ਪੂਰਬੀ ਲੋਕਤੰਤਰੀ ਗਣਰਾਜ ਕਾਂਗੋ ਵਿੱਚ ਐਤਵਾਰ (2 ਅਪ੍ਰੈਲ) ਨੂੰ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ। ਇਸ ਹਾਦਸੇ ਵਿੱਚ 21 ਲੋਕਾਂ ਦੀ ਮੌਤ ਹੋ ਗਈ ਹੈ। ਇਸ ਤੋਂ ਇਲਾਵਾ ਕਈ ਹੋਰ ਲੋਕ ਲਾਪਤਾ ਹਨ। ਮਾਸੀਸੀ ਦੇ ਸਥਾਨਕ ਖੇਤਰ ਦੇ ਇੱਕ ਸਿਵਲ ਸੋਸਾਇਟੀ ਨੇਤਾ ਵੋਲਟੇਅਰ ਬਟੁੰਡੀ ਨੇ ਦੱਸਿਆ ਕਿ ਐਤਵਾਰ ਨੂੰ ਬੋਲੋਵਾ ਪਿੰਡ ਦੇ ਨਦੀ ਖੇਤਰ ਦੇ ਕੋਲ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ। ਇਸ ਹਾਦਸੇ ਤੋਂ ਬਾਅਦ ਅੱਠ ਔਰਤਾਂ ਅਤੇ 13 ਬੱਚਿਆਂ ਦੀਆਂ ਲਾਸ਼ਾਂ ਮਿਲੀਆਂ ਹਨ।
ਜ਼ਮੀਨ ਖਿਸਕਣ ਦੀ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਸਥਾਨਕ ਇਲਾਕੇ ਵਿੱਚ ਰਹਿਣ ਵਾਲੀਆਂ ਔਰਤਾਂ ਕੱਪੜੇ ਧੋ ਰਹੀਆਂ ਸਨ ਅਤੇ ਬਰਤਨ ਸਾਫ਼ ਕਰ ਰਹੀਆਂ ਸਨ। ਉਸ ਸਮੇਂ ਔਰਤਾਂ ਦੇ ਬੱਚੇ ਵੀ ਇਕੱਠੇ ਇਸ਼ਨਾਨ ਕਰ ਰਹੇ ਸਨ। ਹਾਲਾਂਕਿ ਇਸ ਦੌਰਾਨ ਇੱਕ ਵਿਅਕਤੀ ਦੀ ਜਾਨ ਬਚ ਗਈ, ਜਿਸ ਨੂੰ ਬਾਅਦ ਵਿੱਚ ਸਿਹਤ ਕੇਂਦਰ ਲਿਜਾਇਆ ਗਿਆ।
ਫਸੇ ਹੋਏ ਲੋਕਾਂ ਨੂੰ ਕੱਢਣ ਲਈ ਸਰਚ ਆਪਰੇਸ਼ਨ ਜਾਰੀ- ਹਾਦਸੇ ਤੋਂ ਬਾਅਦ ਲਾਸ਼ਾਂ ਨੂੰ ਕੱਢਣ ਦੌਰਾਨ ਵਾਲਟੇਅਰ ਬਟੂੰਡੀ ਨੇ ਕਿਹਾ ਕਿ ਸਾਨੂੰ ਲੱਗਦਾ ਹੈ ਕਿ ਚਿੱਕੜ ‘ਚ ਅਜੇ ਹੋਰ ਲਾਸ਼ਾਂ ਹਨ। ਇਸ ਦੇ ਨਾਲ ਹੀ ਘਟਨਾ ਦੇ ਇੱਕ ਦਿਨ ਬਾਅਦ ਵੀ ਫਸੇ ਲੋਕਾਂ ਨੂੰ ਬਚਾਉਣ ਲਈ ਸਰਚ ਆਪਰੇਸ਼ਨ ਜਾਰੀ ਹੈ। ਓਸੋ-ਬਾਨਯੁੰਗੂ ਸਿਵਲ ਸੁਸਾਇਟੀ ਸਮੂਹ ਦੇ ਮੁਖੀ ਫੈਬਰਿਸ ਮੁਫਿਰਵਾ ਕੁਬੂਆ ਨੇ ਕਿਹਾ ਕਿ ਦੁਪਹਿਰ ਦੇ ਕਰੀਬ ਬੋਲੋਵਾ ਪਿੰਡ ਵਿੱਚ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ। ਹਾਲਾਂਕਿ, ਸਥਾਨਕ ਮੀਡੀਆ ਰਿਪੋਰਟਾਂ ਦੇ ਅਨੁਸਾਰ, ਮਰਨ ਵਾਲਿਆਂ ਦੀ ਗਿਣਤੀ 30 ਤੱਕ ਹੋ ਸਕਦੀ ਹੈ। ਸਥਾਨਕ ਲੋਕਾਂ ਦਾ ਮੰਨਣਾ ਹੈ ਕਿ ਭਾਰੀ ਮੀਂਹ ਕਾਰਨ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ ਹੈ।
ਪਿਛਲੇ ਸਾਲ ਵੀ ਢਿੱਗਾਂ ਡਿੱਗੀਆਂ ਸਨ- ਸਥਾਨਕ ਨੇਤਾ ਅਲਫੋਂਸ ਮੁਚੇਸ਼ਾ ਮਿਹਿੰਗਨੋ ਨੇ ਐਸੋਸੀਏਟਡ ਪ੍ਰੈਸ ਨੂੰ ਦੱਸਿਆ ਕਿ ਜ਼ਮੀਨ ਖਿਸਕਣ ਨਾਲ ਉਨ੍ਹਾਂ ਵਿਚੋਂ ਕੁਝ ਦੱਬ ਗਏ ਸਨ। ਪਿਛਲੇ ਸਾਲ ਸਤੰਬਰ 2022 ਵਿੱਚ, ਮਾਸੀਸੀ ਖੇਤਰ ਦੇ ਬਿਹੰਬਵੇ ਪਿੰਡ ਵਿੱਚ ਜ਼ਮੀਨ ਖਿਸਕਣ ਨਾਲ ਲਗਭਗ 100 ਲੋਕਾਂ ਦੀ ਮੌਤ ਹੋ ਗਈ ਸੀ। ਤੁਹਾਨੂੰ ਦੱਸ ਦੇਈਏ ਕਿ ਪੂਰਬੀ ਕਾਂਗੋ 120 ਤੋਂ ਵੱਧ ਹਥਿਆਰਬੰਦ ਸਮੂਹਾਂ ਦੀ ਹਿੰਸਾ ਨਾਲ ਤਬਾਹ ਹੋ ਗਿਆ ਹੈ। ਇਹ ਸਾਰੇ ਲੋਕ ਸੱਤਾ, ਜ਼ਮੀਨ ਅਤੇ ਕੁਦਰਤੀ ਸਰੋਤਾਂ ਲਈ ਲੜ ਰਹੇ ਹਨ, ਜਦੋਂ ਕਿ ਕੁਝ ਆਪਣੇ ਭਾਈਚਾਰਿਆਂ ਦੀ ਰੱਖਿਆ ਲਈ ਲੜ ਰਹੇ ਹਨ।