ਆਰੀਅਨ ਖ਼ਾਨ ਨੂੰ ਡਰੱਗਜ਼ ਮਾਮਲੇ ‘ਚ ਸੀਬੀਆਈ ਵੱਲੋਂ ਕਿਹਾ ਗਿਆ ਹੈ ਕਿ ਆਰੀਅਨ ਖਾਨ ਦੇ ਪਰਿਵਾਰ ਤੋਂ 25 ਕਰੋੜ ਰੁਪਏ ਦੀ ਵਸੂਲੀ ਦੀ ਸਾਜ਼ਿਸ਼ ਰਚੀ ਗਈ ਸੀ। ਹੁਣ ਇਸ ਮਾਮਲੇ ‘ਚ ਗਵਾਹ ਕੇਪੀ ਗੋਸਾਵੀ ਅਤੇ ਉਸ ਦੇ ਸਾਥੀਆਂ ‘ਤੇ ਜ਼ਬਰਦਸਤੀ ਦੇ ਦੋਸ਼ ਲੱਗੇ ਹਨ।
25 ਕਰੋੜ ਰੁਪਏ ਹੜੱਪਣ ਦੀ ਸਾਜ਼ਿਸ਼ ਰਚੀ
ਇਲਜ਼ਾਮ ਹੈ ਕਿ ਜਾਂਚ ਦੌਰਾਨ ਸਾਬਕਾ ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਅਧਿਕਾਰੀ ਸਮੀਰ ਵਾਨਖੇੜੇ ਨੇ ਕੇਪੀ ਗੋਸਾਵੀ ਅਤੇ ਪ੍ਰਭਾਕਰ ਸੈੱਲ ਨੂੰ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਵਿੱਚ ਗਵਾਹ ਬਣਨ ਲਈ ਕਿਹਾ ਸੀ। ਸੀਬੀਆਈ ਵੱਲੋਂ ਐਫਆਈਆਰ ਵਿੱਚ ਸਪੱਸ਼ਟ ਕਿਹਾ ਗਿਆ ਹੈ ਕਿ ਆਰੀਅਨ ਖਾਨ ਦੇ ਪਰਿਵਾਰ ਤੋਂ 25 ਕਰੋੜ ਰੁਪਏ ਵਸੂਲਣ ਦੀ ਯੋਜਨਾ ਬਣਾਈ ਜਾ ਰਹੀ ਸੀ। ਇਸ ਦੌਰਾਨ ਆਰੀਅਨ ਖਾਨ ਨਾਲ ਇੱਕ ਵਿਅਕਤੀ ਦੀ ਸੈਲਫੀ ਵੀ ਵਾਇਰਲ ਹੋਈ, ਇਹ ਕੋਈ ਹੋਰ ਨਹੀਂ ਬਲਕਿ ਕੇਪੀ ਗੋਸਾਵੀ ਹੈ।
ਵਾਨਖੇੜੇ, ਸਾਬਕਾ ਐੱਨਸੀਬੀ ਐੱਸਪੀ ਵਿਸ਼ਵਾ ਵਿਜੇ ਸਿੰਘ, ਐਨਸੀਬੀ ਖੁਫੀਆ ਅਧਿਕਾਰੀ ਆਸ਼ੀਸ਼ ਰੰਜਨ ਅਤੇ ਦੋ ਨਿੱਜੀ ਵਿਅਕਤੀਆਂ – ਗੋਸਾਵੀ ਅਤੇ ਉਸ ਦੇ ਸਹਿਯੋਗੀ ਸਨਵਿਲ ਡਿਸੂਜ਼ਾ – ਨੂੰ ਮੁਲਜ਼ਮ ਵਜੋਂ ਨਾਮਜ਼ਦ ਕਰਦੇ ਹੋਏ ਐਫਆਈਆਰ ਪਿਛਲੇ ਹਫ਼ਤੇ ਦਰਜ ਕੀਤੀ ਗਈ ਸੀ। ਇਸ ਨੂੰ ਹੁਣ ਸੋਮਵਾਰ ਨੂੰ ਜਨਤਕ ਕੀਤਾ ਗਿਆ ਹੈ।
ਇਸ ਤੋਂ ਇਲਾਵਾ FIR ‘ਚ ਕਿਹਾ ਗਿਆ ਹੈ ਕਿ ਅਕਤੂਬਰ 2021 ‘ਚ ਅਭਿਨੇਤਾ ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਖਾਨ ਖਿਲਾਫ ਕਾਰਵਾਈ ਦੌਰਾਨ ਆਜ਼ਾਦ ਗਵਾਹ ਕੇਪੀ ਗੋਸਾਵੀ ਨੂੰ ਫਰੀਹੈਂਡ ਦੀ ਇਜਾਜ਼ਤ ਦਿੱਤੀ ਗਈ ਸੀ।
ਦੇਸ਼ ਭਗਤ ਹੋਣ ਦੀ ਸਜ਼ਾ
