14 ਜੁਲਾਈ 2023: ਥਾਈਲੈਂਡ ਵਿੱਚ ਚੱਲ ਰਹੀ 25ਵੀਂ ਏਸ਼ੀਅਨ ਅਥਲੈਟਿਕਸ ਚੈਂਪੀਅਨਸ਼ਿਪ 2023 (Asian Athletics Championships) ਦੇ ਤੀਜੇ ਦਿਨ ਸ਼ੁੱਕਰਵਾਰ ਨੂੰ ਭਾਰਤੀ ਐਥਲੀਟਾਂ ਨੇ ਤਿੰਨ ਤਮਗੇ ਜਿੱਤੇ। ਤਜਿੰਦਰਪਾਲ ਸਿੰਘ ਤੂਰ Tajinderpal Singh Toor ਅਤੇ ਪਾਰੁਲ ਚੌਧਰੀ ਨੇ ਸੋਨ ਤਮਗੇ ਜਿੱਤੇ ਹਨ। ਭਾਰਤ ਲਈ ਪਹਿਲਾ ਸੋਨ ਤਮਗਾ ਪੁਰਸ਼ਾਂ ਦੇ ਸ਼ਾਟ ਪੁਟ ਵਿੱਚ ਤਜਿੰਦਰਪਾਲ ਸਿੰਘ ਤੂਰ ਨੇ ਜਿੱਤਿਆ ਹੈ । ਤਜਿੰਦਰਪਾਲ ਨੇ 20.23 ਮੀਟਰ ਥਰੋਅ ਨਾਲ ਪਹਿਲੇ ਸਥਾਨ ‘ਤੇ ਰਿਹਾ।
ਪਾਰੁਲ ਚੌਧਰੀ ਨੇ 3000 ਮੀਟਰ ਸਟੀਪਲ ਚੇਜ਼ ਦੌੜ ਵਿੱਚ 9.38.76 ਸਕਿੰਟ ਦਾ ਸਮਾਂ ਲੈ ਕੇ ਭਾਰਤ ਲਈ ਦਿਨ ਦਾ ਦੂਜਾ ਸੋਨ ਤਮਗਾ ਜਿੱਤਿਆ ਹੈ । ਇਸ ‘ਚ ਚੀਨ ਦੀ ਜ਼ੂ ਸ਼ੁਆਂਗਸ਼ੁਆਂਗ ਨੇ 9.44.54 ਸਕਿੰਟ ਦੇ ਨਾਲ ਚਾਂਦੀ ਦਾ ਤਮਗਾ ਅਤੇ ਜਾਪਾਨ ਦੀ ਰਿਮੀ ਯੋਸ਼ੀਮੁਰਾ ਨੇ 9.48.48 ਸਕਿੰਟ ਨਾਲ ਕਾਂਸੀ ਦਾ ਤਮਗਾ ਜਿੱਤਿਆ।
ਸ਼ੈਲੀ ਸਿੰਘ ਨੇ ਲੰਬੀ ਛਾਲ ਮੁਕਾਬਲੇ ਵਿੱਚ ਚਾਂਦੀ ਦਾ ਤਮਗਾ ਜਿੱਤਿਆ ਹੈ। ਸ਼ੈਲੀ ਨੇ 6.54 ਮੀਟਰ ਦੀ ਛਾਲ ਮਾਰੀ। ਦੂਜੇ ਪਾਸੇ ਜਾਪਾਨ ਦੀ ਸ਼ੁਮਾਰੀ ਹਾਟਾ 6.97 ਮੀਟਰ ਛਾਲ ਮਾਰ ਕੇ ਪਹਿਲੇ ਸਥਾਨ ‘ਤੇ ਰਹੀ। ਚੀਨ ਦਾ ਜ਼ੋਂਗਜੇ ਜਵੇਈ 6.46 ਮੀਟਰ ਦੀ ਛਾਲ ਨਾਲ ਤੀਜੇ ਸਥਾਨ ‘ਤੇ ਰਹੀ । ਭਾਰਤ ਨੇ ਹੁਣ ਤੱਕ 5 ਸੋਨ ਤਮਗੇ ਸਮੇਤ 9 ਤਮਗੇ ਜਿੱਤੇ ਹਨ ਅਤੇ ਭਾਰਤ ਟੇਬਲ ਸੂਚੀ ਵਿੱਚ ਤੀਜੇ ਸਥਾਨ ‘ਤੇ ਹੈ।