ਸੁਪਰੀਮ ਕੋਰਟ ਵੱਲੋਂ ਪਿਛਲੇ ਕਈ ਸਾਲਾਂ ਤੋਂ ਬੈਲ ਗੱਡੀਆਂ ਦੀਆਂ ਦੌੜਾਂ ’ਤੇ ਲੱਗੀ ਪਾਬੰਦੀ ਨੂੰ ਹਟਾਉਣ ਦੇ ਦਿੱਤੇ ਹੁਕਮਾਂ ’ਤੇ ਬੈਲ ਦੌੜਾਕ ਕਮੇਟੀ ਪੰਜਾਬ ਤੇ ਕਿਲ੍ਹਾ ਰਾਏਪੁਰ ਸਪੋਰਟਸ ਸੁਸਾਇਟੀ (ਪੱਤੀ ਸੁਹਾਵੀਆ) ਵੱਲੋਂ ਕਿਲਾ ਰਾਏਪੁਰ ਸਪੋਰਟਸ ਸਟੇਡੀਅਮ ’ਚ ਇਕ ਵਿਸ਼ੇਸ਼ ਮੀਟਿੰਗ ਕਰ ਕੇ ਮਾਣਯੋਗ ਸੁਪਰੀਮ ਕੋਰਟ ਦਾ ਧੰਨਵਾਦ ਕਰਦਿਆਂ 11 ਜੂਨ ਨੂੰ ਕਿਲਾ ਰਾਏਪੁਰ ਸਪੋਰਟਸ ਸਟੇਡੀਅਮ ’ਚ ਸਿੰਗਲ ਬੈਲ ਗੱਡੀਆਂ ਦੀਆਂ ਦੌੜਾਂ ਕਰਵਾ ਕੇ ਇਨ੍ਹਾਂ ਦੌੜਾਂ ਦੀ ਸ਼ੁਰੂਆਤ ਕਰਵਾਉਣ ਦਾ ਐਲਾਨ ਕੀਤਾ।
ਇਸ ਮੌਕੇ ਕਿਲ੍ਹਾ ਰਾਏਪੁਰ ਸਪੋਰਟਸ ਸੁਸਾਇਟੀ (ਪੱਤੀ ਸੁਹਾਵੀਆ) ਦੇ ਪ੍ਰਧਾਨ ਕਰਨਲ ਸੁਰਿੰਦਰ ਸਿੰਘ ਗਰੇਵਾਲ ਵੱਲੋਂ ਇਸ ਜਿੱਤ ਦਾ ਸਿਹਰਾ ਦੁਆਬਾ ਬੈਲ ਦੌੜਾਕ ਕਮੇਟੀ ਦੇ ਸੈਕਟਰੀ ਨਿਰਮਲ ਸਿੰਘ ਨਿੰਮਾਂ ਅਤੇ ਸਮੂਹ ਅਹੁਦੇਦਾਰਾਂ ਨੂੰ ਦਿੰਦਿਆਂ ਕਿਹਾ ਕਿ ਇਹ ਜਿੱਤ ਬੈਲ ਦੌੜਾਕ ਕਮੇਟੀ ਵੱਲੋਂ ਲੜੀ ਗਈ ਲੰਮੀ ਕਾਨੂੰਨੀ ਲੜਾਈ ਤੋਂ ਬਾਅਦ ਨਸੀਬ ਹੋਈ ਹੈ, ਜਿਸ ਲਈ ਬੈਲ ਦੌੜਾਕ ਕਮੇਟੀ ਦੇ ਸਮੂਹ ਅਹੁਦੇਦਾਰ ਵਧਾਈ ਦੇ ਪਾਤਰ ਹਨ।
ਸੈਕਟਰੀ ਨਿਰਮਲ ਸਿੰਘ ਨਿੰਮਾਂ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਇਨ੍ਹਾਂ ਹੁਕਮਾਂ ਕਾਰਨ ਜਿੱਥੇ ਬੈਲ ਦੌੜਾਕਾਂ ਦੇ ਚਿਹਰਿਆਂ ਤੇ ਰੌਣਕਾਂ ਪਰਤੀਆਂ ਹਨ ਉਥੇ ਹੀ ਖੇਡ ਪੇ੍ਰਮੀਆਂ ’ਚ ਭਾਰੀ ਖੁਸ਼ੀ ਪਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਿਲਾ ਰਾਏਪੁਰ ਖੇਡ ਮੇਲੇ ’ਚ ਸਭ ਤੋਂ ਵੱਧ ਆਕਰਸ਼ਕ ਖੇਡ ਬੈਲ ਗੱਡੀਆਂ ਦੀ ਹੋਣ ਕਾਰਨ ਜਿੱਥੇ ਇਸ ਰੂਰਲ ਉਲੰਪਿਕਸ ਦੀਆਂ ਰੌਣਕਾਂ ਪਰਤਣਗੀਆਂ, ਉਥੇ ਹੀ ਪੰਜਾਬ ਦੇ ਪਿੰਡ-ਪਿੰਡ ਹੋਣ ਵਾਲੀਆਂ ਖੇਡਾਂ ’ਚ ਬੈਲ ਗੱਡੀਆਂ ਸ਼ਾਮਿਲ ਹੋਣਗੀਆਂ।
