ਸਮਾਜ ਵਿਚ ਜਿੱਥੇ ਧੀਆਂ ਨੂੰ ਬੋਝ ਸਮਝਿਆ ਜਾਂਦਾ ਹੈ ਤੇ ਮਾੜੀ ਸੋਚ ਦੇ ਲੋਕਾਂ ਵੱਲੋਂ ਧੀਆਂ ਨੂੰ ਕੁੱਖਾਂ ’ਚ ਮਰਵਾ ਕੇ ਭਰੂਣ ਹੱਤਿਆ ਜਿਹੇ ਘਿਣਾਉਣੇ ਅਪਰਾਧ ਕੀਤੇ ਜਾਂਦੇ ਹਨ। ਉਥੇ ਹੀ, ਉਨ੍ਹਾਂ ਮਾਪਿਆਂ ਲਈ ਪੇ੍ਰਰਨਾ-ਸਰੋਤ ਬਣੀਆਂ ਹਨ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਨਿੱਕੀ ਨਿਕੋਸਰਾ ਦੇ ਇਕ ਗਰੀਬ ਕਿਸਾਨ ਦੀਆਂ ਦੋ ਧੀਆਂ, ਜਿਨ੍ਹਾਂ ਨੇ ਇੰਟਰਨੈਸ਼ਨਲ ਅਤੇ ਨੈਸ਼ਨਲ ਗੇਮਾਂ ਵਿਚੋਂ ਸਿਲਵਰ ਤੇ ਬਰਾਊਨ ਮੈਡਲ ਜਿੱਤ ਕੇ ਆਪਣੇ ਦੇਸ਼, ਪੰਜਾਬ ਤੇ ਜ਼ਿਲ੍ਹਾ ਗੁਰਦਾਸਪੁਰ ਤੇ ਆਪਣੇ ਮਾਂ-ਪਿਤਾ ਦਾ ਨਾਮ ਰੋਸ਼ਨ ਕੀਤਾ ਹੈ।
ਸੋਮਵਾਰ ਨੂੰ ਉਨ੍ਹਾਂ ਦਾ ਮਾਣ-ਸਨਮਾਨ ਕਰਨ ਲਈ ਹਲਕਾ ਡੇਰਾ ਬਾਬਾ ਨਾਨਕ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਗੁਰਦੀਪ ਸਿੰਘ ਰੰਧਾਵਾ ਨੇ ਉਨ੍ਹਾਂ ਦੇ ਘਰ ਪਹੁੰਚੇ ਤੇ ਇਨ੍ਹਾਂ ਧੀਆਂ ਤੇ ਮਾਪਿਆਂ ਦਾ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਸਾਹਿਬ ਅਤੇ ਸ੍ਰੀ ਸਾਹਿਬ ਦੇ ਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਗੁਰਦੀਪ ਸਿੰਘ ਰੰਧਾਵਾ ਨੇ ਧੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਖੇਡਾਂ ਜ਼ਰੀਏ ਨੌਜਵਾਨਾਂ ਨੂੰ ਉਪਰ ਚੁੱਕਣ ਲਈ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ।
