ਫਰੀਦਕੋਟ ਦੇ 2015 ਦੇ ਬਰਗਾੜੀ ਬੇਅਦਬੀ ਕਾਂਡ ਦੇ ਮੁੱਖ ਸਾਜ਼ਿਸ਼ਕਰਤਾ ਤੇ ਡੇਰਾ ਸਿਰਸਾ ਦੇ ਕੌਮੀ ਕਮੇਟੀ ਮੈਂਬਰ ਸੰਦੀਪ ਬਰੇਟਾ ਨੂੰ ਬੈਂਗਲੁਰੂ ਹਵਾਈ ਅੱਡੇ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਬੇਅਦਬੀ ਦੀਆਂ ਤਿੰਨੋਂ ਘਟਨਾਵਾਂ ਵਿੱਚ ਬਰੇਟਾ ਦਾ ਨਾਂ ਆਉਂਦਾ ਹੈ। ਅਦਾਲਤ ਨੇ ਇਨ੍ਹਾਂ ਮਾਮਲਿਆਂ ਵਿੱਚ ਸੰਦੀਪ ਬਰੇਟਾ ਤੇ ਕਮੇਟੀ ਦੇ ਦੋ ਹੋਰ ਮੈਂਬਰਾਂ ਹਰਸ਼ ਧੂਰੀ ਤੇ ਪ੍ਰਦੀਪ ਕਲੇਰ ਨੂੰ ਵੀ ਭਗੌੜਾ ਕਰਾਰ ਦਿੱਤਾ ਸੀ। ਫ਼ਰੀਦਕੋਟ ਜ਼ਿਲ੍ਹੇ ਦੀ ਪੁਲਿਸ ਟੀਮ ਬੰਗਲੌਰ ਲਈ ਰਵਾਨਾ ਹੋ ਗਈ ਹੈ।
ਬਰਗਾੜੀ ਬੇਅਦਬੀ ਮਾਮਲੇ ਨਾਲ ਸਬੰਧਤ ਤਿੰਨੋਂ ਘਟਨਾਵਾਂ ਵਿਚ ਪੰਜਾਬ ਪੁਲਿਸ ਦੀ ਐਸਆਈਟੀ ਨੇ ਰਾਮ ਰਹੀਮ ਤੇ ਹੋਰ ਡੇਰਾ ਪੈਰੋਕਾਰਾਂ ਖ਼ਿਲਾਫ਼ ਚਾਰਜਸ਼ੀਟ ਦਾਇਰ ਕਰ ਦਿੱਤੀ ਹੈ ਤੇ ਇਨ੍ਹਾਂ ਦਿਨਾਂ ਵਿਚ ਅਦਾਲਤ ਵਿੱਚ ਸੁਣਵਾਈ ਵੀ ਚੱਲ ਰਹੀ ਹੈ। ਪਰ ਸੁਪਰੀਮ ਕੋਰਟ ਨੇ ਮੁਲਜ਼ਮ ਡੇਰਾ ਪੈਰੋਕਾਰਾਂ ਦੀ ਪਟੀਸ਼ਨ ‘ਤੇ ਤਿੰਨੋਂ ਕੇਸ ਫਰੀਦਕੋਟ ਅਦਾਲਤ ਤੋਂ ਚੰਡੀਗੜ੍ਹ ਤਬਦੀਲ ਕਰ ਦਿੱਤੇ।
ਐਸਆਈਟੀ ਦੀ ਚਾਰਜਸ਼ੀਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਬਰਗਾੜੀ ਬੇਅਦਬੀ ਕਾਂਡ ਦੀ ਸਾਜ਼ਿਸ਼ ਮਹਿੰਦਰਪਾਲ ਬਿੱਟੂ ਨਾਲ ਮਿਲ ਕੇ ਇਨ੍ਹਾਂ ਤਿੰਨਾਂ ਨੇ ਰਚੀ ਸੀ। ਐਸਆਈਟੀ ਅਨੁਸਾਰ ਬੇਅਦਬੀ ਦੀ ਘਟਨਾ ਤੋਂ ਪਹਿਲਾਂ ਡੇਰਾ ਸਿਰਸਾ ਦੇ ਅਹੁਦੇਦਾਰਾਂ ਨੇ ਸੰਪਰਦਾ ਦੇ ਆਗੂ ਬਲਜੀਤ ਸਿੰਘ ਦਾਦੂਵਾਲ ਨੂੰ ਮਾਰਨ ਦੀ ਸਾਜ਼ਿਸ਼ ਵੀ ਰਚੀ ਸੀ ਪਰ ਉਹ ਇਸ ਵਿੱਚ ਕਾਮਯਾਬ ਨਹੀਂ ਹੋ ਸਕੇ। ਇਸ ਤੋਂ ਬਾਅਦ ਉਸ ਨੇ ਇਸ ਘਿਨਾਉਣੀ ਹਰਕਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾਈ।