ਪੰਜਾਬ ਸਰਕਾਰ ਵੱਲੋਂ ਜ਼ਮੀਨ-ਜਾਇਦਾਦ ਦੀਆਂ ਰਜਿਸਟਰੀਆਂ ‘ਚ ਸਟੈਂਪ ਡਿਊਟੀ ’ਤੇ ਦਿੱਤੀ ਗਈ ਛੋਟ ਦਾ ਲੋਕਾਂ ਨੂੰ ਵੱਧ ਤੋਂ ਵੱਧ ਫਾਇਦਾ ਦੇਣ ਲਈ ਅਗਲੇ 2 ਦਿਨ ਯਾਨੀਕਿ ਸ਼ਨੀਵਾਰ, ਐਤਵਾਰ ਵਾਲੇ ਦਿਨ ਵੀ ਤਹਿਸੀਲ ਦਫ਼ਤਰ ਖੋਲ੍ਹਣ ਦੇ ਹੁਕਮ ਜਾਰੀ ਕੀਤੇ ਗਏ ਹਨ। ਜਿਸ ਨੂੰ ਲੈ ਕੇ ਸਰਕਾਰੀ ਪੱਤਰ ਵੀ ਜਾਰੀ ਕਰ ਦਿੱਤਾ ਗਿਆ ਹੈ।
ਸੋ ਲੋਕ ਅੱਜ ਦੇ ਦਿਨ ਦਾ ਫਾਇਦਾ ਲੈ ਸਕਦੇ ਨੇ ਤੇ ਜ਼ਮੀਨ-ਜਾਇਦਾਦ ਦੀਆਂ ਰਜਿਸਟਰੀਆਂ ਕਰਵਾ ਸਕਦੇ ਹਨ।
ਇਸ ਸਬੰਧੀ ਅਧੀਨ ਸਕੱਤਰ ਮਾਲ ਵਿਭਾਗ ਵੱਲੋਂ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਸਰਕਾਰ ਵੱਲੋਂ ਸਟੈਂਪ ਡਿਊਟੀ ‘ਚ 15 ਮਈ ਤੱਕ ਸਵਾ 2 ਫ਼ੀਸਦੀ ਦੀ ਛੋਟ ਦਿੱਤੇ ਜਾਣ ਕਾਰਨ ਰਜਿਸਟਰੀਆਂ ਦੀ ਗਿਣਤੀ ਕਾਫੀ ਵੱਧ ਗਈ ਹੈ ਅਤੇ ਲੋਕਹਿੱਤ ਨੂੰ ਧਿਆਨ ‘ਚ ਰੱਖਦਿਆਂ ਹੁਕਮ ਕੀਤੇ ਗਏ ਹਨ ਕਿ ਸ਼ਨੀਵਾਰ ਤੇ ਐਤਵਾਰ ਗਜ਼ਟਿਡ ਛੁੱਟੀ ਦੌਰਾਨ ਸਬ-ਰਜਿਸਟਰਾਰ ਅਤੇ ਸੰਯੁਕਤ ਸਬ-ਰਜਿਸਟਰਾਰ ਦਫ਼ਤਰ ਖੋਲ੍ਹਣ ਤੇ ਰਜਿਸਟਰੀਆਂ ਕਰਨਾ ਯਕੀਨੀ ਬਣਾਇਆ ਜਾਵੇ।

ਦੱਸ ਦਈਏ ਸਰਕਾਰ ਨੇ ਇੱਕ ਮਹੀਨੇ ਦੀ ਢਿੱਲ ਦਿੱਤੀ ਸੀ ਅਤੇ ਫਿਰ ਲੋਕਾਂ ਦੀ ਮੰਗ ‘ਤੇ 30 ਅਪ੍ਰਰੈਲ ਤੋਂ ਇੱਕ ਮਹੀਨਾ ਹੋਰ ਵਧਾ ਦਿੱਤਾ ਸੀ। ਪਰ ਲੋਕ ਫਿਰ ਤੋਂ ਮੰਗ ਕਰ ਰਹੇ ਹਨ ਕਿ ਸਮਾਂ ਵਧਾਇਆ ਜਾਵੇ, ਇਸ ਲਈ ਸਰਕਾਰ ਨੇ ਫਿਰ 15 ਦਿਨਾਂ ਦਾ ਹੋਰ ਸਮਾਂ ਦਿੱਤਾ ਗਿਆ ਸੀ। ਜਿਸ ਕਰਕੇ ਇਹ ਸਮਾਂ ਸੀਮਾ 15 ਮਈ 2023 ਤੱਕ ਵਧਾ ਦਿੱਤੀ ਹੈ ਤਾਂ ਜੋ ਲੋਕ ਇਸ ਮੌਕੇ ਦਾ ਵੱਧ ਤੋਂ ਵੱਧ ਲਾਭ ਲੈ ਸਕਣ।