ਇਸ ਮੌਕੇ ਖਿਡਾਰਨ ਰਵਨੀਤ ਕੌਰ ਨੇ ਦੱਸਿਆ ਕਿ ਉਸ ਨੇ ਕਾਮਨਵੈਲਥ ਚੈਂਪੀਅਨਸ਼ਿਪ ਇੰਗਲੈਂਡ ਜੂਡੋ ਗੇਮ ਵਿਚ ਸਿਲਵਰ ਮੈਡਲ ਜਿੱਤਿਆ ਸੀ ਅਤੇ ਨੈਸ਼ਨਲ ਗੇਮ ਗੁਜਰਾਤ ਵਿਚੋਂ ਸਿਲਵਰ ਅਤੇ ਦੋ ਬਰਾਊਨ ਮੈਡਲ ਜਿੱਤ ਕੇ ਦੇਸ਼ ਦੀ ਝੋਲੀ ਵਿਚ ਪਾਏ ਸਨ ਤੇ ਪੰਜਾਬ ਸਰਕਾਰ ਵੱਲੋਂ ਉਸਨੂੰ ਸਨਮਾਨ ਵਜੋਂ ਪੰਜਾਬ ਪੁਲਿਸ ਵਿਚ ਨੌਕਰੀ ਦਿੱਤੀ ਗਈ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਬੀਤੀ 21 ਅਪ੍ਰੈਲ ਨੂੰ ਚੰਡੀਗੜ੍ਹ ਵਿਖੇ ਸਨਮਾਨਤ ਕੀਤਾ ਗਿਆ ਸੀ।
ਇਸ ਵੇਲੇ ਉਹ ਪੰਜਾਬ ਪੁਲਿਸ ਵਿਚ ਬਤੌਰ ਹੈੱਡ ਕਾਂਸਟੇਬਲ ਵਜੋਂ ਜਲੰਧਰ ਆਪਣੀ ਸੇਵਾ ਨਿਭਾਅ ਰਹੇ ਹਨ। ਉਸ ਦੀ ਦੂਸਰੀ ਭੈਣ ਗੁਰੂਲਗਨਦੀਪ ਕੌਰ ਨੇ ਦੱਸਿਆ ਉਸ ਨੂੰ ਆਪਣੀ ਭੈਣ ਵੱਲ ਦੇਖ ਕੇ ਖੇਡਣ ਦਾ ਸ਼ੌਕ ਪਿਆ। ਇਸ ਵਾਰ ਕਰਨਾਟਕ ਵਿਚ ਕਰਵਾਈਆਂ ਗਈਆਂ ਨੈਸ਼ਨਲ ਗੇਮਜ਼ ਵਿਚ ਉਸ ਵੱਲੋਂ ਵਾਟਰ ਸਪੋਰਟਸ ਗੇਮ ਵਿਚੋਂ ਇਕ ਸਿਲਵਰ ਮੈਡਲ ਦੋ ਬਰਾਊਨ ਮੈਡਲ ਜਿੱਤੇ ਹਨ। ਦੋਵੇਂ ਖਿਡਾਰਨ ਭੈਣਾਂ ਨੇ ਕਿਹਾ ਕਿ ਇਸ ਸਭ ਦਾ ਸਿਹਰਾ ਸਾਡੇ ਮਾਤਾ ਪਿਤਾ ਅਤੇ ਸਕੂਲ ਸਟਾਫ ਨੂੰ ਜਾਂਦਾ ਹੈ। ਉਧਰ ਇਨ੍ਹਾਂ ਖਿਡਾਰਨ ਬੇਟੀਆਂ ਦੇ ਪਿਤਾ ਤਰਲੋਚਨ ਸਿੰਘ ਨੇ ਆਪਣੀਆਂ ਇਨ੍ਹਾਂ ਹੋਣਹਾਰ ਬੇਟੀਆਂ ’ਤੇ ਮਾਣ ਮਹਿਸੂਸ ਕੀਤਾ ਹੈ।
ਇਸ ਮੌਕੇ ਕੁਲਜੀਤ ਸਿੰਘ, ਗੁਰਦੇਵ ਸਿੰਘ ਸ਼ਾਹਪੁਰ, ਜਤਿੰਦਰ ਕੁਮਾਰ ਬੋਬੀ, ਬਿਟੂ ਜਨਰਲ ਸਟੋਰ ਤਲਵੰਡੀ ਰਾਮਾ, ਬਾਬਾ ਅਵਤਾਰ ਸਿੰਘ, ਤਰਲੋਚਨ ਸਿੰਘ, ਜੋਗਾ ਸਿੰਘ ਤਲਵੰਡੀ ਰਾਮਾ, ਮਹਿੰਦਰ ਸਿੰਘ ਨਿਕੋਸਰਾ, ਪ੍ਰਦੀਪ ਸਿੰਘ ਆੜ੍ਹਤੀ, ਮਲਕੀਤ ਸਿੰਘ (ਮਲਕੀ), ਮਾਸਟਰ ਬਲਦੇਵ ਸਿੰਘ, ਹਰਦੇਵ ਸਿੰਘ ਪੀਏ, ਸਰਪੰਚ ਸਿੰਗਾਰਾ ਸਿੰਘ ਕਠਿਆਲਾ ਆਦਿ ਤੋਂ ਇਲਾਵਾ ਵੱਡੀ ਗਿਣਤੀ ’ਚ ਹੋਰ ਪਾਰਟੀ ਵਰਕਰ ਹਾਜ਼ਰ ਸਨ।