India News

ਮਾਂ ਬੋਲੀ ਪੰਜਾਬੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਵੱਖਰਾ ਸੰਦੇਸ਼ ਦੇ ਰਿਹੈ ਪਿੰਡ ਸੁਲਤਾਨਪੁਰ, ਬਣਿਆ ਇਤਿਹਾਸਕ ਯਾਦਾਂ ਨੂੰ ਸੰਭਾਲਣ ਵਾਲਾ ਮੋਹਰੀ ਪਿੰਡ

ਜਦੋਂ ਸਰਕਾਰਾਂ ਕਿਸੇ ਖੇਤਰ ’ਚ ਵੱਖਰਾ ਕਰਨ ਲਈ ਪਹਿਲ ਕਰਦੀਆਂ ਹਨ ਤਾਂ ਉਸ ਦਾ ਸਿੱਧਾ ਸੰਦੇਸ਼ ਹੇਠਲੇ ਪੱਧਰ ’ਤੇ ਸਮਾਜ ਸੇਵੀ ਸੰਸਥਾਵਾਂ ਤੇ ਪੰਚਾਇਤਾਂ ਨੂੰ ਜਾਂਦਾ ਹੈ ਜਿਸ ਕਰਕੇ ਪੰਚਾਇਤਾਂ ਅਤੇ ਸਮਾਜ ਸੇਵੀ ਸੰਸਥਾਵਾਂ ਉਸ ਪਹਿਲ ਨੂੰ ਅੱਗੇ ਲਿਜਾਣ ’ਚ ਸਹਾਈ ਸਿੱਧ ਹੁੰਦੀਆਂ ਹਨ।

ਇਹੋ ਜਿਹੀ ਇਕ ਮਿਸਾਲ ਹੈ ਜ਼ਿਲ੍ਹਾ ਸੰਗਰੂਰ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਧਾਨ ਸਭਾ ਹਲਕਾ ਧੂਰੀ ਦਾ ਪਿੰਡ ਸੁਲਤਾਨਪੁਰ, ਜੋ ਪੰਜਾਬ ਸਰਕਾਰ ਵੱਲੋਂ ਪਿਛਲੇ ਸਾਲ ਮਾਂ ਬੋਲੀ ਪੰਜਾਬੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਚਲਾਈ ਮੁਹਿੰਮ ਨੂੰ ਅੱਗੇ ਤੋਰਦਾ ਨਜ਼ਰ ਆ ਰਿਹਾ ਹੈ। ਗ੍ਰਾਮ ਪੰਚਾਇਤ ਸੁਲਤਾਨਪੁਰ ਦੇ ਸਰਪੰਚ ਗੁਰਦੀਪ ਸਿੰਘ ਨੇ ਦੱਸਿਆ ਕਿ ਪਿਛਲੇ ਵਰ੍ਹੇ ਪੰਜਾਬ ਸਰਕਾਰ ਵੱਲੋਂ ਮਾਂ ਬੋਲੀ ਪੰਜਾਬੀ ਨੂੰ ਵਿਸ਼ੇਸ਼ ਮਹੱਤਤਾ ਦੇਣ ਲਈ ਕੀਤੇ ਗਏ ਉਪਰਾਲਿਆਂ ਤੋਂ ਪ੍ਰਭਾਵਿਤ ਹੋ ਕੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪੰਚਾਇਤ ਵੱਲੋਂ ਬੱਸ ਅੱਡੇ ਉੱਪਰ ਗੁਰਮੁਖੀ ਲਿਪੀ ਦੇ 35 ਅੱਖਰ ਇਕ ਫੱਟੀ ਉੱਪਰ ਅੰਕਿਤ ਕਰ ਕੇ ਮਾਂ ਬੋਲੀ ਪੰਜਾਬੀ ਪ੍ਰਤੀ ਆਪਣਾ ਮੋਹ ਦਰਸਾਇਆ ਗਿਆ, ਜਿਸ ਦੀ ਦੇਸ਼ ਵਿਦੇਸ਼ ਵਿਚ ਵਸਦੇ ਪੰਜਾਬੀਆਂ ਨੇ ਸ਼ਲਾਘਾ ਕੀਤੀ। ਪਿਛਲੇ ਦਿਨੀਂ ਮੁੱਖ ਮੰਤਰੀ ਮਾਨ ਦੇ ਧਰਮ ਪਤਨੀ ਡਾ. ਗੁਰਪ੍ਰੀਤ ਕੌਰ ਜਦੋਂ ਪਿੰਡ ਸੁਲਤਾਨਪੁਰ ਵਿਖੇ ਆਏ ਤਾਂ ਉਹ ਪੰਚਾਇਤ ਦੇ ਇਸ ਉਪਰਾਲੇ ਤੋਂ ਬੇਹੱਦ ਪ੍ਰਭਾਵਿਤ ਹੋਏ ਅਤੇ ਆਪਣੀ ਇਕ ਤਸਵੀਰ ਇਸ ਗਰੁੱਮੁਖੀ ਲਿਪੀ ਵਾਲੇ ਥਾਂ ’ਤੇ ਖੜ੍ਹ ਕੇ ਕਰਵਾ ਕੇ ਗਏ।

