Sports News

ICC Test Rankings: Ravichandran Ashwin ਬਣੇ ਗੇਂਦਬਾਜ਼ਾਂ ਦੇ ‘ਬਾਦਸ਼ਾਹ’ ਕਿੰਗ ਕੋਹਲੀ ਤੇ ਅਕਸ਼ਰ ਪਟੇਲ ਨੇ ਮਾਰੀ ਲੰਬੀ ਛਾਲ

ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ICC) ਨੇ ਬੁੱਧਵਾਰ ਨੂੰ ਤਾਜ਼ਾ ਟੈਸਟ ਰੈਂਕਿੰਗ ਜਾਰੀ ਕੀਤੀ ਹੈ। ਸਟਾਰ ਆਫ ਸਪਿਨਰ ਰਵੀਚੰਦਰਨ ਅਸ਼ਵਿਨ ਨੇ ਗੇਂਦਬਾਜ਼ੀ ਰੈਂਕਿੰਗ ‘ਚ ਫਿਰ ਤੋਂ ਚੋਟੀ ਦਾ ਸਥਾਨ ਹਾਸਲ ਕਰ ਲਿਆ ਹੈ। ਇਸ ਤੋਂ ਇਲਾਵਾ ਭਾਰਤ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਅਤੇ ਆਲਰਾਊਂਡਰ ਅਕਸ਼ਰ ਪਟੇਲ ਨੇ ਵੀ ਲੰਬੀ ਛਾਲ ਮਾਰੀ ਹੈ।

ਵਿਰਾਟ ਕੋਹਲੀ ਨੇ ਆਸਟ੍ਰੇਲੀਆ ਖਿਲਾਫ ਚੌਥੇ ਟੈਸਟ ਮੈਚ ‘ਚ ਆਪਣੇ ਕਰੀਅਰ ਦਾ 28ਵਾਂ ਸੈਂਕੜਾ ਲਗਾ ਕੇ ਤਿੰਨ ਸਾਲ ਦੇ ਸੋਕੇ ਨੂੰ ਖਤਮ ਕਰ ਦਿੱਤਾ। ਕੋਹਲੀ ਸੱਤ ਸਥਾਨਾਂ ਦੀ ਵੱਡੀ ਛਾਲ ਮਾਰ ਕੇ ਬੱਲੇਬਾਜ਼ੀ ਰੈਂਕਿੰਗ ਵਿੱਚ 13ਵੇਂ ਸਥਾਨ ’ਤੇ ਪਹੁੰਚ ਗਿਆ ਹੈ। ਦੱਸ ਦੇਈਏ ਕਿ ਭਾਰਤ ਦੇ ਰਿਸ਼ਭ ਪੰਤ (9ਵਾਂ ਸਥਾਨ) ਅਤੇ ਕਪਤਾਨ ਰੋਹਿਤ ਸ਼ਰਮਾ (10ਵਾਂ ਸਥਾਨ) ਟਾਪ-10 ਬੱਲੇਬਾਜ਼ਾਂ ਵਿੱਚ ਸ਼ਾਮਲ ਹਨ।

ਰਵੀਚੰਦਰਨ ਅਸ਼ਵਿਨ ਨੇ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ ਨੂੰ 10 ਅੰਕ ਪਿੱਛੇ ਛੱਡ ਕੇ ਚੋਟੀ ਦਾ ਸਥਾਨ ਬਰਕਰਾਰ ਰੱਖਿਆ ਹੈ। ਅਸ਼ਵਿਨ-ਐਂਡਰਸਨ ਸਾਂਝੇ ਤੌਰ ‘ਤੇ ਸਿਖਰ ‘ਤੇ ਸਨ ਪਰ ਹੁਣ ਭਾਰਤੀ ਆਫ ਸਪਿਨਰ ਨੇ ਉਨ੍ਹਾਂ ਨੂੰ ਪਛਾੜ ਦਿੱਤਾ ਹੈ। ਆਲਰਾਊਂਡਰਾਂ ਦੀ ਗੱਲ ਕਰੀਏ ਤਾਂ ਰਵਿੰਦਰ ਜਡੇਜਾ ਸਿਖਰਲੇ ਸਥਾਨ ‘ਤੇ ਬਰਕਰਾਰ ਹੈ। ਜਡੇਜਾ ਨੇ ਬਾਰਡਰ-ਗਾਵਸਕਰ ਟਰਾਫੀ ‘ਚ ਧਮਾਕੇਦਾਰ ਪ੍ਰਦਰਸ਼ਨ ਕੀਤਾ ਸੀ। ਭਾਰਤ ਦੇ ਆਲਰਾਊਂਡਰ ਅਕਸ਼ਰ ਪਟੇਲ ਨੂੰ ਵੀ ਜ਼ਬਰਦਸਤ ਫਾਇਦਾ ਹੋਇਆ ਹੈ।

