ਨਿਊਯਾਰਕ ਪੁਲਿਸ ਦੇ ਇੱਕ ਸਿੱਖ ਜਵਾਨ ਚਰਨਜੋਤ ਸਿੰਘ ਟਿਵਾਣਾ ਨੂੰ ਉਸ ਦੇ ਅਧਿਕਾਰੀਆਂ ਨੇ ਉਸ ਨੂੰ ਦਾੜ੍ਹੀ ਵਧਾਉਣ ਤੋਂ ਵਰਜਿਆ ਹੈ। ਸਥਾਨਕ ਸਿੱਖ ਸੰਗਤ ’ਚ ਇਸ ਪ੍ਰਤੀ ਰੋਸ ਪਾਇਆ ਜਾ ਰਿਹਾ ਹੈ। ਇਸ ਸਿੱਖ ਜਵਾਨ ਨੇ ਮਾਰਚ 2022 ’ਚ ਅਧਿਕਾਰੀਆਂ ਤੋਂ ਆਪਣੇ ਵਿਆਹ ਲਈ ਸਿਰਫ਼ ਡੇਢ ਇੰਚ ਦਾੜ੍ਹੀ ਵਧਾਉਣ ਦੀ ਇਜਾਜ਼ਤ ਮੰਗੀ ਸੀ ਪਰ ਉਨ੍ਹਾਂ ਅਜਿਹੀ ਪ੍ਰਵਾਨਗੀ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ।
ਹੁਣ ਆਮ ਲੋਕਾਂ ’ਚ ਪੁਲਿਸ ਦੇ ਉੱਚ ਅਧਿਕਾਰੀਆਂ ਖ਼ਿਲਾਫ਼ ਰੋਹ ਇਸ ਲਈ ਵਧੇਰੇ ਭੜਕ ਰਿਹਾ ਹੈ ਕਿਉਂਕਿ ਨਿਊਯਾਰਕ ਦੀ ਸੂਬਾ ਸਰਕਾਰ ਸਾਲ 2019 ’ਚ ਹੀ ਸਿੱਖ ਜਵਾਨਾਂ ਦੇ ਹੱਕ ’ਚ ਕਾਨੂੰਨ ਬਣਾ ਕੇ ਲਾਗੂ ਕਰ ਚੁੱਕੀ ਹੈ। ਨਿਊਯਾਰਕ ਦੇ ਜੇਮਸਟਾਊਨ ਦੇ ਵਸਨੀਕ ਚਰਨਜੋਤ ਟਿਵਾਣਾ ਨੂੰ ਅਧਿਕਾਰੀਆਂ ਨੇ ਇਹ ਦਲੀਲ ਦੇ ਕੇ ਇਨਕਾਰ ਕੀਤਾ ਸੀ ਕਿ ਜੇ ਉਸ ਨੇ ਦਾੜ੍ਹੀ ਵਧਾਈ, ਤਾਂ ਉਹ ਗੈਸ ਮਾਸਕ ਨਹੀਂ ਲਾ ਸਕੇਗਾ ਤੇ ਇੰਝ ਉਹ ਕਿਸੇ ਖ਼ਤਰੇ ’ਚ ਫਸ ਸਕਦਾ ਹੈ।
ਨਿਊਯਾਰਕ ਸਟੇਟ ਟਰੁੱਪਰਜ਼ ਪੁਲਿਸ ਬਿਨੈਵੋਲੈਂਟ ਐਸੋਸੀਏਸ਼ਨ ਦੇ ਪ੍ਰਧਾਨ ਚਾਰਲੀ ਮਰਫ਼ੀ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਟਿਵਾਣਾ ਨੇ ਅਧਿਕਾਰੀਆਂ ਤੋਂ ਰਸਮੀ ਤੌਰ ’ਤੇ ਦਾੜ੍ਹੀ ਰੱਖਣ ਦੀ ਇਜਾਜ਼ਤ ਨਹੀਂ ਮੰਗੀ ਸੀ।’ ਉਸ ਨੇ ਅਧਿਕਾਰੀਆਂ ਦੇ ਇਨਕਾਰ ਨੂੰ ਆਪਣੇ ਨਾਲ ਧੱਕੇਸ਼ਾਹੀ ਸਮਝ ਲਿਆ।’ ਉਨ੍ਹਾਂ ਦਾਅਵਾ ਕੀਤਾ ਕਿ ਨਿਊਯਾਰਕ ਪੁਲਿਸ ਦੇ ਅਧਿਕਾਰੀ ਕਦੇ ਵੀ ਆਪਣੇ ਜਵਾਨਾਂ ਤੇ ਹੋਰ ਮੁਲਾਜ਼ਮਾਂ ਨਾਲ ਧਰਮ ਦੇ ਆਧਾਰ ’ਤੇ ਕੋਈ ਧੱਕੇਸ਼ਾਹੀ ਜਾਂ ਵਧੀਕੀ ਨਹੀਂ ਕਰਦੇ।
ਨਿਊਯਾਰਕ ਸੂਬਾ ਪੁਲਿਸ ਦੇ ਅਧਿਕਾਰੀਆਂ ਨੇ ਇਹ ਪੁਸ਼ਟੀ ਕੀਤੀ ਕਿ ਟਿਵਾਣਾ ਨੇ ਦਾੜ੍ਹੀ ਵਧਾਉਣ ਦੀ ਇਜਾਜ਼ਤ ਮੰਗੀ ਸੀ ਪਰ ਉਨ੍ਹਾਂ ਨਹੀਂ ਦੱਸਿਆ ਕਿ ਕਿਸ ਆਧਾਰ ’ਤੇ ਉਸ ਦੀ ਬੇਨਤੀ ਰੱਦ ਕੀਤੀ ਗਈ ਸੀ। ਪੁਲਿਸ ਦੇ ਤਰਜਮਾਨ ਡੀਐਨਾ ਕੋਹੇਨ ਨੇ ਕਿਹਾ ਕਿ ਉਨ੍ਹਾਂ ਦੇ ਵਿਭਾਗ ’ਚ ਹਰ ਵਰਗ ਦੀ ਵਿਭਿੰਨਤਾ ਦਾ ਸਤਿਕਾਰ ਕੀਤਾ ਜਾਂਦਾ ਹੈ ਤੇ ਸਭ ਨਾਲ ਇੱਕਸਾਰ ਵਿਹਾਰ ਹੁੰਦਾ ਹੈ।
ਇੱਥੇ ਵਰਨਣਯੋਗ ਹੈ ਕਿ ਚਰਨਜੋਤ ਸਿੰਘ ਟਿਵਾਣਾ ਪਿਛਲੇ ਛੇ ਸਾਲਾਂ ਤੋਂ ਨਿਊ ਯਾਰਕ ਪੁਲਿਸ ’ਚ ਸੇਵਾ ਨਿਭਾ ਰਿਹਾ ਹੈ। ਉਸ ਨੇ ਨਾ ਤਾਂ ਕਿਸੇ ਫ਼ੋਨ ਕਾਲ ਜਾਂ ਸੁਨੇਹੇ ਦਾ ਜਵਾਬ ਦਿੱਤਾ ਤੇ ਨਾ ਹੀ ਪ੍ਰੈੱਸ ਨੂੰ ਆਪਣੀ ਕੋਈ ਤਸਵੀਰ ਜਾਰੀ ਕੀਤੀ।