ਲਖਨਊ ਸੁਪਰ ਜਾਇੰਟਜ਼ ਨੇ ਇਕ ਵਾਰ ਮੁੜ ਆਪਣੇ ਘਰੇਲੂ ਮੈਦਾਨ ’ਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸ਼ੁੱਕਰਵਾਰ ਨੂੰ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਹੈਦਰਾਬਾਦ ਦੀ ਟੀਮ ਦੀ ਸ਼ੁਰੂਆਤ ਖ਼ਰਾਬ ਰਹੀ ਜਿਸ ਤੋਂ ਬਾਅਦ ਉਹ ਸੰਭਲ ਨਹੀਂ ਸਕੀ ਤੇ ਤੈਅ 20 ਓਵਰਾਂ ’ਚ ਅੱਠ ਵਿਕਟਾਂ ’ਤੇ 121 ਦੌੜਾਂ ਦਾ ਸਕੋਰ ਹੀ ਬਣਾ ਸਕੀ। ਜਵਾਬ ’ਚ ਲਖਨਊ ਸੁਪਰ ਜਾਇੰਟਜ਼ ਨੇ ਚਾਰ ਓਵਰ ਬਾਕੀ ਰਹਿੰਦਿਆਂ ਪੰਜ ਵਿਕਟਾਂ ਦੇ ਨੁਕਸਾਨ ’ਤੇ 127 ਦੌੜਾਂ ਬਣਾ ਕੇ ਮੈਚ ਆਪਣੇ ਨਾਂ ਕੀਤਾ।
ਇਸ ਮੈਚ ਵਿਚ ਲਖਨਊ ਵੱਲੋਂ ਕਰੁਣਾਲ ਪਾਂਡਿਆ ਨੇ ਹਰਫ਼ਨਮੌਲਾ ਖੇਡ ਦਾ ਪ੍ਰਦਰਸ਼ਨ ਕੀਤਾ। ਉਸ ਨੇ ਪਹਿਲਾਂ ਗੇਂਦਬਾਜ਼ੀ ਕਰਦਿਆਂ ਆਪਣੇ ਕੋਟੇ ਦੇ ਚਾਰ ਓਵਰਾਂ ਚ 18 ਦੌੜਾਂ ਦੇ ਕੇ ਤਿੰਨ ਵਿਕਟਾਂ ਹਾਸਲ ਕੀਤੀਆਂ ਤੇ ਫਿਰ ਬੱਲੇਬਾਜ਼ੀ ਕਰਦਿਆਂ 34 ਦੌੜਾਂ ਬਣਾਈਆਂ।
ਇਸ ਤੋਂ ਪਹਿਲਾਂ ਪਹਿਲੇ ਤੇ ਦੂਜੇ ਮੈਚ ਵਿਚ ਆਪਣੀ ਗੇਂਦਬਾਜ਼ੀ ਨਾਲ ਕੁਝ ਖ਼ਾਸ ਕਮਾਲ ਨਾ ਦਿਖਾ ਸਕਣ ਵਾਲੇ ਐੱਲਐੱਸਜੀ ਦੇ ਹਰਫ਼ਨਮੌਲਾ ਖਿਡਾਰੀ ਕਰੁਣਾਲ ਪਾਂਡਿਆ ਨੇ ਹੈਦਰਾਬਾਦ ਖ਼ਿਲਾਫ਼ ਟੀਮ ਨੂੰ ਜ਼ਬਰਦਸਤ ਸ਼ੁਰੂਆਤ ਦਿਵਾਈ। ਹਾਲਾਂਕਿ ਪਾਂਡਿਆ ਦੇ ਪਹਿਲੇ ਓਵਰ ਦੀ ਦੂਜੀ ਗੇਂਦ ’ਤੇ ਮਯੰਕ ਅਗਰਵਾਲ ਨੇ ਫਾਈਨ ਲੈੱਗ ਦੇ ਉੱਪਰੋਂ ਬਿਹਤਰੀਨ ਚੌਕਾ ਲਾ ਕੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਇਸ ਤੋਂ ਅਗਲੀ ਹੀ ਗੇਂਦ ’ਤੇ ਸਟੋਈਨਿਸ ਨੂੰ ਆਸਾਨ ਕੈਚ ਦੇ ਬੈਠੇ।
ਇੱਥੇ ਤਕ ਮੈਚ ਲਗਭਗ ਬਰਾਬਰੀ ’ਤੇ ਚੱਲ ਰਿਹਾ ਸੀ ਪਰ ਮੈਚ ਦੇ ਅੱਠਵੇਂ ਤੇ ਆਪਣੇ ਤੀਜੇ ਓਵਰ ਵਿਚ ਲਗਾਤਾਰ ਦੋ ਵਿਕਟਾਂ ਹਾਸਲ ਕਰ ਕੇ ਪਾਂਡਿਆ ਨੇ ਮਹਿਮਾਨਾਂ ਨੂੰ ਬੈਕਫੁੱਟ ’ਤੇ ਧੱਕ ਦਿੱਤਾ। ਉਨ੍ਹਾਂ ਨੇ ਪੰਜਵੀਂ ਗੇਂਦ ’ਤੇ ਸਲਾਮੀ ਬੱਲੇਬਾਜ਼ ਅਨਮੋਲਪ੍ਰੀਤ ਨੂੰ ਲੱਤ ਅੜਿੱਕਾ ਤੇ ਆਖ਼ਰੀ ਗੇਂਦ ’ਤੇ ਹੈਦਰਾਬਾਦ ਦੇ ਕਪਤਾਨ ਤੇ ਦਿੱਗਜ ਬੱਲੇਬਾਜ਼ ਏਡੇਨ ਮਾਰਕਰੈਮ ਨੂੰ ਆਊਟ ਕੀਤਾ। ਇੱਥੋਂ ਮਹਿਮਾਨ ਟੀਮ ਮੈਚ ਵਿਚ ਪੱਛੜ ਗਈ। ਇਸ ਤਰ੍ਹਾਂ ਆਪਣੇ ਲਗਾਤਾਰ ਦੂਜੇ ਮੈਚ ਵਿਚ ਸਨਰਾਈਜ਼ਰਜ਼ ਹੈਦਰਾਬਾਦ ਪਹਿਲੇ ਪਾਵਰ ਪਲੇਅ ਦਾ ਫ਼ਾਇਦਾ ਨਾ ਉਠਾ ਸਕੀ। ਤਿੰਨ ਓਵਰਾਂ ’ਚ ਤਿੰਨ ਵਿਕਟਾਂ ਹਾਸਲ ਕਰਨ ਵਾਲੇ ਕਰੁਣਾਲ ਪਾਂਡਿਆ ਨੂੰ ਸਪਿੰਨਰ ਅਮਿਤ ਮਿਸ਼ਰਾ ਤੇ ਰਵੀ ਬਿਸ਼ਨੋਈ ਦਾ ਚੰਗਾ ਸਾਥ ਮਿਲਿਆ।