ਇੱਥੋਂ ਦੇ ਉੱਤਰ-ਪੱਛਮ ‘ਚ ਸਥਿਤ ਗੁਰੂਦੁਆਰਾ ਸਾਹਿਬ ਦਲ ਬਾਬਾ ਬਿਧੀ ਚੰਦ ਜੀ ਖਾਲਸਾ ਛਾਉਣੀ ਪਲੰਪਟਨ ਵਿਖੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਅੱਜ ਵਿਸ਼ੇਸ਼ ਤੌਰ ‘ਤੇ ਪੁੱਜੇ। ਇਸ ਮੌਕੇ ਉਨ੍ਹਾਂ ਦੇ ਨਾਲ ਮੈਂਬਰ ਪਾਰਲੀਮੈਂਟ ਸੈਮ ਰੇਅ ਤੇ ਸਟੀਵ ਮੈਕੇਈ ਵੀ ਵਿਸ਼ੇਸ਼ ਤੌਰ ‘ਤੇ ਪੁੱਜੇ ਹੋਏ ਸਨ। ਇਸ ਮੌਕੇ ਪ੍ਰਧਾਨ ਮੰਤਰੀ ਨਵੇ ਬਣੇ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ । ਖਾਲਸਾ ਛਾਉਣੀ ਦੇ ਸੇਵਾਦਾਰਾਂ ਵੱਲੋਂ ਪ੍ਰਧਾਨ ਮੰਤਰੀ ਅਤੇ ਆਈਆਂ ਹੋਈਆਂ ਸੰਗਤਾਂ ਨੂੰ ਜੀ ਆਇਆਂ ਕਿਹਾ ਗਿਆ। ਇਸ ਮੌਕੇ ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਦੌਰਾਨ ਆਈਆ ਸੰਗਤਾਂ ਨਾਲ ਵਿਚਾਰ ਸਾਂਝੇ ਕਰਦਿਆ ਕਿਹਾ ਕਿ ਆਸਟ੍ਰੇਲੀਆ ਦੀ ਤਰੱਕੀ ਵਿੱਚ ਸਿੱਖ ਭਾਈਚਾਰੇ ਦਾ ਬਹੁਤ ਵੱਡਾ ਯੋਗਦਾਨ ਹੈ ਤੇ ਮੁਸੀਬਤ ਦੀ ਘੜੀ ਵਿੱਚ ਸਿੱਖ ਭਾਈਚਾਰੇ ਨੇ ਆਸਟ੍ਰੇਲੀਆਈ ਲੋਕਾਂ ਦੀ ਬਹੁਤ ਮਦਦ ਕੀਤੀ। ਪ੍ਰਧਾਨ ਮੰਤਰੀ ਨੇ ਸਿੱਖ ਭਾਈਚਾਰੇ ਵੱਲੋਂ ਕੀਤੇ ਜਾ ਰਹੇ ਸਮਾਜ ਭਲਾਈ ਦੇ ਕਾਰਜਾਂ ਦੀ ਪ੍ਰਸ਼ੰਸ਼ਾਂ ਕਰਦਿਆ ਕਿਹਾ ਕਿ ਸਿੱਖਾਂ ਨੇ ਆਪਣੀ ਸਖਤ ਮਿਹਨਤ ਤੇ ਲਗਨ ਸਦਕਾ ਇੱਕ ਵੱਖਰਾ ਮੁਕਾਮ ਹਾਸਲ ਕੀਤਾ ਹੈ ਤੇ ਆਸਟ੍ਰੇਲੀਆ ਵਿੱਚ ਹਰ ਮੁਸੀਬਤ ਦੇ ਸਮੇਂ ਅੱਗੇ ਹੋ ਕੇ ਇੱਥੋਂ ਦੇ ਲੋਕਾਂ ਦੀ ਮਦਦ ਕੀਤੀ ਹੈ, ਚਾਹੇ ਉਹ ਹੜ੍ਹ ਹੋਣ, ਅੱਗ, ਕੋਰੋਨਾ ਤਾਲਾਬੰਦੀ ਆਦਿ ਹਲਾਤਾਂ ਵਿੱਚ ਸਿੱਖਾਂ ਨੇ ਮੋਹਰੀ ਭੂਮਿਕਾ ਨਿਭਾਈ ਹੈ। ਕੋਵਿਡ ਦੌਰਾਨ ਉਨ੍ਹਾਂ ਵੱਲੋਂ ਮੁਹਈਆ ਕਰਵਾਇਆ ਗਿਆ ਸਿਰਫ ਭੋਜਨ ਹੀ ਨਹੀਂ ਸੀ, ਸਗੋਂ ਲੋੜਵੰਦ ਲੋਕਾਂ ਲਈ ਉਮੀਦ ਵੀ ਸੀ ।ਸਿੱਖ ਭਾਈਚਾਰਾ ਆਸਟ੍ਰੇਲੀਆ ਦਾ ਅਨਿਖੜਵਾਂ ਅੰਗ ਹੈ।ਮੈਂਬਰ ਪਾਰਲੀਮੈਂਟ ਸੈਮ ਰੇਅ ਨੇ ਕਿਹਾ ਕਿ ਕੋਵਿਡ ਮਹਾਂਮਾਰੀ ਦੇ ਦੌਰਾਨ ਸਿੱਖ ਭਾਈਚਾਰੇ ਤੇ ਉਨਾਂ ਵੱਲੋਂ ਕੀਤੀ ਜਾ ਰਹੀ ਸੇਵਾ ਨੂੰ ਨੇੜਿਓ ਦੇਖਣ ਦਾ ਮੌਕਾ ਮਿਲਿਆ ਤੇ ਉਹ ਬਹੁਤ ਪ੍ਰਭਾਵਿਤ ਹੋਏ। ਉਨ੍ਹਾਂ ਕਿਹਾ ਕਿ ਪੱਛਮੀ ਉਪਨਗਰਾਂ ਵਿੱਚ ਸਿੱਖ ਭਾਈਚਾਰੇ ਦਾ ਵਾਧਾ ਤੇ ਸਿੱਖ ਭਾਈਚਾਰੇ ਦੇ ਇੰਨੇ ਸਾਰੇ ਦੋਸਤ ਹੋਣਾ ਮੇਰੇ ਲਈ ਮਾਣ ਵਾਲੀ ਗੱਲ ਹੈ। ਮੈਂ ਸਿੱਖ ਭਾਈਚਾਰੇ ਵਲੋਂ ਆਸਟ੍ਰੇਲੀਅਨ ਲੋਕਾਂ ਦੇ ਜੀਵਨ ਵਿਚ ਕੀਤੇ ਗਏ ਸਾਰੇ ਕੰਮਾਂ ਦੀ ਦਿਲੋਂ ਸ਼ਲਾਘਾ ਕਰਦਾ ਹਾਂ। ਅੰਤ ਵਿੱਚ ਉਨ੍ਹਾਂ ਕਿਹਾ ਮੈਂ ਆਪਣੇ ਅਤੇ ਸਿੱਖ ਭਾਈਚਾਰੇ ਦਰਮਿਆਨ ਰਿਸ਼ਤੇ ਦੀ ਸੱਚਮੁੱਚ ਕਦਰ ਕਰਦਾ ਹਾਂ। ਇਸ ਮੌਕੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਦਾ ਸਿਰੋਪਾੳ ਦੁਆਰਾ ਸਨਮਾਨ ਕੀਤਾ ਗਿਆ ਤੇ ਸਿਰੀ ਸਾਹਿਬ ਤੇ ਮਹਾਰਾਜਾ ਰਣਜੀਤ ਸਿੰਘ ਦੀ ਤਸਵੀਰ ਭੇਟ ਕੀਤੀ ਗਈ। ਇਸ ਦੌਰਾਨ ਸੈਮ ਰੇਅ ਮੈਂਬਰ ਪਾਰਲੀਮੈਂਟ, ਸਟੀਵ ਮੈਕੇਈ ਮੈਂਬਰ ਪਾਰਲੀਮੈਂਟ ਦੇ ਨਾਲ ਨਾਲ ਵਿਕਟੋਰੀਆ ਪੁਲਿਸ ਦੇ ਨੁਮਾਇੰਦੀਆਂ ਦਾ ਵੀ ਸਨਮਾਨ ਕੀਤਾ ਗਿਆ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਲੰਗਰ ਤੇ ਨਵੇਂ ਬਣੇ ਖੇਡ ਮੈਦਾਨ ਦਾ ਦੌਰਾ ਕੀਤਾ ਤੇ ਖਿਡਾਰੀਆਂ ਨਾਲ ਤਸਵੀਰਾਂ ਖਿਚਵਾਈਆਂ। ਇਸ ਦੌਰਾਨ ਵੱਖ ਵੱਖ ਗੁਰਦੁਆਰਿਆਂ ਦੇ ਨੁਮਾਇਦਿਆਂ ਤੇ ਭਾਈਚਾਰੇ ਦੀ ਨਾਮਵਰ ਸਖਸ਼ੀਅਤਾਂ ਨੇ ਪ੍ਰਧਾਨ ਮੰਤਰੀ ਨੂੰ ਇੱਕ ਮੈਮਰੋਡੰਮ ਵੀ ਦਿੱਤਾ ਜਿਸ ਵਿੱਚ ਦਰਪੇਸ਼ ਆ ਰਹੀਆਂ ਮੁਸ਼ਕਿਲਾਂ ਜਿਵੇਂ ਕਿ ਮਾਪਿਆਂ ਦਾ ਵੀਜ਼ਾ, ਯਾਤਰੀ ਵੀਜ਼ਾ ਤੇ ਸਪਾਾਂਸਰ ਵੀਜ਼ਾ ਆਦਿ ਬਾਰੇ ਗੱਲ ਕੀਤੀ ਗਈ ਜਿਸ ਨੂੰ ਕਿ ਪ੍ਰਧਾਨ ਮੰਤਰੀ ਵੱਲੋਂ ਧਿਆਨ ਨਾਲ ਸੁਣਿਆ ਗਿਆ ਤੇ ਜਲਦ ਹੀ ਇਨਾਂ ਅੜਚਨਾਂ ਨੂੰ ਦੂਰ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਪ੍ਰਧਾਨ ਮੰਤਰੀ ਨੇ ਸੰਤ ਬਾਬਾ ਅਵਤਾਰ ਸਿੰਘ ਜੀ ਸੁਰ ਸਿੰਘ ਵਾਲਿਆਂ ਨਾਲ ਵੀਡਿੳ ਕਾਲ ਰਾਹੀ ਗੱਲ ਕੀਤੀ ਤੇ ਮੁਬਾਰਕਬਾਦ ਦਿੱਤੀ। ਇਸ ਮੌਕੇ ਗਿਆਨੀ ਅਤਰ ਸਿੰਘ ਜੀ ਗ੍ਰੰਥੀ ਗੁਰਦੁਆਰਾ ਜੋਤੀ ਸਰੂਪ ਸਾਹਿਬ, ਭਾਈ ਹਰਜੀਤ ਸਿੰਘ ਜੀ ਸਿੰਘਾਪੁਰ, ਬਲਵਿੰਦਰ ਸਿੰਘ ਜੀ ਕੰਗ ਐਡੀਲੇਡ, ਗਿਆਨੀ ਅਵਤਾਰ ਸਿੰਘ ਜੀ ਭੈਲ ਤੇ ਭਾਈ ਜਗਤਾਰ ਸਿੰਘ ਜੀ ਹਜੂਰੀ ਰਾਗੀ ਜਥਾ, ਵਲੰਟੀਅਰ ਤੇ ਸੇਵਾਦਾਰ ਹਾਜ਼ਰ ਸਨ।