India News

ਗੁਰਬਾਣੀ ਪ੍ਰਸਾਰਣ ਲਈ SGPC ਜਲਦ ਮੰਗੇਗੀ ਖੁੱਲ੍ਹੇ ਟੈਂਡਰ, ਪ੍ਰਧਾਨ ਬੋਲੇ- ‘ਗੁਰਬਾਣੀ ਵੇਚਣ’ ਜਿਹੀ ਸ਼ਬਦਾਵਲੀ ਤੋਂ ਗੁਰੇਜ਼ ਕਰਨ CM

ਗੁਰਬਾਣੀ ਪ੍ਰਸਾਰਣ ਲਈ ਸ਼੍ਰੋਮਣੀ ਕਮੇਟੀ ਜਲਦ ਟੈਂਡਰ ਖੁੱਲ੍ਹੇ ਟੈਂਡਰ ਮੰਗੇਗੀ ਤੇ ਇਸ ਸਬੰਧੀ ਅਖਬਾਰ ‘ਚ ਇਸ਼ਤਿਹਾਰ ਵੀ ਦੇਵੇਗੀ। SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਮੁੱਖ ਮੰਤਰੀ ਨੂੰ ਨਸੀਹਤ ਦਿੱਤੀ ਕੀ ਉਹ ‘ਗੁਰਬਾਣੀ ਵੇਚਣ’ ਜਿਹੀ ਸ਼ਬਦਾਵਲੀ ਤੋਂ ਗੁਰੇਜ਼ ਕਰਨ। ਇਸ ਤੋਂ ਪਹਿਲਾਂ ਉਨ੍ਹਾਂ ਕਿਹਾ ਸੀ ਕਿ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਕੀਰਤਨ ਦਾ ਚੈਨਲ ’ਤੇ ਪ੍ਰਸਾਰਣ ਲਈ ਐੱਸਜੀਪੀਸੀ ਨਵੀਂ ਨੀਤੀ ਲਿਆਏਗੀ।

ਦਰਅਸਲ ਐਤਵਾਰ ਨੂੰ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਗੁਰਬਾਣੀ ਦੇ ਪ੍ਰਸਾਰਣ ਦੇ ਅਧਿਕਾਰ ਇਕ ਚੈਨਲ ਨੂੰ ਦਿੱਤੇ ਜਾਣ ’ਤੇ ਸਵਾਲ ਚੁੱਕਦੇ ਹੋਏ ਕਿਹਾ ਸੀ ਕਿ ਪ੍ਰਸਾਰਣ ਦੇ ਮੁਫ਼ਤ ਅਧਿਕਾਰ ਸਾਰੇ ਚੈਨਲਾਂ ਨੂੰ ਦਿੱਤੇ ਜਾਣੇ ਚਾਹੀਦੇ ਹਨ। ਇਸ ਨੂੰ ਲੈ ਕੇ ਸੋਮਵਾਰ ਨੂੰ ਐੱਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸੰਘ ਧਾਮੀ ਨੇ ਕਿਹਾ ਕਿ ਪ੍ਰਸਾਰਣ ਦਾ ਇਕ ਚੈਨਲ ਨਾਲ ਹੋਇਆ ਕਰਾਰ ਜੁਲਾਈ ਤੱਕ ਹੈ। ਕਰਾਰ ਖ਼ਤਮ ਹੁੰਦੇ ਹੀ ਨਵੀਂ ਨੀਤੀ ਲਿਆਂਦੀ ਜਾਵੇਗੀ। ਉਸ ਤੋਂ ਬਾਅਦ ਤੈਅ ਹੋਵੇਗਾ ਕਿ ਪ੍ਰਸਾਰਣ ਦੇ ਅਧਿਕਾਰ ਕਿਹੜੇ ਚੈਨਲਾਂ ਨੂੰ ਜਾਣੇ ਚਾਹੀਦੇ ਹਨ।

