ਮੋਰਿੰਡਾ ਦੇ ਗੁਰਦੁਆਰਾ ਕੋਤਵਾਲੀ ਸਾਹਿਬ ’ਚ ਬੀਤੇ ਦਿਨੀਂ ਗ੍ਰੰਥੀ ਸਿੰਘਾਂ ਨਾਲ ਬਦਸਲੂਕੀ ਕਰਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦੇ ਮਾਮਲੇ ’ਚ ਮੁਲਜ਼ਮ ਜਸਵੀਰ ਸਿੰਘ ਦੀ ਸੋਮਵਾਰ ਨੂੰ ਮਾਨਸਾ ਦੇ ਸਿਵਲ ਹਸਪਤਾਲ ’ਚ ਮੌਤ ਹੋ ਗਈ।
ਉਸ ਨੂੰ 24 ਅਪ੍ਰੈਲ ਨੂੰ ਗ੍ਰਿਫ਼ਤਾਰੀ ਤੋਂ ਬਾਅਦ ਤੋਂ ਮਾਨਸਾ ਜੇਲ੍ਹ ਲਿਆਂਦਾ ਗਿਆ ਸੀ। ਜੇਲ੍ਹ ’ਚ ਛਾਤੀ ’ਚ ਦਰਦ ਦੀ ਸ਼ਿਕਾਇਤ ਮਗਰੋਂ ਸ਼ਾਮ ਕਰੀਬ ਚਾਰ ਵਜੇ ਉਸ ਨੂੰ ਮਾਨਸਾ ਸਿਵਲ ਹਸਪਤਾਲ ਲਿਆਂਦਾ ਗਿਆ ਸੀ ਜਿੱਥੇ ਦੇਰ ਰਾਤ ਉਸਦੀ ਮੌਤ ਹੋ ਗਈ।
ਜੇਲ੍ਹ ਦੇ ਸੂਤਰਾਂ ਦਾ ਕਹਿਣਾ ਹੈ ਕਿ ਘਟਨਾ ਵਾਲੇ ਦਿਨ ਗੁੱਸੇ ‘ਚ ਆਈ ਸੰਗਤ ਵੱਲੋਂ ਉਸਦੀ ਕੁੱਟਮਾਰ ਕੀਤੇ ਜਾਣ ਕਾਰਨ ਉਸ ਦੇ ਕੋਈ ਅੰਦਰੂਨੀ ਸੱਟ ਲੱਗੀ ਹੋ ਸਕਦੀ ਹੈ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਹਾਲਾਂਕਿ ਮੌਤ ਦਾ ਕਾਰਨ ਫਿਲਹਾਲ ਸਪਸ਼ਟ ਨਹੀਂ ਹੈ।
ਐੱਸਐੱਸਪੀ ਮਾਨਸਾ ਡਾ. ਨਾਨਕ ਸਿੰਘ ਨੇ ਮੁਲਜ਼ਮ ਜਸਵੀਰ ਸਿੰਘ ਦੀ ਮੌਤ ਹੋ ਜਾਣ ਦੀ ਪੁਸ਼ਟੀ ਕੀਤੀ ਹੈ। ਕਾਰਨਾਂ ਸਬੰਧੀ ਪੁੱਛੇ ਜਾਣ ਤੇ ਉਨ੍ਹਾਂ ਕਿਹਾ ਕਿ ਇਸ ਬਾਰੇ ਤਾਂ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਪਤਾ ਲੱਗ ਸਕੇਗਾ।
ਉਨ੍ਹਾਂ ਕਿਸੇ ਹਮਲੇ ਦੀ ਸੰਭਾਵਨਾ ਤੋਂ ਇਨਕਾਰ ਕੀਤਾ ਹੈ। ਫਿਲਹਾਲ ਉਸਦੀ ਲਾਸ਼ ਮੋਰਚਰੀ ’ਚ ਰੱਖ ਦਿੱਤੀ ਗਈ। ਮੰਗਲਵਾਰ ਨੂੰ ਉਸਦਾ ਪੋਸਟਮਾਰਟਮ ਕੀਤਾ ਜਾ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ ਉਸਦੇ ਪਰਿਵਾਰਕ ਮੈਂਬਰਾਂ ਨੂੰ ਮੌਤ ਦੀ ਸੂਚਨਾ ਦੇ ਦਿੱਤੀ ਗਈ ਹੈ।
ਜ਼ਿਕਰਯੋਗ ਹੈ ਕਿ ਘਟਨਾ ਵਾਲੇ ਦਿਨ ਗੁਰਦੁਆਰੇ ’ਚ ਮੌਜੂਦ ਲੋਕਾਂ ਨੇ ਮੁਲਜ਼ਮ ਦੀ ਬਹੁਤ ਕੁੱਟਮਾਰ ਕੀਤੀ ਸੀ। ਪੁਲਿਸ ਵੱਲੋਂ ਹਿਰਾਸਤ ’ਚ ਲਏ ਜਾਣ ਤੋਂ ਬਾਅਦ ਵੀ ਲੋਕਾਂ ਨੇ ਥਾਣੇ ਅੱਗੇ ਧਰਨਾ ਦੇ ਕੇ ਉਸ ਨੂੰ ਲੋਕਾਂ ਦੇ ਹਵਾਲੇ ਕਰਨ ਦੀ ਮੰਗ ਕੀਤੀ ਸੀ।
ਇਸ ਤੋਂ ਬਾਅਦ ਅਦਾਲਤ ਪੇਸ਼ੀ ਦੌਰਾਨ ਵੀ ਇਕ ਵਕੀਲ ਨੇ ਉਸ ’ਤੇ ਪਿਸਤੌਲ ਤਾਣ ਦਿੱਤੀ ਸੀ। ਹਾਲਾਂਕਿ ਗੋਲ਼ੀ ਨਹੀਂ ਸੀ ਚੱਲ ਸਕੀ ਤੇ ਵਕੀਲ ਨੂੰ ਹਿਰਾਸਤ ’ਚ ਲੈ ਲਿਆ ਗਿਆ ਸੀ।