International News

Elon Musk ਨੂੰ ਆਖ਼ਿਰ ‘X’ ਕਿਉਂ ਪਸੰਦ, ਇਨ੍ਹਾਂ ਕੰਪਨੀਆਂ ਨਾਲ ਬੇਟੇ ਦਾ ਨਾਂ ਵੀ ਰੱਖਿਆ ‘X’

ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ‘ਚੋਂ ਇਕ ਐਲਨ ਮਸਕ ਨੇ ਟਵਿਟਰ ਦਾ ਨਾਂ ਤੇ ਲੋਗੋ ਬਦਲ ਕੇ ‘ਐਕਸ’ ਕਰ ਦਿੱਤਾ ਹੈ। ਮਸਕ ਦੀ ਅੰਗਰੇਜ਼ੀ ਵਰਣਮਾਲਾ ਦੇ ਅੱਖਰ ‘ਐਕਸ’ ਨਾਲ ਪੁਰਾਣੀ ਸਾਂਝ ਹੈ ਤੇ ਹੁਣ ਤਕ ਉਹ ਆਪਣੀਆਂ ਕਈ ਕੰਪਨੀਆਂ ਦੇ ਨਾਂ ‘ਤੇ ‘ਐਕਸ’ ਅੱਖਰ ਸ਼ਾਮਲ ਕਰ ਚੁੱਕਾ ਹੈ। ਐਲਨ ਮਸਕ ਨੂੰ ‘ਐਕਸ’ ਨਾਲ ਖਾਸ ਪਿਆਰ ਅੱਜ ਤੋਂ ਨਹੀਂ ਹੈ ਬਲਕਿ ਉਹ ਆਪਣੇ ਕਰੀਅਰ ਦੀ ਸ਼ੁਰੂਆਤ ਦੇ ਸਮੇਂ ਤੋਂ ਹੀ ‘ਐਕਸ’ ਅੱਖਰ ਵੱਲ ਆਕਰਸ਼ਿਤ ਹੈ।

ਸਾਲ 1999 ‘ਚ X.com ਤੋਂ ਸ਼ੁਰੂਆਤ

1999 ‘ਚ ਐਲਨ ਮਸਕ ਨੇ ਪਹਿਲੀ ਵਾਰ X.com ਇਕ ਔਨਲਾਈਨ ਬੈਂਕਿੰਗ ਪਲੇਟਫਾਰਮ ਲਾਂਚ ਕੀਤਾ। ਉਸਨੇ ਪਾਰਟਨਰਸ਼ਿਪ ‘ਚ ਇਸ ਬੈਂਕਿੰਗ ਪਲੇਟਫਾਰਮ ਦੀ ਸ਼ੁਰੂਆਤ ਕੀਤੀ। ਹਾਲਾਂਕਿ, ਸਾਲ 2001 ‘ਚ ਹੀ X.com ਦਾ Confinity ਕੰਪਨੀ ‘ਚ ਰਲੇਵਾਂ ਹੋ ਗਿਆ ਗਿਆ ਤੇ ਇਸਦਾ ਨਾਮ PayPal ਹੋ ਗਿਆ ਸੀ।

ਸਾਲ 2002 ‘ਚ ਹੋਈ ਸਪੇਸਐਕਸ ਦੀ ਸਥਾਪਨਾ

ਐਲਨ ਮਸਕ ਨੇ ਸਾਲ 2002 ‘ਚ ਸਪੇਸ ਐਕਸਪਲੋਰੇਸ਼ਨ ਟੈਕਨੋਲੋਜੀਜ਼ ਕਾਰਪੋਰੇਸ਼ਨ (ਸਪੇਸਐਕਸ) ਦੀ ਸ਼ੁਰੂਆਤ ਕੀਤੀ ਸੀ। ਐਲਨ ਮਸਕ ਦੀ ਇਹ ਏਅਰੋਸਪੇਸ ਕੰਪਨੀ ਜਹਾਜ਼ ਬਣਾਉਣ ਦਾ ਕੰਮ ਕਰਦੀ ਹੈ। ਇਸ ਤੋਂ ਇਲਾਵਾ ਸਪੇਸਐਕਸ ਸੈਟੇਲਾਈਟ, ਸੰਚਾਰ ਤੇ ਪੁਲਾੜ ਦੇ ਖੇਤਰ ‘ਚ ਵੀ ਕੰਮ ਕਰਦਾ ਹੈ। ਇਕ ਅੰਦਾਜ਼ੇ ਮੁਤਾਬਕ ਐਲਨ ਮਸਕ ਦੀ ਇਸ ਕੰਪਨੀ ਦੀ ਕੀਮਤ ਕਰੀਬ 150 ਅਰਬ ਡਾਲਰ ਹੈ।

