ਪੰਜਾਬ ਸਰਕਾਰ ਵੱਲੋਂ ਕਾਲਜ ਦੀਆਂ ਵਿਦਿਆਰਥਣਾਂ ਲਈ ਬੱਸ ਸੁਵਿਧਾ ਸ਼ੁਰੂ ਕੀਤੀ ਜਾ ਰਹੀ ਹੈ ਪਰ ਇਸ ਤੋਂ ਉਲਟ ਪੰਜਾਬੀ ਯੂਨੀਵਰਸਿਟੀ ਵੱਲੋਂ ਦਿੱਤੀ ਜਾ ਰਹੀ ਇਹ ਸੁਵਿਧਾ ਬੰਦ ਹੋਣ ਕੰਢੇ ਆ ਗਈ ਹੈ। ਯੂਨੀਵਰਸਿਟੀ ਦੇ ਵਿਹੜੇ ’ਚ ਵਿਦਿਆਰਥੀਆਂ ਲਈ ਕੁੱਲ ਛੇ ਬੱਸਾਂ ਹਨ ਜਿਨ੍ਹਾਂ ’ਚੋਂ ਚਾਰ ਬੱਸਾਂ ਮਿਆਦ ਲੰਘਣ ਕਰਕੇ ਬੰਦ ਹੋ ਗਈਆਂ ਹਨ। ਮੌਜੂਦਾ ਸਮੇਂ ਸਿਰਫ਼ ਦੋ ਬੱਸਾਂ ਹੀ ਚੱਲ ਰਹੀਆਂ ਹਨ ਤੇ ਇਨ੍ਹਾਂ ਦੀ ਮਿਆਦ ਵੀ ਇਸੇ ਸਾਲ ਦੇ ਅੰਤ ਤੱਕ ਖ਼ਤਮ ਹੋ ਜਾਵੇਗੀ। ਇਸ ਬਾਰੇ ’ਵਰਸਿਟੀ ਦੇ ਲੋਕ ਸੰਪਰਕ ਡਾਇਰੈਕਟਰ ਦਲਜੀਤ ਅਮੀ ਨੇ ਕਿਹਾ ਕਿ ਫਿਲਹਾਲ ਇਸ ਬਾਰੇ ਕੋਈ ਫ਼ੈਸਲਾ ਨਹੀਂ ਲਿਆ ਹੈ, ਜਲਦ ਕੋਈ ਹੱਲ ਕੀਤਾ ਜਾਵੇਗਾ।
ਪੰਜਾਬੀ ਯੂਨੀਵਰਸਿਟੀ ਦੀ ਸਥਾਪਨਾ ਦੇ ਨਾਲ ਹੀ ਟਰਾਂਸਪੋਰਟ ਵਿਭਾਗ ਸਥਾਪਤ ਕੀਤਾ ਗਿਆ। ਜਿਸਦੇ ਅਧੀਨ ਵਿਦਿਆਰਥੀਆਂ ਤੇ ਮੁਲਾਜ਼ਮਾਂ ਦੀ ਆਵਾਜਾਈ ਦੀ ਸਹੂਲਤ ਲਈ ਬੱਸ ਸੇਵਾ ਸ਼ੁਰੂ ਕੀਤੀ ਗਈ। ਪਟਿਆਲਾ ਸ਼ਹਿਰ ਦੇ ਵੱਖ-ਵੱਖ ਥਾਵਾਂ ਤੋਂ ਮੁਲਾਜ਼ਮਾਂ ਖ਼ਾਸ ਕਰ ਵਿਦਿਆਰਥਣਾਂ ਨੂੰ ਲੈ ਕੇ ਆਉਣ ਤੇ ਲੈ ਕੇ ਜਾਣ ਲਈ 6 ਬੱਸਾਂ ਚੱਲ ਰਹੀਆਂ ਸਨ। 15 ਸਾਲ ਪੁਰਾਣੀਆਂ ਹੋਣ ਕਰਕੇ ਚਾਰ ਬੱਸਾਂ ਬੀਤੇ ਮਹੀਨਿਆਂ ਤੋਂ ਰੁਕ ਗਈਆਂ ਹਨ। ਚੱਲ ਰਹੀਆਂ ਦੋ ਬੱਸਾਂ ਦੀ ਮਿਆਦ ਇਸ ਸਾਲ ਦਸੰਬਰ ਮਹੀਨੇ ’ਚ ਪੂਰੀ ਹੋ ਰਹੀ ਹੈ। ਵਿਦਿਆਰਥੀ ਦੇ ਦਾਖ਼ਲੇ ਸਮੇਂ ਮੁੱਢਲੀਆਂ ਸੁਵਿਧਾਵਾਂ ’ਚ ਸ਼ਾਮਲ ਬੱਸ ਸੁਵਿਧਾ ਦੀ ਫੀਸ ਵੀ ’ਵਰਸਿਟੀ ਵੱਲੋਂ ਵਸੂਲੀ ਜਾਂਦੀ ਹੈ ਜਿਸ ਨਾਲ ਕਰੀਬ ਪੌਣੇ ਦੋ ਕਰੋੜ ਦੀ ਆਮਦਨ ਵੀ ਹੁੰਦੀ ਹੈ। ਬੱਸਾਂ ਦੀ ਘਾਟ ਕਰਕੇ ਜਿਥੇ ਕਈ ਸਟਾਪ ਤੱਕ ਬੱਸਾਂ ਨਹੀਂ ਪੁੱਜ ਰਹੀਆਂ ਜੋਕਿ ਆਮ ਵਿਦਿਆਰਥਣਾਂ ਲਈ ਵੱਡੀ ਸਮੱਸਿਆ ਬਣ ਗਈ ਹੈ।
ਦੱਸਣਾ ਬਣਦਾ ਹੈ ਕਿ ਵਿਦਿਆਰਥੀਆਂ ਦੀ ਸੁਵਿਧਾ ਲਈ 2008 ਤੋਂ ਬਾਅਦ ਨਵੀਂ ਬੱਸ ਨਹੀਂ ਚਲਾਈ ਗਈ ਹੈ, ਜਿਸ ਕਰਕੇ ਪੁੁਰਾਣੀਆਂ ਬਸਾਂ ਦੀ ਮਿਆਦ ਪੂਰੀ ਹੋਣ ਤੋਂ ਬਾਅਦ ਇਸ ਸੇਵਾ ਬੰਦ ਹੋਣ ਨੇੜੇ ਪੁੱਜ ਗਈ ਹੈ।
ਦਿੱਲੀ ਵੀ ਨਹੀਂ ਜਾ ਸਕਦੀ ਵੀਸੀ ਦੀ ਗੱਡੀ
ਪੰਜਾਬੀ ਯੂਨੀਵਰਸਿਟੀ ਵਾਹਨਾਂ ਦੀ ਹਾਲਤ ਦਾ ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਵਾਈਸ ਚਾਂਸਲਰ ਦੀ ਗੱਡੀ ਵੀ ਦਿੱਲੀ ਨਹੀਂ ਜਾ ਸਕਦੀ। ਵਾਈਸ ਚਾਂਸਲਰ ਦੀ ਇਨੋਵਾ ਕਾਰ ਸਾਲ 2012 ਵਿਚ ਖ਼ਰੀਦੀ ਗਈ ਹੈ, ਜਿਸ ਨੂੰ ਚਲੱਦਿਆਂ 11 ਸਾਲ ਹੋ ਗਏ ਹਨ। ਦਿੱਲੀ ਸਰਕਾਰ ਦੇ ਨਿਯਮਾਂ ਅਨੁਸਾਰ ਦਿੱਲੀ ਵਿਚ ਡੀਜ਼ਲ ਗੱਡੀ 10 ਸਾਲ ਤੇ ਪੈਟਰੋਲ ਗੱਡੀ 15 ਸਾਲ ਤੱਕ ਚੱਲ ਸਕਦੀ ਹੈ। ਇਸ ਨਿਯਮ ਤਹਿਤ ਵਾਈਸ ਚਾਂਸਲਰ ਵਾਲੀ ਇਨੋਵਾ ਨੂੰ ਦਿੱਲੀ ਦੀਆਂ ਸੜਕਾਂ ’ਤੇ ਨਹੀਂ ਚਲਾਇਆ ਜਾ ਸਕਦਾ। ਹੁਣ ਦਿੱਲੀ ਜਾਣ ਲਈ ਸਿਰਫ਼ ਇੱਕ 2010 ਮਾਡਲ ਸਵਿਫਟ ਡਿਜ਼ਾਇਰ ਕਾਰ ਬਚੀ ਹੈ। ਜੇਕਰ ਆਉਂਦੇ ਸਮੇਂ ਦਿੱਲੀ ਵਾਲਾ ਨਿਯਮ ਚੰਡੀਗੜ੍ਹ ਵਿਚ ਲਾਗੂ ਹੋ ਜਾਂਦਾ ਹੈ ਤਾਂ ਵੀਸੀ ਦੀ ਇਹ ਗੱਡੀ ਚੰਡੀਗੜ੍ਹ ਵੀ ਨਹੀਂ ਜਾ ਸਕੇਗੀ।