ਇਸੇ ਤਰ੍ਹਾਂ ਹੀ ਪਿੰਡ ਦੇ ਬੱਸ ਅੱਡੇ ਉੱਪਰ ਸਵਾਰੀ ਦੇ ਰੂਪ ’ਚ ਬੈਠੇ ਇਕ ਬਜ਼ੁਰਗ ਜੋੜੇ ਦਾ ਬੁੱਤ ਤਿਆਰ ਕਰ ਕੇ ਲਗਾਇਆ ਗਿਆ ਜੋ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਸਰਪੰਚ ਗੁਰਦੀਪ ਸਿੰਘ ਨੇ ਦੱਸਿਆ ਕਿ ਸਵਾਰੀ ਦੇ ਰੂਪ ’ਚ ਬਣਾਏ ਇਸ ਬੁੱਤ ਦੇ ਪਿੱਛੇ ਇਕ ਇਤਿਹਾਸਕ ਗੱਲ ਹੈ ਕਿ ਸਾਡੇ ਪਿੰਡ ਤੋਂ ਆਲੇ-ਦੁਆਲੇ ਦੇ ਪਿੰਡਾਂ ਦੇ ਲੋਕ ਵੱਖ-ਵੱਖ ਥਾਵਾਂ ’ਤੇ ਜਾਣ ਲਈ ਇਸ ਬੱਸ ਅੱਡੇ ’ਤੇ ਆਉਂਦੇ ਸਨ, ਜਿਸ ਕਰਕੇ ਪਿੰਡ ਤੇ ਇਲਾਕੇ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਦੇਖਦੇ ਹੋਏ ਇਹ ਬੁੱਤ ਹੋਂਦ ਵਿਚ ਲਿਆਂਦੇ ਗਏ। ਇਸੇ ਤਰ੍ਹਾਂ ਹੀ ਪਿੰਡ ’ਚ ਸੱਤ ਦਹਾਕੇ ਪਹਿਲਾਂ ਬਣਿਆ ਦਰਵਾਜ਼ਾ ਵਿਰਾਸਤੀ ਯਾਦ ਦਿਵਾਉਂਦਾ ਹੈ, ਨੂੰ ਵੀ ਗ੍ਰਾਮ ਪੰਚਾਇਤ ਵੱਲੋਂ ਵਿਸ਼ੇਸ਼ ਉਪਰਾਲੇ ਕਰ ਕੇ ਵਿਰਾਸਤੀ ਯਾਦ ਵਜੋਂ ਸੰਭਾਲ ਕੇ ਰੱਖਿਆ ਹੋਇਆ ਹੈ।

ਕਿਸਾਨੀ ਅੰਦੋਲਨ ਦੀ ਯਾਦ ’ਚ ਬਣਾਇਆ ਚੌਕ

ਪਿੰਡ ਵਿਚ ਇਕ ਸੁੰਦਰ ਕਿਸਾਨ ਚੌਕ ਦੀ ਸਥਾਪਨਾ ਕੀਤੀ ਗਈ। ਪਿੰਡ ਵਾਸੀਆਂ ਨੇ ਦੱਸਿਆ ਕਿ ਦਿੱਲੀ ਵਿਖੇ ਕਿਸਾਨ ਅੰਦੋਲਨ ’ਚ ਪਿੰਡ ਦੀਆਂ ਔਰਤਾਂ ਸਮੇਤ ਵੱਡੀ ਗਿਣਤੀ ’ਚ ਲੋਕਾਂ ਨੇ ਪੱਕੇ ਤੌਰ ’ਤੇ ਸ਼ਮੂਲੀਅਤ ਕੀਤੀ ਸੀ। ਸਰਪੰਚ ਗੁਰਦੀਪ ਸਿੰਘ ਨੇ ਦੱਸਿਆ ਕਿ ਜਦੋਂ ਕਿਸਾਨ ਮੋਰਚੇ ਦੀ ਜਿੱਤ ਤੋਂ ਬਾਅਦ ਜਿਸ ਦਿਨ ਪਿੰਡ ਵਿਚ ਜਾਗੋ ਕੱਢੀ ਗਈ ਤਾਂ ਪਿੰਡ ਦੇ ਨੌਜਵਾਨਾਂ ਨੇ ਕਿਸਾਨ ਚੌਕ ਬਣਾਉਣ ਦਾ ਐਲਾਨ ਕੀਤਾ ਸੀ, ਜੋ ਬਾਅਦ ’ਚ ਪੰਚਾਇਤ ਵੱਲੋਂ ਨੌਜਵਾਨਾਂ ਦੇ ਸਹਿਯੋਗ ਨਾਲ ਬਣਾ ਕੇ ਤਿਆਰ ਕੀਤਾ ਗਿਆ।