ਅਕਸ਼ਰ ਪਟੇਲ ਨੇ ਬਾਰਡਰ-ਗਾਵਸਕਰ ਟਰਾਫੀ ਵਿੱਚ ਭਲੇ ਹੀ ਦੋ ਵਿਕਟਾਂ ਲਈਆਂ ਹੋਣ, ਪਰ ਉਸ ਨੇ ਬੱਲੇ ਨਾਲ ਤਿੰਨ ਅਰਧ ਸੈਂਕੜੇ ਜੜੇ। ਪਟੇਲ ਬੱਲੇਬਾਜ਼ੀ ਰੈਂਕਿੰਗ ‘ਚ ਅੱਠ ਸਥਾਨਾਂ ਦੀ ਛਲਾਂਗ ਲਗਾ ਕੇ 44ਵੇਂ ਸਥਾਨ ‘ਤੇ ਪਹੁੰਚ ਗਿਆ ਹੈ। ਇਸ ਦੇ ਨਾਲ ਹੀ ਉਹ ਆਲਰਾਊਂਡਰਾਂ ਦੀ ਸੂਚੀ ‘ਚ ਚੌਥੇ ਸਥਾਨ ‘ਤੇ ਪਹੁੰਚ ਗਿਆ ਹੈ।

ਕੌਣ ਹੈ ਸਿਖਰ ‘ਤੇ

ਆਈਸੀਸੀ ਦੀ ਬੱਲੇਬਾਜ਼ੀ ਰੈਂਕਿੰਗ ਦੀ ਗੱਲ ਕਰੀਏ ਤਾਂ ਆਸਟ੍ਰੇਲੀਆ ਦੇ ਮਾਰਨਸ ਲੈਬੁਸ਼ੇਨ (915 ਅੰਕ) ਪਹਿਲੇ ਸਥਾਨ ‘ਤੇ ਕਾਬਜ਼ ਹਨ। ਸਟੀਵ ਸਮਿਥ (872) ਦੂਜੇ, ਜੋ ਰੂਟ (871) ਤੀਜੇ, ਬਾਬਰ ਆਜ਼ਮ (862) ਚੌਥੇ ਅਤੇ ਟ੍ਰੈਵਿਸ ਹੈੱਡ (853) ਪੰਜਵੇਂ ਸਥਾਨ ‘ਤੇ ਹਨ।

ਆਲਰਾਊਂਡਰਾਂ ਦੀ ਸੂਚੀ ‘ਚ ਰਵਿੰਦਰ ਜਡੇਜਾ (431) ਨੰਬਰ-1 ‘ਤੇ ਹੈ। ਰਵੀਚੰਦਰਨ ਅਸ਼ਵਿਨ (359) ਦੂਜੇ, ਸ਼ਾਕਿਬ ਅਲ ਹਸਨ (329) ਤੀਜੇ, ਅਕਸ਼ਰ ਪਟੇਲ (316) ਚੌਥੇ ਅਤੇ ਬੇਨ ਸਟੋਕਸ (307) ਪੰਜਵੇਂ ਸਥਾਨ ‘ਤੇ ਹਨ।

Video