰ ਚਮਤਕਾਰ’ ਦੇ ਪੰਜਵੇਂ ਪਾਠ ਵਿਚ ਬੀਬੀ ਦਾ ਨਾਮ ਸ਼ਰਨ ਕੌਰ ਲਿਖਿਆ ਹੈ। ਬੀਬੀ ਹਰਸ਼ਰਨ ਕੌਰ ਨੇ ਸਾਹਿਬਜ਼ਾਦਿਆਂ ਅਤੇ ਸ਼ਹੀਦ ਹੋਏ ਸਿੰਘਾਂ ਦਾ ਅੰਤਮ ਸਸਕਾਰ ਕਰਕੇ ਇੱਕ ਬਹਾਦਰੀ ਭਰਿਆ ਕਾਰਨਾਮਾ ਕਰ ਦਿਖਾਇਆ ਜੋ ਸ਼ਾਇਦ ਮੁਗ਼ਲ ਫੌਜਾਂ ਦੇ ਹੁੰਦਿਆਂ ਕੋਈ ਪੁਰਸ਼ ਵੀ ਕਰਨ ਦਾ ਹੌਸਲਾ ਨਾ ਕਰ ਸਕਦਾ। ਇਹ ਹੀ ‘ਚਿੜੀਆਂ ਕੋਲੋਂ ਬਾਜ਼ ਤੁੜਾਉਣ’ ਦੀ ਕਰਾਮਾਤ ਸੀ ਜੋ ਦਸਮ ਗੁਰੂ ਦੇ ਅੰਮ੍ਰਿਤ ਨੇ ਕਰ ਦਿਖਾਈ। ਹੁਣ ਜਦੋਂ ਵੀ ਸਿੱਖ ਧਰਮ ਵਿੱਚ ਬੀਬੀ ਹਰਸ਼ਰਨ ਕੌਰ ਦਾ ਨਾਮ ਲਿਆ ਜਾਂਦਾ ਹੈ ਤਾਂ ਸਾਰਿਆਂ ਦਾ ਉਨ੍ਹਾਂ ਦੀ ਲਾਸਾਨੀ ਸ਼ਹਾਦਤ ਅੱਗੇ ਸੀਸ ਝੁੱਕ ਜਾਂਦਾ ਹੈ।