ਕੁਝ ਦਿਨ ਪਹਿਲਾਂ ਇੱਕ ਖਬਰ ਪ੍ਰਕਾਸ਼ਿਤ ਹੋਈ ਸੀ ਕਿ ਮਲੇਸ਼ੀਆ ਮੂਲ ਦੀ 40 ਸਾਲਾ ਸ਼ੈਰਨ ਚੂ ਜਿਸ ਦੇ ਨਿਊਜੀਲੈਂਡ ਮੂਲ ਦੇ ਪਤੀ ਬੇਰੀ ਇਯੇਡ ਤੋਂ 4 ਬੱਚੇ ਹਨ ਤੇ ਸ਼ੈਰਨ ਬੀਤੇ ਲੰਬੇ ਸਮੇਂ ਤੋਂ ਨਿਊਜੀਲੈਂਡ ਰਹਿ ਰਹੀ ਹੈ, ਨੂੰ ਇਸ ਲਈ ਇਮੀਗ੍ਰੇਸ਼ਨ ਨਿਊਜੀਲੈਂਡ ਨੇ ਪੱਕੀ ਰਿਹਾਇਸ਼ ਨਹੀਂ ਦਿੱਤੀ, ਕਿਉਂਕਿ ਬੇਰੀ ਨੇ ਪਹਿਲਾਂ ਹੀ ਆਪਣੀਆਂ 2 ਵਿਦੇਸ਼ੀ ਪਤਨੀਆਂ ਨੂੰ 1992 ਅਤੇ 2003 ਵਿੱਚ ਨਿਊਜੀਲੈਂਡ ਦੀ ਪੱਕੀ ਰਿਹਾਇਸ਼ ਦੁਆਉਣ ਵਿੱਚ ਮੱਦਦ ਕੀਤੀ ਸੀ।
ਇਸ ਮਾਮਲੇ ਵਿੱਚ ਇੱਕ ਨਵਾਂ ਮੋੜ ਆਇਆ ਹੈ ਤੇ ਬੇਰੀ ਦੀ ਪਹਿਲੀ ਪਤਨੀ ਕੈਥਰੀਨ ਸਟੀਵੇਨਸਨ ਜੋ ਕਿ ਇੰਗਲੈਂਡ ਦੀ ਜੰਮਪਲ ਹੈ ਤੇ ਇਸ ਵੇਲੇ ਉੱਥੇ ਹੀ ਰਹਿ ਰਹੀ ਹੈ, ਨੇ ਸਾਹਮਣੇ ਆਉਂਦਿਆਂ ਇਹ ਕਿਹਾ ਹੈ ਕਿ ਉਸ ਨੂੰ ਬੇਰੀ ਨੇ ਪੱਕੀ ਰਿਹਾਇਸ਼ ਲਈ ਕਦੇ ਵੀ ਸਪਾਂਸਰ ਨਹੀਂ ਕੀਤਾ।
1992 ਵਿੱਚ ਉਹ ਬੇਰੀ ਨਾਲ ਰਹਿਣ ਨਿਊਜੀਲੈਂਡ ਜਰੂਰ ਆਈ ਸੀ, ਪਰ ਉਸ ਕੋਲ ਇੱਕ ਸਾਲ ਦਾ ਟੈਂਪਰੇਰੀ ਵੀਜਾ ਸੀ ਤੇ ਕਿਉਂਕਿ ਉਸਦੀ ਪਤੀ ਬੇਰੀ ਨਾਲ ਨਹੀਂ ਬਣੀ, ਇਸ ਲਈ ਉਹ ਇੰਗਲੈਂਡ ਵਾਪਿਸ ਚਲੇ ਗਈ ਤੇ ਤੱਦ ਤੋਂ ਲੈਕੇ ਹੁਣ ਤੱਕ ਉਹ ਕਦੇ ਵੀ ਮੁੜ ਕੇ ਵਾਪਿਸ ਨਿਊਜੀਲੈਂਡ ਨਹੀਂ ਆਈ।
ਕੈਥਰੀਨ ਦਾ ਕਹਿਣਾ ਹੈ ਕਿ ਸ਼ੈਰਨ ਸੁਭਾਅ ਦੀ ਬਹੁਤ ਵਧੀਆ ਹੈ ਤੇ ਇਮੀਗ੍ਰੇਸ਼ਨ ਨਿਊਜੀਲੈਂਡ ਦੇ ਉਸ ਫੈਸਲੇ ਦਾ ਬੁਰਾ ਪ੍ਰਭਾਵ ਸ਼ੈਰਨ ਤੇ ਉਸਦੇ ਬੱਚਿਆਂ ‘ਤੇ ਨਹੀਂ ਪੈਣਾ ਚਾਹੀਦਾ, ਜਿਸ ਲਈ ਉਹ ਜਿੰਮੇਵਾਰ ਹੀ ਨਹੀਂ ਹਨ। ਦੂਜੇ ਪਾਸੇ ਇਮੀਗ੍ਰੇਸ਼ਨ ਨਿਊਜੀਲੈਂਡ ਦੇ ਜਨਰਲ ਮੈਨੇਜਰ ਬਾਰਡਰ ਐਂਡ ਵੀਜਾ ਆਪਰੇਸ਼ਨਜ਼ ਮਾਈਕਲ ਕਾਰਲੇ ਦਾ ਇਸ ਸਬੰਧੀ ਕਹਿਣਾ ਹੈ ਕਿ ਇਮੀਗ੍ਰੇਸ਼ਨ ਨਿਊਜੀਲੈਂਡ ਇਸ ਮਾਮਲੇ ‘ਤੇ ਕੋਈ ਵੀ ਬਿਆਨਬਾਜੀ ਨਹੀਂ ਕਰੇਗੀ, ਕਿਉਂਕਿ ਕੇਸ ਇਸ ਵੇਲੇ ਇਮੀਗ੍ਰੇਸ਼ਨ ਟ੍ਰਿਬਿਊਨਲ ਦੇ ਵਿਚਾਰ ਅਧੀਨ ਹੈ।