ਟੇਸਲਾ ਦਾ ਮਾਡਲ ਐਕਸ

ਐਲਨ ਮਸਕ ਆਟੋਮੋਬਾਈਲ ਕੰਪਨੀ ਟੇਸਲਾ ਦਾ ਮਾਲਕ ਵੀ ਹੈ। ਸਾਲ 2015 ‘ਚ ਟੇਸਲਾ ਕੰਪਨੀ ਨੇ ਮਾਡਲ-ਐਕਸ ਨਾਮਕ ਆਪਣੀ ਤੀਜੀ ਇਲੈਕਟ੍ਰਿਕ ਕਾਰ ਲਾਂਚ ਕੀਤੀ ਜੋ ਕਿ ਟੇਸਲਾ ਦੀਆਂ ਸਭ ਤੋਂ ਵੱਧ ਵਿਕਣ ਵਾਲੀਆਂ ਕਾਰਾਂ ਵਿੱਚੋਂ ਇਕ ਹੈ।

X.com ਨੂੰ ਸਾਲ 2017 ‘ਚ ਖਰੀਦਿਆ

ਐਲਨ ਮਸਕ ਨੇ ਸਾਲ 2017 ‘ਚ X.com ਦੇ ਅਧਿਕਾਰ ਵਾਪਸ ਖਰੀਦ ਲਏ ਤੇ ਫਿਰ ਕਿਹਾ ਕਿ ਐਕਸ ਲੈਟਰ ਦਾ ਮੇਰੇ ਲਈ ਬਹੁਤ ਭਾਵਨਾਤਮਕ ਮੁੱਲ ਹੈ। ਇਸ ਤੋਂ ਇਲਾਵਾ ਮਸਕ ਨੇ ਅੱਜ ਤਕ ਕਦੇ ਵੀ ਇਸ ਗੱਲ ਦਾ ਖੁਲਾਸਾ ਨਹੀਂ ਕੀਤਾ ਕਿ ਉਨ੍ਹਾਂ ਨੂੰ ‘ਐਕਸ’ ਅੱਖਰ ਨਾਲ ਖਾਸ ਪਿਆਰ ਕਿਉਂ ਹੈ।

10 ਬੱਚਿਆਂ ‘ਚੋਂ ਇਕ ਪੁੱਤਰ ਦਾ ਨਾਮ ਵੀ X

ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਐਲਨ ਮਸਕ ਨੇ ਆਪਣੇ 10 ਬੱਚਿਆਂ ‘ਚੋਂ ਇਕ ਦਾ ਨਾਂ ਐਕਸ ਰੱਖਿਆ ਹੈ। ਮਸਕ ਤੇ ਉਸਦੀ ਸਾਬਕਾ ਪ੍ਰੇਮਿਕਾ ਅਤੇ ਗਾਇਕ ਗ੍ਰੀਮਜ਼ ਦਾ ਇਕ ਪੁੱਤਰ ਹੈ ਜਿਸਦਾ ਜਨਮ 2020 ਵਿੱਚ ਹੋਇਆ ਸੀ, ਜਿਸਦਾ ਨਾਂ ਉਨ੍ਹਾਂ ਨੇ X AE A-XII ਮਸਕ ਰੱਖਿਆ ਸੀ। ਇਸ ਤੋਂ ਇਲਾਵਾ 2021 ‘ਚ ਇਕ ਬੇਟੀ ਨੇ ਵੀ ਜਨਮ ਲਿਆ, ਜਿਸ ਦਾ ਨਾਂ ਉਸ ਨੇ ਐਕਸਾ ਡਾਰਕ ਸਾਈਡਰਲ ਮਸਕ ਰੱਖਿਆ।

Video