ਪੰਜਾਬ ਦੇ ਨੌਜਵਾਨ ਵਿਦੇਸ਼ਾਂ ਵਿੱਚ ਜਾ ਕੇ ਵੱਡੇ ਮੁਕਾਮ ਹਾਸਲ ਕਰ ਕੇ ਦੇਸ਼ ਅਤੇ ਪੰਜਾਬ ਦਾ ਨਾਮ ਰੌਸ਼ਨ ਕਰ ਰਹੇ ਹਨ। ਅਜਿਹਾ ਹੀ ਕਾਰਨਾਮਾ ਕਰ ਦਿਖਾਇਆ ਹੈ ਜ਼ਿਲ੍ਹਾ ਫ਼ਰੀਦਕੋਟ ਦੇ ਪਿੰਡ ਬੁਰਜ ਹਰੀਕਾ ਦੀ ਜੰਮਪਲ ਕੁੜੀ ਹਰਪ੍ਰੀਤ ਕੌਰ ਬਰਾੜ ਨੇ।ਦਰਅਸਲ ਹਰਪ੍ਰੀਤ ਕੌਰ ਬਰਾੜ ਪੁੱਤਰੀ ਡਾਕਟਰ ਸਤਨਾਮ ਸਿੰਘ ਖਾਲਸਾ ਨੇ ਕੈਨੇਡਾ ਦੀ ਟੋਰਾਂਟੋ ਪੁਲਿਸ ਵਿੱਚ ਭਰਤੀ ਹੋ ਕੇ ਪਿੰਡ ਅਤੇ ਜ਼ਿਲ੍ਹਾ ਫ਼ਰੀਦਕੋਟ ਦਾ ਨਾਮ ਰੌਸ਼ਨ ਕੀਤਾ ਹੈ। ਹਰਪ੍ਰੀਤ ਕੌਰ ਬਰਾੜ ਦੀ ਇਸ ਉਪਲਬਧੀ ਸੰਬੰਧੀ ਜਾਣਕਾਰੀ ਦਿੰਦਿਆਂ ਪਿੰਡ ਵਾਸੀਆਂ ਨੇ ਦੱਸਿਆ ਕਿ ਡਾਕਟਰ ਸਤਨਾਮ ਸਿੰਘ ਖਾਲਸਾ ਪੁੱਤਰ ਤੇਜਾ ਸਿੰਘ ਅਕਾਲੀ ਪਿੰਡ ਦਾ ਬੇਹੱਦ ਸ਼ਰੀਫ ਇਮਾਨਦਾਰ ਅਤੇ ਮਿਹਨਤੀ ਪਰਿਵਾਰ ਹੈ।
ਇਸ ਪਰਿਵਾਰ ਦੀ ਕੁੜੀ ਦੀ ਇਸ ਪ੍ਰਾਪਤੀ ਨਾਲ ਉਨ੍ਹਾਂ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਰਹੀ। ਹਰਪ੍ਰੀਤ ਕੌਰ ਬਰਾੜ ਮੁੱਢਲੀ ਪੜ੍ਹਾਈ ਕਰਨ ਤੋਂ ਬਾਅਦ ਉੱਚ ਵਿੱਦਿਆ ਹਾਸਿਲ ਕਰਨ ਕੈਨੇਡਾ ਚਲੀ ਗਈ ਸੀ। ਉੱਥੇ ਆਪਣੀ ਲਗਨ ਅਤੇ ਮਿਹਨਤ ਨਾਲ ਉੱਚ ਵਿੱਦਿਆ ਪ੍ਰਾਪਤ ਕਰ ਕੇ ਕੈਨੇਡਾ ਦੀ ਟੋਰਾਂਟੋ ਪੁਲਿਸ ਵਿੱਚ ਭਰਤੀ ਹੋ ਗਈ ਹੈ। ਉਸ ਦੀ ਮਿਹਨਤ ਸਦਕਾ ਦੁਨੀਆ ਅੰਦਰ ਪਿੰਡ ਬੁਰਜ ਹਰੀਕਾ ਅਤੇ ਫ਼ਰੀਦਕੋਟ ਜ਼ਿਲ੍ਹੇ ਦਾ ਨਾਮ ਰੌਸ਼ਨ ਹੋਇਆ ਹੈ। ਇਸ ਦੇ ਨਾਲ ਹੀ ਦੁਨੀਆਂ ਦੇ ਹਰ ਕੋਨੇ ਵਿੱਚ ਵੱਸਦੇ ਪੰਜਾਬੀਆਂ ਦਾ ਸਿਰ ਫ਼ਖਰ ਨਾਲ ਉੱਚਾ ਹੋਇਆ ਹੈ।
ਪਿੰਡ ਵਾਸੀਆਂ ਨੇ ਇਸ ਪ੍ਰਾਪਤੀ ਨੂੰ ਲੈ ਕੇ ਹਰਪ੍ਰੀਤ ਕੌਰ ਬਰਾੜ ਅਤੇ ਉਨ੍ਹਾਂ ਦੇ ਪਿਤਾ ਡਾਕਟਰ ਸਤਨਾਮ ਸਿੰਘ ਖਾਲਸਾ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੀ ਹੋਰ ਤਰੱਕੀ ਦੀ ਕਾਮਨਾ ਕੀਤੀ। ਇਸ ਨਿਯੁਕਤੀ ਨਾਲ ਪਿੰਡ ਬੁਰਜ ਹਰੀਕਾ ਸਮੇਤ ਪੂਰੇ ਫ਼ਰੀਦਕੋਟ ਜ਼ਿਲ੍ਹੇ ਅੰਦਰ ਖੁਸ਼ੀ ਪਾਈ ਜਾ ਰਹੀ ਹੈ। ਇਸ ਮੌਕੇ ਹਰਪ੍ਰੀਤ ਕੌਰ ਬਰਾੜ ਦੇ ਚਾਚਾ ਸੁਖਬੀਰ ਸਿੰਘ ਬਰਾੜ ਨੇ ਵੀ ਪੂਰੇ ਪਰਿਵਾਰ ਨੂੰ ਵਧਾਈ ਦਿੱਤੀ ਹੈ।