ਅਰਜਨਟੀਨਾ ਦੇ ਸਟਾਰ ਸਟ੍ਰਾਈਕਰ ਲਿਓਨ ਮੈਸੀ ਨੇ ਦਰਸ਼ਕਾਂ ਦੀ ‘ਹੂਟਿੰਗ’ ਵਿਚਾਲੇ ਪੈਰਿਸ ਸੇਂਟ ਜਰਮੇਨ (ਪੀਐੱਸਜੀ) ਵੱਲੋਂ ਆਪਣਾ ਆਖ਼ਰੀ ਮੈਚ ਖੇਡਿਆ। ਫਰਾਂਸੀਸੀ ਲੀਗ ਦਾ ਖ਼ਿਤਾਬ ਪਹਿਲਾਂ ਹੀ ਆਪਣੇ ਨਾਂ ਕਰ ਚੁੱਕੇ ਪੀਐੱਸਜੀ ਨੂੰ ਆਪਣੇ ਆਖ਼ਰੀ ਮੈਚ ਵਿਚ ਕਲੇਰਮੋਂਟ ਹੱਥੋਂ 3-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਪੀਐੱਸਜੀ ਦੇ ਸਮਰਥਕਾਂ ਨੇ ਮੈਸੀ ਪ੍ਰਤੀ ਕਿਸੇ ਤਰ੍ਹਾਂ ਦਾ ਸਨਮਾਨ ਨਹੀਂ ਦਿਖਾਇਆ ਤੇ ਅਨਾਊਂਸਰ ਨੇ ਜਦ ਇਸ ਸਟਾਰ ਖਿਡਾਰੀ ਦੇ ਨਾਂ ਦਾ ਐਲਾਨ ਕੀਤਾ ਤਾਂ ਦਰਸ਼ਕਾਂ ਨੇ ਉਨ੍ਹਾਂ ਦੀ ‘ਹੂਟਿੰਗ’ ਕੀਤੀ। ਇਸ ਤੋਂ ਕੁਝ ਮਿੰਟ ਬਾਅਦ ਮੈਸੀ ਨੇ ਮੁਸਕਰਾਉਂਦੇ ਹੋਏ ਆਪਣੇ ਤਿੰਨ ਬੱਚਿਆਂ ਨਾਲ ਮੈਦਾਨ ‘ਤੇ ਪ੍ਰਵੇਸ਼ ਕੀਤਾ। ਉਨ੍ਹਾਂ ਨੇ ਬਾਅਦ ਵਿਚ ਪੀਐੱਸਜੀ ਦੀ ਵੈੱਬਸਾਈਟ ਤੋਂ ਕਿਹਾ ਕਿ ਮੈਂ ਇਨ੍ਹਾਂ ਦੋ ਸਾਲਾਂ ਲਈ ਕਲੱਬ, ਪੈਰਿਸ ਸ਼ਹਿਰ ਤੇ ਉਨ੍ਹਾਂ ਦੇ ਲੋਕਾਂ ਦਾ ਧੰਨਵਾਦ ਕਰਦਾ ਹਾਂ। ਮੈਂ ਤੁਹਾਨੂੰ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੰਦਾ ਹਾਂ। ਮੈਸੀ ਦੇ ਰਹਿੰਦੇ ਹੋਏ ਪੀਐੱਸਜੀ ਨੇ ਇਨ੍ਹਾਂ ਦੋ ਸੈਸ਼ਨਾਂ ਵਿਚ ਦੋ ਵਾਰ ਫਰਾਂਸੀਸੀ ਲੀਗ ਤੇ ਫਰਾਂਸੀਸੀ ਚੈਂਪੀਅਨਜ਼ ਟਰਾਫੀ ਦੇ ਖ਼ਿਤਾਬ ਜਿੱਤੇ। ਮੈਸੀ ਨੇ ਇਸ ਵਿਚਾਲੇ ਕਲੱਬ ਵੱਲੋਂ ਸਾਰੀਆਂ ਚੈਂਪੀਅਨਸ਼ਿਪਾਂ ਵਿਚ 32 ਗੋਲ ਕੀਤੇ ਤੇ 35 ਗੋਲ ਕਰਨ ਵਿਚ ਮਦਦ ਕੀਤੀ।
ਅਲ ਹਿਲਾਲ ਨਾਲ ਜੁੜਨ ਦੀ ਸੰਭਾਵਨਾ :
ਅਰਜਨਟੀਨਾ ਦੇ ਵਿਸ਼ਵ ਕੱਪ ਜੇਤੂ ਕਪਤਾਨ ਨੇ ਪੀਐੱਸਜੀ ਦੇ ਨਾਲ ਆਪਣੇ ਕਰਾਰ ਨੂੰ ਅੱਗੇ ਨਹੀਂ ਵਧਾਇਆ। ਉਨ੍ਹਾਂ ਦੇ ਹੁਣ ਸਾਊਦੀ ਅਰਬ ਵਿਚ ਖੇਡਣ ਦੀਆਂ ਸੰਭਾਵਨਾਵਾਂ ਹਨ। ਸਾਊਦੀ ਅਰਬ ਦੇ ਕਲੱਬ ਅਲ ਹਿਲਾਲ ਨੇ ਉਨ੍ਹਾਂ ਨੂੰ 4418 ਕਰੋੜ ਰੁਪਏ (500 ਮਿਲੀਅਨ ਯੂਰੋ) ਸਾਲਾਨਾ ਦਾ ਪ੍ਰਸਤਾਵ ਭੇਜਿਆ। ਜੇ ਮੈਸੀ ਇਹ ਪ੍ਰਸਤਾਵ ਸਵੀਕਾਰ ਕਰ ਲੈਂਦੇ ਹਨ ਤਾਂ ਇਕ ਵਾਰ ਮੁੜ ਮੈਸੀ ਤੇ ਰੋਨਾਲਡੋ ਕਲੱਬ ਪੱਧਰ ‘ਤੇ ਆਹਮੋ-ਸਾਹਮਣੇ ਹੋਣਗੇ।