ਇਸ ਤੋਂ ਪਹਿਲਾਂ ਵਾਨਖੇੜੇ ਨੇ ਆਪਣੇ ‘ਤੇ ਲੱਗੇ ਦੋਸ਼ਾਂ ਬਾਰੇ ਕਿਹਾ ਸੀ ਕਿ ਉਸ ਨੂੰ ਦੇਸ਼ ਭਗਤ ਹੋਣ ਦੀ ਸਜ਼ਾ ਦਿੱਤੀ ਜਾ ਰਹੀ ਹੈ। ਉਨ੍ਹਾਂ ਦਾ ਬਿਆਨ ਸੀਬੀਆਈ ਦੇ ਕਥਿਤ ਛਾਪੇ ਤੋਂ ਬਾਅਦ ਆਇਆ ਹੈ। ਉਨ੍ਹਾਂ ਕਿਹਾ ਸੀ ਕਿ ਸੀਬੀਆਈ ਦੇ 18 ਅਧਿਕਾਰੀਆਂ ਨੇ ਮੇਰੀ ਰਿਹਾਇਸ਼ ‘ਤੇ ਛਾਪਾ ਮਾਰਿਆ ਅਤੇ 12 ਘੰਟਿਆਂ ਤੋਂ ਵੱਧ ਸਮੇਂ ਤੱਕ ਤਲਾਸ਼ੀ ਲਈ ਗਈ। ਉਨ੍ਹਾਂ ਕੋਲੋਂ 23 ਹਜ਼ਾਰ ਰੁਪਏ ਅਤੇ ਚਾਰ ਜਾਇਦਾਦ ਦੇ ਕਾਗਜ਼ ਬਰਾਮਦ ਹੋਏ। ਇਹ ਜਾਇਦਾਦ ਮੇਰੇ ਸੇਵਾ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਦੀ ਹੈ।
ਸੀਬੀਆਈ ਨੇ 29 ਥਾਵਾਂ ‘ਤੇ ਕੀਤੀ ਛਾਪੇਮਾਰੀ
ਮਹੱਤਵਪੂਰਨ ਗੱਲ ਇਹ ਹੈ ਕਿ ਸੀਬੀਆਈ ਨੇ ਆਰੀਅਨ ਖਾਨ ਡਰੱਗਜ਼-ਆਨ-ਕ੍ਰੂਜ਼ ਕੇਸ ਨਾਲ ਜੁੜੇ ਸਾਬਕਾ ਐਨਸੀਬੀ ਅਧਿਕਾਰੀ ਸਮੀਰ ਵਾਨਖੇੜੇ ਅਤੇ ਤਿੰਨ ਹੋਰਾਂ ਵਿਰੁੱਧ ਕਥਿਤ ਭ੍ਰਿਸ਼ਟਾਚਾਰ ਦੇ ਕੇਸ ਤੋਂ ਬਾਅਦ ਸ਼ੁੱਕਰਵਾਰ ਨੂੰ ਦੇਸ਼ ਭਰ ਵਿੱਚ 29 ਥਾਵਾਂ ‘ਤੇ ਤਲਾਸ਼ੀ ਲਈ।
ਸੀਬੀਆਈ ਨੇ ਆਰੀਅਨ ਖਾਨ ਡਰੱਗਜ਼-ਆਨ-ਕਰੂਜ਼ ਮਾਮਲੇ ਨਾਲ ਸਬੰਧਤ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਮੁੰਬਈ ਐੱਨਸੀਬੀ ਦੇ ਸਾਬਕਾ ਜ਼ੋਨਲ ਡਾਇਰੈਕਟਰ ਸਮੀਰ ਵਾਨਖੇੜੇ ਅਤੇ ਤਿੰਨ ਹੋਰਾਂ ਵਿਰੁੱਧ ਕੇਸ ਦਰਜ ਕੀਤਾ ਹੈ। ਸੀਬੀਆਈ ਨੇ ਮੁੰਬਈ, ਦਿੱਲੀ, ਰਾਂਚੀ (ਝਾਰਖੰਡ) ਅਤੇ ਕਾਨਪੁਰ (ਉੱਤਰ ਪ੍ਰਦੇਸ਼) ਦੇ 29 ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ।
ਦੋ ਸਾਲ ਪਹਿਲਾਂ ਸਮੀਰ ਵਾਨਖੇੜੇ ਨੇ ਮੁੰਬਈ ਨਾਰਕੋਟਿਕਸ ਕੰਟਰੋਲ ਬਿਊਰੋ ਦੇ ਅਧਿਕਾਰੀ ਹੁੰਦਿਆਂ ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਖਾਨ ਨੂੰ ਕਥਿਤ ਕਰੂਜ਼ ਡਰੱਗਜ਼ ਮਾਮਲੇ ‘ਚ ਗ੍ਰਿਫਤਾਰ ਕੀਤਾ ਸੀ। ਇਸ ਦੌਰਾਨ ਗੋਆ ‘ਚ ਇਕ ਕਰੂਜ਼ ‘ਤੇ ਛਾਪਾ ਮਾਰਿਆ ਗਿਆ।