ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੇ ਹੱਕ ਵਿਚ ਨਿੱਤਰਦਿਆਂ ਰਾਘਵ ਚੱਢਾ ਤੇ ਪਰਿਣੀਤੀ ਚੋਪੜਾ ਨੇ ਈ-ਮੀਡੀਆ ’ਤੇ ਤਸਵੀਰਾਂ ਸਾਂਝੀਆਂ ਕਰਦਿਆਂ ਦੋ ਸਤਰਾਂ ’ਚ ਹੀ ਆਪਣਾ ਸੁਨੇਹਾ ਦੇ ਦਿੱਤਾ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦਾ 13 ਮਈ ਨੂੰ ਰਾਘਵ ਚੱਢਾ ਤੇ ਪਰਿਣੀਤੀ ਚੋਪੜਾ ਦੀ ਮੰਗਣੀ ’ਚ ਸ਼ਾਮਲ ਹੋਣ ਦਾ ਵਿਵਾਦ ਰੁਕਣ ਦਾ ਨਾਂ ਨਹੀਂ ਲੈ ਰਿਹਾ। ਇਕ ਪਾਸੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਲਈ ਮਰਿਆਦਾ ’ਚ ਰਹਿਣ ਦਾ ਹਵਾਲਾ ਦੇ ਕੇ ਪੰਥਕ ਆਗੂ ਜਥੇਦਾਰ ਦੀ ਸ਼ਮੂਲੀਅਤ ਨੂੰ ਗਲਤ ਦਸ ਰਹੇ ਹਨ, ਦੂਜੇ ਪਾਸੇ ਜਥੇਦਾਰ ਦੇ ਹੱਕ ’ਚ ਵੀ ਕਈ ਸਿੱਖ ਆਗੂ ਆ ਰਹੇ ਹਨ। ਵੀਰਵਾਰ ਨੂੰ ਈ-ਮੀਡੀਆ ’ਤੇ ਤਸਵੀਰਾਂ ਸਾਂਝੀਆਂ ਕਰਦਿਆਂ ਰਾਘਵ ਚੱਢਾ ਤੇ ਪਰਿਣੀਤੀ ਚੋਪੜਾ ਨੇ ਲਿਖਿਆ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦਾ ਅਸ਼ੀਰਵਾਦ ਲੈ ਕੇ ਬਹੁਤ ਚੰਗਾ ਲੱਗਾ। ਸਾਡੀ ਮੰਗਣੀ ’ਚ ਜਥੇਦਾਰ ਦੀ ਪਵਿੱਤਰ ਹਾਜ਼ਰੀ ਦਾ ਮਤਲਬ ਸਾਡੇ ਲਈ ਸਭ ਕੁਝ ਹੈ।

ਰਾਘਵ ਚੱਢਾ ਦੀ ਮੰਗਣੀ ਤੋਂ ਬਾਅਦ ਨਿਸ਼ਾਨੇ ‘ਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ
ਜ਼ਿਕਰਯੋਗ ਹੈ ਕਿ ਰਾਘਵ ਚੱਢਾ ਦੀ ਮੰਗਣੀ ਤੋਂ ਬਾਅਦ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਚਰਚਾ ਵਿੱਚ ਆਏ ਹਨ। ਸ਼ੋਮਣੀ ਅਕਾਲੀ ਦਲ ਵੱਲੋਂ ਇਸ ਉੱਤੇ ਇਸ ਦਾ ਇਤਰਾਜ਼ ਵੀ ਜਤਾਇਆ ਗਿਆ ਸੀ। ਇਹ ਵੀ ਕਿਹਾ ਜਾ ਰਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਤੇ ਜਥੇਦਾਰ ਵਿਚਾਲ ਰਹੇ ‘ਕਲੇਸ਼’ ਵਿੱਚ ਰਾਘਵ ਚੱਢਾ ਦੀ ਮੰਗਣੀ ਨੇ ਅੱਗ ਵਿੱਚ ਘਿਓ ਪਾਉਣ ਦਾ ਕੰਮ ਕੀਤਾ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਕਮਜ਼ੋਰ ਹੋਣ ਦੀ ਕੀਤੀ ਸੀ ਗੱਲ
ਬੀਤੇ ਇੱਕ ਸਾਲ ਤੋਂ ਅਕਾਲੀ ਦਲ ਨਾਲ ਜਥੇਦਾਰ ਦੇ ਸੰਬੰਧ ਕੋਈ ਚੰਗੇ ਨਹੀਂ ਸਨ। ਪੰਥਕ ਸਟੇਜਾਂ ਤੋਂ ਸ਼ਰੇਆਮ ਅਕਾਲੀ ਦਲ ਨੂੰ ਸਰਮਾਏਦਾਰਾਂ ਦੀ ਪਾਰਟੀ ਤੇ ਅਕਾਲੀ ਦਲ ਦਾ ਅਸਲ ਵਜੂਦ ਖ਼ਤਮ ਹੋਣ ਦੇ ਬਿਆਨ ਦੇਣ ਨੂੰ ਲੈ ਕੇ ਗਿਆਨੀ ਹਰਪ੍ਰੀਤ ਸਿੰਘ ਪਹਿਲਾਂ ਹੀ ਟਾਰਗੇਟ ‘ਤੇ ਸਨ। ਇੰਨਾ ਹੀ ਨਹੀਂ ਪਿਛਲੇ ਕੁਝ ਸਮੇਂ ਤੋਂ ਜਥੇਦਾਰ ਅਤੇ ਅਕਾਲੀ ਦਲ ਦਰਮਿਆਨ ਰੰਜਿਸ਼ ਚੱਲ ਰਹੀ ਸੀ। ਜਥੇਦਾਰਾਂ ਨੇ ਕਈ ਵਾਰ ਅਕਾਲੀ ਦਲ ਦੀ ਕਮਜ਼ੋਰੀ ਦੀ ਗੱਲ ਕੀਤੀ ਹੈ। ਇੰਨਾ ਹੀ ਨਹੀਂ ਇੱਕ ਵਾਰ ਤਾਂ ਜਥੇਦਾਰ ਨੇ ਅਕਾਲੀ ਦਲ ਨੂੰ ਮਜ਼ਬੂਤ ਕਰਨ ਦੀ ਸਲਾਹ ਵੀ ਦਿੱਤੀ ਸੀ।