ਧਾਮੀ ਨੇ ਕਿਹਾ ਕਿ ਅਸਲ ’ਚ ਜਿਸ ਚੈਨਲ ’ਤੇ ਇਸ ਵੇਲੇ ਪ੍ਰਸਾਰਣ ਕੀਤਾ ਜਾ ਰਿਹਾ ਹੈ, ਉਹ ਸਿੱਖ ਰਹਿਤ ਮਰਿਆਦਾ ਤੇ ਭਾਵਨਾਵਾਂ ਨੂੰ ਸਮਝਦਾ ਹੈ। ਉਸੇ ਤਹਿਤ ਇਸ ਚੈਨਲ ’ਤੇ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ਹੁੰਦਾ ਹੈ। ਜ਼ਿਕਰਯੋਗ ਹੈ ਕਿ ਲਗਪਗ ਛੇ ਸਾਲ ਪਹਿਲਾਂ ਵੀ ਗੁਰਬਾਣੀ ਦੇ ਪ੍ਰਸਾਰਣ ਦੇ ਅਧਿਕਾਰ ਦਾ ਮੁੱਦਾ ਉੱਠਿਆ ਸੀ। 2017 ’ਚ ਸੂਬੇ ’ਚ ਕਾਂਗਰਸ ਸਰਕਾਰ ਬਣਨ ਤੋਂ ਬਾਅਦ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਏਕਾਧਿਕਾਰ ਵਾਲੇ ਚੈਨਲ ਦੇ ਗੁਰਬਾਣੀ ਦਾ ਅਧਿਕਾਰ ਲੈ ਕੇ ਕਿਸੇ ਸੁਤੰਤਰ ਚੈਨਲ ਨੂੰ ਸੌਂਪਿਆ ਜਾਵੇਗਾ। ਪਰ ਇਸ ਤੋਂ ਬਾਅਦ ਕਾਰਵਾਈ ਅੱਗੇ ਨਹੀਂ ਵਧੀ। ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਦੇ ਚੈਨਲਾਂ ’ਤੇ ਮੁਫ਼ਤ ਪ੍ਰਸਾਰਣ ਲਈ ਸਰਕਾਰ ਆਧੁਨਿਕ ਕੈਮਰੇ, ਜ਼ਰੂਰੀ ਉਪਕਰਨ, ਨਵਾਂ ਬੁਨਿਆਦੀ ਢਾਂਚਾ ਤੇ ਤਕਨੀਕ ਮੁਹੱਈਆ ਕਰਵਾਉਣ ਦਾ ਸਾਰਾ ਖ਼ਰਚਾ ਚੁੱਕਣ ਲਈ ਤਿਆਰ ਹੈ।

ਕਰਾਰ ਤੋਂ ਆਮਦਨ ’ਤੇ ਟਿੱਪਣੀ ਤੋਂ ਇਨਕਾਰ

ਐੱਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਗੁਰਬਾਣੀ ਪ੍ਰਸਾਰਣ ਤੋਂ ਐੱਸਜੀਪੀਸੀ ਨੂੰ ਹੋਣ ਵਾਲੀ ਆਮਦਨ ਬਾਰੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਧਾਮੀ ਨੇ ਕਿਹਾ ਕਿ ਉਨ੍ਹਾਂ ਦਾ ਸਾਰਾ ਧਿਆਨ ਗੁਰਦੁਆਰਾ ਸਾਹਿਬ ਦੇ ਸਹੀ ਪ੍ਰਬੰਧਾਂ ਵੱਲ ਰਹਿੰਦਾ ਹੈ। ਹਾਲਾਂਕਿ ਸੂਤਰਾਂ ਦਾ ਕਹਿਣਾ ਹੈ ਕਿ ਐੱਸਜੀਪੀਸੀ ਨੂੰ ਪ੍ਰਸਾਰਣ ਦੇ ਅਧਿਕਾਰ ਚੈਨਲ ਨੂੰ ਦਿੱਤੇ ਜਾਣ ’ਤੇ ਹਰ ਸਾਲ ਲਗਪਗ ਦੋ ਕਰੋੜ ਰੁਪਏ ਦੀ ਆਮਦਨ ਹੋ ਰਹੀ ਹੈ।

Video