ਸ਼ਾਨਦਾਰ ਲੈਅ ਵਿਚ ਚੱਲ ਰਹੇ ਸ਼ੁਭਮਨ ਗਿੱਲ (ਅਜੇਤੂ 94) ਨੇ ਐਤਵਾਰ ਨੂੰ ਲਖਨਊ ਸੁਪਰ ਜਾਇੰਟਜ਼ ਖ਼ਿਲਾਫ਼ ਆਈਪੀਐੱਲ ਕਰੀਅਰ ਦੀ ਆਪਣੀ ਦੂਜੀ ਸਰਬੋਤਮ ਪਾਰੀ ਖੇਡੀ ਜਿਸ ਦੀ ਬਦੌਲਤ ਗੁਜਰਾਤ ਟਾਈਟਨਜ਼ ਨੇ ਇਹ ਮੈਚ 56 ਦੌੜਾਂ ਨਾਲ ਜਿੱਤਿਆ।
ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਚ ਸ਼ੁਭਮਨ ਦੇ ਬੱਲੇ ਤੋਂ ਧਮਾਕੇਦਾਰ ਪਾਰੀ ਤਾਂ ਨਿਕਲੀ ਪਰ ਉਹ ਇਕ ਵਾਰ ਮੁੜ ਆਈਪੀਐੱਲ ਵਿਚ ਸੈਂਕੜੇ ਤੋਂ ਖੁੰਝ ਗਏ।
ਗਿੱਲ ਨੇ ਰਿੱਧੀਮਾਨ ਸਾਹਾ ਦੇ ਨਾਲ ਪਹਿਲੀ ਵਿਕਟ ਲਈ 143 ਦੌੜਾਂ ਦੀ ਭਾਈਵਾਲੀ ਕੀਤੀ ਜੋ ਇਸ ਸੈਸ਼ਨ ਵਿਚ ਦੂਜੀ ਸਭ ਤੋਂ ਵੱਡੀ ਭਾਈਵਾਲੀ ਹੈ। ਇਸ ਭਾਈਵਾਲੀ ਦੀ ਮਦਦ ਨਾਲ ਗੁਜਰਾਤ ਨੇ ਆਈਪੀਐੱਲ ਵਿਚ ਆਪਣਾ ਸਰਬੋਤਮ ਸਕੋਰ ਵੀ ਬਣਾਇਆ।
ਗੁਜਰਾਤ ਦੀ ਲਖਨਊ ’ਤੇ ਇਹ ਲਗਾਤਾਰ ਚੌਥੀ ਜਿੱਤ ਹੈ। ਗਿੱਲ ਮੌਜੂਦਾ ਆਈਪੀਐੱਲ ਸੈਸ਼ਨ ਵਿਚ 11 ਮੈਚਾਂ ਵਿਚ 46 ਤੋਂ ਵੱਧ ਦੀ ਔਸਤ ਨਾਲ 469 ਦੌੜਾਂ ਬਣਾ ਚੁੱਕੇ ਹਨ ਤੇ ਉਨ੍ਹਾਂ ਦਾ ਲਗਾਤਾਰ ਦੌੜਾਂ ਬਣਾਉਣਾ ਟੀਮ ਇੰਡੀਆ ਲਈ ਚੰਗਾ ਸੰਕੇਤ ਹੈ।
ਆਈਪੀਐੱਲ ਤੋਂ ਬਾਅਦ ਭਾਰਤ ਨੇ ਸੱਤ ਜੂਨ ਤੋਂ ਆਸਟ੍ਰੇਲੀਆ ਖ਼ਿਲਾਫ਼ ਡਬਲਯੂਟੀਸੀ ਫਾਈਨਲ ਖੇਡਣਾ ਹੈ ਤੇ ਸ਼ੁਭਮਨ ਦੀ ਲੈਅ ਟੀਮ ਲਈ ਕਾਫੀ ਅਹਿਮ ਹੋਵੇਗੀ। ਆਸਟ੍ਰੇਲੀਆ ਖ਼ਿਲਾਫ਼ ਟੈਸਟ ਮੈਚਾਂ ਵਿਚ ਇਸ ਬੱਲੇਬਾਜ਼ ਦਾ ਬੱਲਾ ਚੰਗਾ ਚੱਲਦਾ ਹੈ।
ਉਹ ਆਸਟ੍ਰੇਲੀਆ ਖ਼ਿਲਾਫ਼ ਪੰਜ ਮੈਚਾਂ ਵਿਚ 51.62 ਦੀ ਔਸਤ ਨਾਲ 413 ਦੌੜਾਂ ਬਣਾ ਚੁੱਕੇ ਹਨ। ਗਿੱਲ ਨੇ ਟੈਸਟ ਮੈਚਾਂ ਵਿਚ ਦੋ ਸੈਂਕੜੇ ਲਾਏ ਹਨ ਜਿਸ ਵਿਚ ਇਕ ਉਨ੍ਹਾਂ ਨੇ ਅਹਿਮਦਾਬਾਦ ਵਿਚ ਆਸਟ੍ਰੇਲੀਆ ਖ਼ਿਲਾਫ਼ ਬਣਾਇਆ ਹੈ।