ਪ੍ਰਧਾਨ ਕਰਨਲ ਸੁਰਿੰਦਰ ਸਿੰਘ ਗਰੇਵਾਲ ਅਤੇ ਸੈਕਟਰੀ ਨਿਰਮਲ ਸਿੰਘ ਨਿੰਮਾ ਨੇ ਕਿਹਾ ਕਿ ਆਉਣ ਵਾਲੀ ਕਿਲਾ ਰਾਏਪੁਰ ਦੀ ਰੂਰਲ ਉਲੰਪਿਕਸ ’ਚ ਦਰਸ਼ਕਾਂ ਨੂੰ ਬੈਲ ਗੱਡੀਆਂ ਦੇ ਨਾਲ ਨਾਲ ਕੁੱਤਿਆਂ ਅਤੇ ਘੋੜਿਆਂ ਦੀਆਂ ਦੌੜਾਂ ਵੀ ਦੇਖਣ ਨੂੰ ਮਿਲਣਗੀਆਂ। ਉਨ੍ਹਾਂ ਬੈਲ ਦੌੜਾਕਾਂ ਨੂੰ ਅਪੀਲ ਕੀਤੀ ਕਿ ਬੈਲਾਂ ਦੀਆਂ ਦੌੜਾਂ ਕਰਵਾਉਣ ਸਮੇਂ ਜਾਨਵਰਾਂ ਦੇ ਅਧਿਕਾਰਾਂ ਨੂੰ ਧਿਆਨ ਵਿੱਚ ਰੱਖਿਆ ਜਾਵੇ। ਇਸ ਮੌਕੇ ਕਿਲ੍ਹਾ ਰਾਏਪੁਰ ਸਪੋਰਟਸ ਸੁਸਾਇਟੀ ਵੱਲੋਂ ਬੈਲ ਦੌੜਾਕ ਕਮੇਟੀ ਦੇ ਪੁੱਜੇ ਅਹੁਦੇਦਾਰਾਂ ਦਾ ਸਨਮਾਨ ਵੀ ਕੀਤਾ ਗਿਆ।
ਇਸ ਮੌਕੇ ਨਿਰਮਲ ਸਿੰਘ ਨਿੰਮਾ ਜਨਰਲ ਸੈਕਟਰੀ ਦੋਆਬਾ ਬੈਲ ਦੋੜਾਕ ਕਮੇਟੀ, ਚੇਅਰਮੈਨ ਅਮਰਜੀਤ ਸਿੰਘ, ਰਾਜਵੰਤ ਸਿੰਘ ਭੂਪੇਵਾਲ, ਕਿੰਦੀ ਕੁਲੇਵਾਲ, ਭੋਲਾ ਪ੍ਰਧਾਨ ਕੁਟਾਲਾ, ਇੰਦਰਜੀਤ ਸਿੰਘ ਕੁਟਾਲਾ, ਜੱਗੀ ਆਸੀ, ਬੱਟਾ ਫੱਲੇਵਾਲ, ਅਰਸ਼ ਨਾਰੰਗਵਾਲ, ਕਰਨਲ ਸੁਰਿੰਦਰ ਸਿੰਘ ਗਰੇਵਾਲ ਪ੍ਰਧਾਨ, ਮਾਸਟਰ ਗੁਰਵਿੰਦਰ ਸਿੰਘ ਸੈਕਟਰੀ, ਸਰਪੰਚ ਗਿਆਨ ਸਿੰਘ, ਗੁਰਦੀਪ ਸਿੰਘ, ਰਾਜਵਿੰਦਰ ਸਿੰਘ, ਪਰਮਜੀਤ ਸਿੰਘ ਕੋਚ, ਬਲਰਾਜ ਗਾਬਾ, ਮਾਲਵਿੰਦਰ ਸਿੰਘ ਕੋਚ, ਰਜਿੰਦਰ ਸਿੰਘ, ਚਰਨਜੀਤ ਸਿੰਘ, ਗੁਰਪ੍ਰਤਾਪ ਸਿੰਘ, ਚਰਨਜੀਤ ਸਿੰਘ, ਗੁਰਜੀਤ ਸਿੰਘ, ਜਗਵਿੰਦਰ ਸਿੰਘ, ਰਜਿੰਦਰਪਾਲ ਸਿੰਘ ਕੈਸ਼ੀਅਰ ਅਤੇ ਗੁਰਦੀਪ ਸਿੰਘ ਹਾਜ਼ਰ ਸਨ।