ਅਹਿਮ ਵਿਭਾਗਾਂ ਦੀਆਂ ਬੱਸਾਂ ਵੀ ਰੁਕੀਆਂ
ਪੰਜਾਬੀ ਯੂਨੀਵਰਸਿਟੀ ਦੇ ਅਹਿਮ ਵਿਭਾਗਾਂ ਦੀਆਂ ਬੱਸਾਂ ਵੀ ਖੜ੍ਹ ਗਈਆਂ ਹਨ। ਇਨ੍ਹਾਂ ਵਿਚ ਪਬਲੀਕੇਸ਼ਨ ਵਿਭਾਗ ਦੀ ਬੱਸ ਜੋਕਿ ਕਰੀਬ 28 ਸਾਲ ਪੁਰਾਣੀ ਹੈ ਤੇ ਆਪਣੀ ਉਮਰ ਹੰਡਾਉਣ ਤੋਂ ਬਾਅਦ ਇਸਦਾ ਚੱਕਾ ਵੀ ਜਾਮ ਹੋ ਗਿਆ ਹੈ। ਜਿਸਦੇ ਰੁਕਣ ਨਾਲ ਵਿਭਾਗ ਦੀਆਂ ਗਤੀਵਿਧੀਆਂ ਵੀ ਪ੍ਰਭਾਵਿਤ ਹੋਣ ਲੱਗੀਆਂ ਹਨ। ਇਸੇ ਤਰ੍ਹਾਂ ਹੀ ਸਾਲ 2016 ਵਿਚ ਖ਼ਰੀਦੀ ਗਈ ਫਿਜ਼ੀਓਥਰੈਪੀ ਵਿਭਾਗ ਦੀ ਬੱਸ ਦੀ ਮਿਆਦ ਪੂਰੀ ਹੋਣ ਤੋਂ ਬਾਅਦ ਇਸ ਨੂੰ ਵੀ ਇਕ ਪਾਸੇ ਲਗਾ ਦਿੱਤਾ ਗਿਆ ਹੈ। ਵਿਭਾਗ ’ਚ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਲਈ ਇਹ ਬੱਸ ਖ਼ਾਸ ਅਹਿਮੀਅਤ ਰੱਖਦੀ ਹੈ।
ਅਮਲਾ ਪੂਰਾ, ਬੱਸਾਂ ਦੀ ਘਾਟ
’ਵਰਸਿਟੀ ਵਿਚ ਵਾਹਨਾਂ ਸਬੰਧੀ ਇਕ ਪੂਰਾ ਟਰਾਂਸਪੋਰਟ ਵਿਭਾਗ ਸਥਾਪਤ ਹੈ, ਜਿਸ ਵਿਚ ਡਰਾਈਵਰ ਤੋਂ ਲੈ ਕੇ ਐੱਸਡੀਓ ਤੇ ਜੇਈ ਤੱਕ ਦੀ ਵੀ ਭਰਤੀ ਕੀਤੀ ਗਈ ਹੈ। ਲੇਕਿਨ ਦਿਲਚਸਪ ਹੈ ਕਿ ਜਿਸ ਲਈ ਇਹ ਅਮਲਾ ਭਰਤੀ ਹੋਇਆ ਉਹ ਵਾਹਨ ਹੀ ਖ਼ਤਮ ਹੁੰਦੇ ਜਾ ਰਹੇ ਹਨ। ਹਾਲਾਤ ਇਹ ਹਨ ਕਿ ਵਾਹਨਾਂ ਤੋਂ ਬਿਨਾਂ ਵਿਹਲੇ ਹੋਏ ਡਰਾਈਵਰਾਂ ਨੂੰ ਹੋਰ ਸ਼ਾਖਾਵਾਂ ਵਿਚ ਕਲਰਕ ਦਾ ਕੰਮ ਸੌਂਪ ਦਿੱਤਾ ਗਿਆ ਹੈ।