ਅੰਮ੍ਰਿਤਸਰ ‘ਚ ਰੋਜ਼ ਐਨਕਲੇਵ ਸਥਿਤ ਇੱਕ ਘਰ ‘ਚ ਭਿਆਨਕ ਅੱਗ ਲੱਗ ਗਈ। ਇਸ ਹਾਦਸੇ ‘ਚ 3 ਲੋਕਾਂ ਦੀ ਜ਼ਿੰਦਾ ਸੜਨ ਕਾਰਨ ਮੌਤ ਹੋ ਗਈ, ਜਦਕਿ 4 ਲੋਕ ਬੁਰੀ ਤਰ੍ਹਾਂ ਝੁਲਸ ਗਏ। ਸਾਰੇ ਜ਼ਖਮੀਆਂ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਮੰਨਿਆ ਜਾ ਰਿਹਾ ਹੈ।
ਹਾਸਲ ਜਾਣਕਾਰੀ ਮੁਤਾਬਕ ਰੋਜ਼ ਐਨਕਲੇਵ ਸਥਿਤ ਕੋਠੀ ਨੰਬਰ 18 ਵਿੱਚ ਅਚਾਨਕ ਅੱਗ ਲੱਗ ਗਈ। ਅੱਗ ਦੀਆਂ ਲਪਟਾਂ ਦੇਖ ਕੇ ਆਸਪਾਸ ਦੇ ਲੋਕਾਂ ਨੇ ਤੁਰੰਤ ਪੁਲਿਸ ਤੇ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ। ਜਦੋਂ ਅੱਗ ਲੱਗੀ ਤਾਂ ਘਰ ਵਿੱਚ ਸੱਤ ਲੋਕ ਸੁੱਤੇ ਹੋਏ ਸਨ। ਜਦੋਂ ਉਹ ਜਾਗੇ ਤਾਂ ਅੱਗ ਇੰਨੀ ਵਧ ਚੁੱਕੀ ਸੀ ਕਿ ਉਹ ਬਾਹਰ ਨਹੀਂ ਨਿਕਲ ਸਕੇ ਤੇ ਜ਼ਿੰਦਾ ਸੜ ਕੇ ਮਰ ਗਏ।
ਮ੍ਰਿਤਕਾਂ ਦੀ ਪਛਾਣ ਤਜਿੰਦਰ ਸਿੰਘ (40), ਮਨਦੀਪ ਕੌਰ (39) ਤੇ ਪੁੱਤਰ ਦਿਲਪ੍ਰੀਤ ਵਜੋਂ ਹੋਈ ਹੈ। ਜਦੋਂਕਿ ਦੂਜੇ ਕਮਰੇ ਵਿੱਚ ਸਹਿਜ, ਦਿਲਵੰਸ਼, ਕਿਰਨ ਤੇ ਸੁਖਮਨ ਸੌਂ ਰਹੇ ਸਨ। ਅੱਗ ਨਾਲ ਉਹ ਵੀ ਝੁਲਸ ਗਏ ਪਰ ਸਮੇਂ ਸਿਰ ਬਾਹਰ ਨਿਕਲ ਗਏ। ਗੰਭੀਰ ਹਾਲਤ ‘ਚ ਜ਼ਖਮੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।