ਮਾਤਾ ਭਾਗ ਕੌਰ ਦਾ ਬੁੱਤ ਲਗਾ ਕੇ ਬਣਾਇਆ ਚੌਕ

ਪਿੰਡ ਸੁਲਤਾਨਪੁਰ ਦੀਆਂ ਔਰਤਾਂ ਨੇ ਕਿਸਾਨੀ ਅੰਦੋਲਨ ’ਚ ਬਹੁਤ ਵੱਡੀ ਭੂਮਿਕਾ ਅਦਾ ਕੀਤੀ ਸੀ। ਲਗਾਤਾਰ 13 ਮਹੀਨੇ ਪਿੰਡ ਦੀਆਂ ਔਰਤਾਂ ਉਸ ਅੰਦੋਲਨ ਵਿਚ ਹਾਜ਼ਰ ਰਹੀਆਂ ਜਿਸ ਕਰਕੇ ਪਿੰਡ ਦੀਆਂ ਔਰਤਾਂ ਦੀਆਂ ਭਾਵਨਾਵਾਂ ਅਨੁਸਾਰ ਮਾਤਾ ਭਾਗ ਕੌਰ ਦਾ ਬੁੱਤ ਲਗਾ ਕੇ ਇਕ ਚੌਕ ਦਾ ਨਾਮ ਮਾਤਾ ਭਾਗ ਕੌਰ ਚੌਕ ਰੱਖਿਆ ਗਿਆ ਤਾਂ ਕਿ ਪਿੰਡ ’ਚ ਅਗਲੀਆਂ ਪੀੜ੍ਹੀਆਂ ’ਚ ਲੜਕੀਆਂ ਤੇ ਔਰਤਾਂ ਲਈ ਇਕ ਪੇ੍ਰਰਨਾ ਸਰੋਤ ਬਣੇ ਕਿ ਕਿਸਾਨੀ ਸੰਘਰਸ਼ ਦੇ ਉਸ ਵੱਡੇ ਅੰਦੋਲਨ ਵਿਚ ਇਸ ਪਿੰਡ ਦੀਆਂ ਔਰਤਾਂ ਦੀ ਵੀ ਅਹਿਮ ਭੂਮਿਕਾ ਰਹੀ ਸੀ।

ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦ ’ਚ ਬਣਾਇਆ ਹੈ ਚੌਕ

ਪਿੰਡ ਵਿਚ ਬਾਬਾ ਬੰਦਾ ਸਿੰਘ ਬਹਾਦਰ ਚੌਕ ਬਣਾਇਆ ਗਿਆ ਹੈ। ਪੰਚਾਇਤ ਵੱਲੋਂ ਇਹ ਬੁੱਤ ਲਗਾ ਕੇ ਬਾਬਾ ਜੀ ਦੀ ਯਾਦ ਤਾਜ਼ਾ ਰੱਖਣ ਦਾ ਯਤਨ ਕੀਤਾ ਗਿਆ ਹੈ ਤਾਂ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਦੀਆਂ ਕੁਰਬਾਨੀਆਂ ਅਗਲੀਆਂ ਪੀੜ੍ਹੀਆਂ ਤੱਕ ਯਾਦ ਰਹੇ ਤੇ ਇਸ ਸ਼ਹੀਦੀ ਦੇ ਇਤਿਹਾਸ ਤੋਂ ਪੇ੍ਰਰਿਤ ਹੋ ਸਕਣ।

ਆਈਟੀਆਈ ਦਾ ਪ੍ਰਾਜੈਕਟ ਪੂਰਾ ਹੋਣ ਦੀ ਉਮੀਦ : ਸਰਪੰਚ ਗੁਰਦੀਪ ਸਿੰਘ

ਕੈਪਟਨ ਸਰਕਾਰ ਸਮੇਂ ਪਿੰਡ ਸੁਲਤਾਨਪੁਰ ਵਿਖੇ ਆਈਟੀਆਈ ਪ੍ਰਾਜੈਕਟ ਪਾਸ ਹੋ ਗਿਆ ਸੀ, ਜਿਸ ਦਾ ਬਤੌਰ ਕੋਆਰਡੀਨੇਟਰ ਵੀ ਨਿਯੁਕਤ ਕਰ ਦਿੱਤਾ ਗਿਆ ਸੀ ਤੇ ਦਾਖ਼ਲੇ ਵੀ ਸ਼ੁਰੂ ਹੋ ਗਏ ਸਨ। ਪਰ ਸਿਆਸਤ ਦੀ ਭੇਟ ਚੜ੍ਹ ਕੇ ਅੱਜ ਤੱਕ ਕਾਗ਼ਜ਼ਾਂ ਵਿਚ ਹੀ ਹੈ। ਸਰਪੰਚ ਗੁਰਦੀਪ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਉਮੀਦ ਹੈ ਕਿ ਇਹ ਸਰਕਾਰ ਆਈਟੀਆਈ ਦਾ ਇਹ ਪ੍ਰਾਜੈਕਟ ਨੇਪਰੇ ਚੜ੍ਹਾਏਗੀ ਜਿਸ ਨਾਲ ਇਲਾਕੇ ਕਈ ਪਿੰਡਾਂ ਦੇ ਬੱਚਿਆਂ ਨੂੰ ਫ਼ਾਇਦਾ ਹੋਵੇਗਾ।

Video