ਸਿਹਤ ਵਿਭਾਗ ਵੱਲੋਂ ਵੀਰਵਾਰ ਸਥਾਨਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਵਿਦਿਆਰਥਣਾਂ ਨੂੰ ਟੀਕੇ ਲਗਾਉਣ ਤੋਂ ਬਾਅਦ ਕਈ ਲੜਕੀਆਂ ਦੀ ਹਾਲਤ ਵਿਗੜਨੀ ਸ਼ੁਰੂ ਹੋ ਗਈ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਉਣਾ ਪਿਆ। ਜਾਣਕਾਰੀ ਅਨੁਸਾਰ ਸਰਕਾਰੀ ਕੰਨਿਆ ਸਕੂਲ ਵਿਖੇ ਸਿਹਤ ਵਿਭਾਗ ਦੀ ਟੀਮ ਵੱਲੋਂ ਟੈਟਨੈੱਸ ਦੀ ਵੈਕਸ਼ੀਨੇਸ਼ਨ ਵਿਦਿਆਰਥਣਾਂ ਨੂੰ ਲਾਈ ਜਾ ਰਹੀ ਹੈ।
ਸਿਹਤ ਵਿਭਾਗ ਵੱਲੋਂ 150 ਤੋਂ ਵੱਧ ਵਿਦਿਆਰਥਣਾਂ ਨੂੰ ਇਹ ਟੀਕੇ ਲਗਾਏ ਗਏ ਤਾਂ ਇਸ ’ਚੋਂ 15 ਤੋਂ ਵੱਧ ਵਿਦਿਆਰਥਣਾਂ ਅਮਨਦੀਪ ਕੌਰ ਗੜ੍ਹੀ ਬੇਟ, ਜਸਪ੍ਰੀਤ ਕੌਰ ਮੰਡ ਸੁੱਖੇਵਾਲ, ਮਨਪ੍ਰੀਤ ਕੌਰ ਝੜੌਦੀ, ਮਨਪ੍ਰੀਤ ਕੌਰ ਬੁਰਜ ਪਵਾਤ, ਸਹਿਨਾਜ਼ ਮਾਛੀਵਾੜਾ, ਖੁਸ਼ੀ ਮਾਛੀਵਾੜਾ, ਹਰਪ੍ਰੀਤ ਕੌਰ ਮਿੱਠੇਵਾਲ ਸਮੇਤ 4 ਹੋਰ ਲੜਕੀਆਂ ਦੀ ਸਿਹਤ ਵਿਗੜਨੀ ਸ਼ੁਰੂ ਹੋ ਗਈ ਤੇ ਉਨ੍ਹਾਂ ਨੂੰ ਚੱਕਰ ਆਉਣ ਦੇ ਨਾਲ-ਨਾਲ ਇਕਦਮ ਘਬਰਾਹਟ ਮਗਰੋਂ ਬੇਹੋਸ਼ ਹੋ ਕੇ ਡਿੱਗਣ ਲੱਗੀਆਂ।
ਵਿਦਿਆਰਥਣਾਂ ਦੀ ਤਬੀਅਤ ਵਿਗੜਦੀ ਦੇਖ ਇਕਦਮ ਹਫੜਾ-ਦਫੜੀ ਮਚ ਗਈ ਜਿਨ੍ਹਾਂ ਨੂੰ ਤੁਰੰਤ ਮਾਛੀਵਾੜਾ ਦੇ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ। ਇੱਥੇ ਡਾਕਟਰਾਂ ਦੀ ਟੀਮ ਵੱਲੋਂ ਉਨ੍ਹਾਂ ਦਾ ਇਲਾਜ ਸ਼ੁਰੂ ਕੀਤਾ ਗਿਆ। ਫਿਲਹਾਲ ਇਲਾਜ ਅਧੀਨ ਸਾਰੀਆਂ ਲੜਕੀਆਂ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ ਤੇ ਜਿਨ੍ਹਾਂ ਦੀ ਡਾਕਟਰ ਦੇਖਭਾਲ ਕਰ ਰਹੇ ਹਨ।
ਇਲਾਜ ਕਰ ਰਹੇ ਡਾ. ਰਿਸਭ ਦੱਤ ਤੇ ਡਾ.ਮਨਿੰਦਰਜੀਤ ਸਿੰਘ ਨੇ ਦੱਸਿਆ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਸਕੂਲੀ ਵਿਦਿਆਰਥਣਾਂ ਨੂੰ ਵੱਖ-ਵੱਖ ਬਿਮਾਰੀਆਂ ਸਬੰਧੀ ਟੀਕੇ ਲਾਏ ਜਾਂਦੇ ਹਨ ਜਿਸ ਤਹਿਤ ਵੀਰਵਾਰ ਸਰਕਾਰੀ ਕੰਨਿਆ ਸਕੂਲ ’ਚ ਵੀ ਟੈਟਨੈੱਸ ਦੀ ਵੈਕਸ਼ੀਨੇਸ਼ਨ ਕੀਤੀ ਜਾ ਰਹੀ ਸੀ। ਟੀਕੇ ਲਾਉਣ ਦੌਰਾਨ ਕੁਝ ਵਿਦਿਆਰਥਣਾਂ ਨੂੰ ਘਬਰਾਹਟ ਹੋਈ ਤੇ ਚੱਕਰ ਆਉਣ ਲੱਗ ਪਏ ਜਿਸ ਕਾਰਨ ਉਨ੍ਹਾਂ ਨੂੰ ਇਲਾਜ ਲਈ ਤੁਰੰਤ ਹਸਪਤਾਲ ਲਿਆਂਦਾ ਗਿਆ।
15 ਤੋਂ ਵੱਧ ਵਿਦਿਆਰਥਣਾਂ ਨੂੰ ਇਹ ਸਮੱਸਿਆ ਆਈ ਜਦਕਿ ਬਾਕੀ ਬਿਲਕੁਲ ਤੰਦਰੁਸਤ ਹਨ। ਟੀਕੇ ਲੱਗਣ ਤੋਂ ਬਾਅਦ ਵਿਦਿਆਰਥਣਾਂ ਦੀ ਹਾਲਤ ਕਿਉਂ ਖਰਾਬ ਹੋਈ ਇਸ ਸਬੰਧੀ ਜਾਂਚ ਕਰਵਾਈ ਜਾਵੇਗੀ।