ਨਵੀਂ ਦਿੱਲੀ ’ਚ ਕੁਝ ਦਿਨ ਪਹਿਲਾਂ ਖੇਡੀ ਗਈ ਵਰਲਡ ਮਹਿਲਾ ਬਾਕਸਿੰਗ ਚੈਂਪੀਅਨਸ਼ਿਪ ’ਚ ਇੰਡੀਅਨ ਮਹਿਲਾ ਮੁੱਕੇਬਾਜ਼ਾਂ ਲਵਲੀਨਾ, ਸਵੀਟੀ ਬੂਰਾ, ਨਿਖਤ ਜ਼ਰੀਨ ਤੇ ਨੀਤੂ ਘੰਘਾਸ ਨੇ ਚਾਰ ਗੋਲਡ ਮੈਡਲ ਦੇਸ਼ ਦੀ ਝੋਲੀ ਪਾਏ ਹਨ। ਇਹ ਦੂਜੀ ਵਾਰ ਹੈ ਜਦੋਂ ਦੇਸ਼ ਦੀਆਂ ਮਹਿਲਾ ਖਿਡਾਰਨਾਂ ਨੇ ਚਾਰ ਸੋਨ ਤਗ਼ਮੇ ਜਿੱਤਣ ਦਾ ਕਰਿਸ਼ਮਾ ਕੀਤਾ ਹੈ। ਨਵੀਂ ਦਿੱਲੀ-2006 ’ਚ ਭਾਰਤੀ ਮਹਿਲਾ ਮੁੱਕੇਬਾਜ਼ਾਂ ਨੇ ਚਾਰ ਗੋਲਡ ਮੈਡਲਾਂ ਦਾ ਚੌਕਾ ਲਾਉਣ ਦਾ ਕਾਰਨਾਮਾ ਕੀਤਾ ਸੀ। ਨਵੀਂ ਦਿੱਲੀ-2006 ਵਰਲਡ ਮਹਿਲਾ ਬਾਕਸਿੰਗ ਚੈਂਪੀਅਨਸ਼ਿਪ ’ਚ ਮੈਰੀਕਾਮ, ਸਵੀਤਾ ਦੇਵੀ, ਆਰਐਲ ਜੈਨੀ ਤੇ ਕੇਸੀ ਲੇਖਾ ਨੇ ਚਾਰ ਗੋਲਡ ਜਿੱਤੇ ਸਨ। ਇਸ ਵਾਰ ਚਾਰ ਗੋਲਡ ਮੈਡਲ ਜੇਤੂ ਚਾਰੇ ਮੁੱਕੇਬਾਜ਼ਾਂ ਨੂੰ 82.7 ਲੱਖ (ਹਰੇਕ ਨੂੰ 82.7 ਲੱਖ) ਦੀ ਇਨਾਮੀ ਰਾਸ਼ੀ ਨਾਲ ਨਿਵਾਜਿਆ ਹੈ।
ਆਸਾਮ ਦੀ ਹੈ ਲਵਲੀਨਾ
ਟੋਕੀਓ-2020 ਓਲੰਪਿਕ ’ਚ ਤਾਂਬੇ ਦਾ ਤਗ਼ਮਾ ਜਿੱਤਣ ਵਾਲੀ ਮਹਿਲਾ ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਨੇ ਨਵੀਂ ਦਿੱਲੀ ਵਰਲਡ ਕੱਪ ਬਾਕਸਿੰਗ ਚੈਂਪੀਅਨਸ਼ਿਪ ’ਚ ਗੋਲਡ ਮੈਡਲ ਜਿੱਤਣ ਦਾ ਕਰਿਸ਼ਮਾ ਕੀਤਾ ਹੈ।
75 ਕਿਲੋਗ੍ਰਾਮ ਕੈਟੇਗਿਰੀ ’ਚ ਲਵਲੀਨਾ ਨੇ ਫਾਈਨਲ ’ਚ ਆਸਟਰੇਲੀਆ ਦੀ ਬਾਕਸਰ ਕੈਨਲਿਨ ਪਾਰਕਰ ਨੂੰ ਮਾਤ ਦੇ ਕੇ ਗੋਲਡ ਮੈਡਲ ਆਪਣੇ ਨਾਮ ਕੀਤਾ ਹੈ। ਲਵਲੀਨਾ ਨੇ ਇਸ ਮੁਕਾਬਲੇ ’ਚ ਕੰਗਾਰੂ ਮੁੱਕੇਬਾਜ਼ ਪਾਰਕਰ ਨੂੰ 5-2 ਅੰਕਾਂ ਨਾਲ ਹਰਾਉਣ ’ਚ ਸਫ਼ਲਤਾ ਹਾਸਲ ਕੀਤੀ ਹੈ। ਇਸੇ ਮੁਕਾਬਲੇ ’ਚ ਸਾਲ-2018 ਤੇ 2019 ’ਚ ਤਾਂਬੇ ਦੇ ਦੋ ਤਗ਼ਮੇ ਜਿੱਤਣ ਵਾਲੀ 25 ਸਾਲਾ ਬਾਕਸਰ ਲਵਲੀਨਾ ਨੇ ਵਰਲਡ ਮੁੱਕੇਬਾਜ਼ੀ ਚੈਂਪੀਅਨ ’ਚ ਇਹ ਪਲੇਠਾ ਸੋਨ ਤਗ਼ਮਾ ਜਿੱਤਿਆ ਹੈ। ਓਲੰਪੀਅਨ ਮੁੱਕੇਬਾਜ਼ ਐਮਸੀ ਮੈਰੀਕਾਮ ਤੋਂ ਬਾਅਦ ਲਵਲੀਨਾ ਦੇਸ਼ ਦੀ ਦੂਜੀ ਮਹਿਲਾ ਮੁੱਕੇਬਾਜ਼ ਹੈ, ਜਿਸ ਨੇ ਟੋਕੀਓ ਓਲੰਪਿਕ ’ਚ ਤਗ਼ਮਾ ਹਾਸਲ ਕੀਤਾ ਹੈ।
ਗੋਲਡ ਮੈਡਲ ਜਿੱਤਣ ਤੋਂ ਬਾਅਦ ਲਵਲੀਨਾ ਦਾ ਕਹਿਣਾ ਸੀ ਕਿ ਹਾਲਾਂਕਿ ਉਸ ਨੇ ਰਿੰਗ ’ਚ ਪੂਰੀ ਯੋਜਨਾ ’ਤੇ ਧਿਆਨ ਕੇਂਦਰਤ ਨਹੀਂ ਕੀਤਾ ਪਰ ਇਸ ਦੇ ਬਾਵਜੂਦ ਉਸ ਨੇ ਜਿੱਤ ਦਾ ਪਰਚਮ ਲਹਿਰਾਇਆ ਹੈ। ਲਵਲੀਨਾ ਦਾ ਜਨਮ 2 ਅਕਤੂਬਰ, 1997 ’ਚ ਅਸਾਮ ਦੇ ਜ਼ਿਲ੍ਹਾ ਗੋਲਾਘਾਟ ’ਚ ਮਾਮੋਨੀ ਬੋਰਗੋਹੇਨ ਦੀ ਕੁੱਖੋਂ ਟਿਕੇਨ ਬੋਰਗੋਹੇਨ ਦੇ ਗ੍ਰਹਿ ਵਿਖੇ ਹੋਇਆ।
ਲਵਲੀਨਾ ਦੀ ਦੋ ਵੱਡੀਆ ਜੁੜਵਾ ਭੈਣਾਂ ਲਿਚਾ ਤੇ ਲੀਮਾ ਵੀ ਰਾਸ਼ਟਰੀ ਪੱਧਰ ’ਤੇ ਮੁੱਕੇਬਾਜ਼ੀ ’ਚ ਹੱਥ ਅਜ਼ਮਾ ਚੁੱਕੀਆਂ ਹਨ। ਲਵਲੀਨਾ ਅਸਾਮ ਦੀ ਪਹਿਲੀ ਅਥਲੀਟ ਹੈ, ਜਿਸ ਨੇ ਦੇਸ਼ ਦੀ ਝੋਲੀ ’ਚ ਤਗ਼ਮਾ ਪਾਇਆ ਹੈ। ਟੋਕੀਓ ਓਲੰਪਿਕ ’ਚ ਤਾਂਬੇ ਦਾ ਤਗ਼ਮਾ ਜਿੱਤਣ ਤੋਂ ਬਾਅਦ ਲਵਲੀਨਾ ਨੂੰ ਅਸਾਮ ਪੁਲੀਸ ’ਚ ਡੀਐਸਪੀ ਦੇ ਅਹੁਦੇ ’ਤੇ ਤੈਨਾਤ ਕੀਤਾ ।
ਲਵਲੀਨਾ ਨੇ ਸਾਲ-2012 ’ਚ ਸਕੂਲ ਤੋਂ ਮੁੱਕੇਬਾਜ਼ੀ ਦਾ ਆਗਾਜ਼ ਕੀਤਾ। ਲਵਲੀਨਾ ਨੂੰ ਸਿਖਲਾਇਰ ਪਦਮ ਬੋਰੋ ਵਲੋਂ ਟਰੇਂਡ ਕੀਤਾ ਪਰ ਬਾਅਦ ’ਚ ਮਹਿਲਾ ਟਰੇਨਰ ਸ਼ਿਵ ਸਿੰਘ ਵਲੋਂ ਲਵਲੀਨਾ ਨੂੰ ਮੁੱਕੇਬਾਜ਼ੀ ਦੀ ਕੋਚਿੰਗ ਦੀ ਜ਼ਿੰਮੇਵਾਰੀ ਆਪਣੇ ਹੱਥਾਂ ’ਚ ਸਾਂਭਣੀ ਪਈ। ਟੋਕੀਓ-2020 ਓਲੰਪਿਕ ’ਚ ਤਾਂਬੇ ਦਾ ਤਗ਼ਮਾ ਹਾਸਲ ਕਰਨ ਤੋਂ ਬਾਅਦ ਅੱਜ ਘਰੇਲੂ ਮੈਦਾਨ ’ਤੇ ਖੇਡੀ ਮਹਿਲਾ ਵਰਲਡ ਮੁੱਕੇਬਾਜ਼ੀ ਚੈਂਪੀਅਨਸ਼ਿਪ ’ਚ ਗੋਲਡ ਮੈਡਲ ਜਿੱਤਣ ਨਾਲ ਹੌਸਲਾ ਸੱਤ ਅਸਮਾਨ ’ਤੇ ਹੈ।