ਅਮਰੀਕੀ ਰਾਸ਼ਟਰਪਤੀ ਚੋਣ ਦੀ ਦੌੜ ’ਚ ਭਾਰਤਵੰਸ਼ੀ ਹਰਸ਼ਵਰਧਨ ਸਿੰਘ ਵੀ ਸ਼ਾਮਲ ਹੋ ਗਏ ਹਨ। ਉਹ ਅਜਿਹੇ ਤੀਜੇ ਭਾਰਤਵੰਸ਼ੀ ਹਨ, ਜੋ ਇਸ ਦੌੜ ’ਚ ਸ਼ਾਮਲ ਹੋਏ ਹਨ। ਅਗਲੇ ਸਾਲ ਹੋਣ ਵਾਲੀ ਚੋਣ ਲਈ ਦੱਖਣੀ ਕੈਰੋਲੀਨਾ ਦੀ ਸਾਬਕਾ ਗਵਰਨਰ ਨਿਕੀ ਹੇਲੀ ਤੇ ਕਾਰੋਬਾਰੀ ਵਿਵੇਕ ਰਾਮਾਸਵਾਮੀ ਵੀ ਆਪਣੀ ਦਾਅਵੇਦਾਰੀ ਪੇਸ਼ ਕਰ ਚੁੱਕੇ ਹਨ। ਸਿੰਘ ਨੇ ਖੁਦ ਨੂੰ ਰਾਸ਼ਟਰਪਤੀ ਅਹੁਦੇ ਲਈ ਇੱਕੋ-ਇਕ ਸ਼ੁੱਧ ਉਮੀਦਵਾਰ ਦੱਸਿਆ ਕਿਉਂਕਿ ਉਨ੍ਹਾਂ ਕਦੇ ਕੋਵਿਡ ਟੀਕਾਕਰਨ ਨਹੀਂ ਕਰਵਾਇਆ।
ਏਅਰੋਸਪੇਸ ਇੰਜੀਨੀਅਰ ਹਰਸ਼ਵਰਧਨ ਨੇ ਇਕ ਵੀਡੀਓ ’ਚ ਕਿਹਾ ਹੈ ਕਿ ਅਮਰੀਕਾ ਦੇ ਲੋਕ ਟੈੱਕ ਤੇ ਦਵਾਈਆਂ ਦੀਆਂ ਕੰਪਨੀਆਂ ਦੇ ਭਿ੍ਰਸ਼ਟਾਚਾਰ ਦਾ ਸਾਹਮਣਾ ਕਰ ਰਹੇ ਹਨ। ਅਮਰੀਕਾ ਦੇ ਪਰਿਵਾਰਕ ਮੁੱਲਾਂ ਤੇ ਮਾਪਿਆਂ ਦੇ ਅਧਿਕਾਰਾਂ ’ਤੇ ਸਿੱਧਾ ਹਮਲਾ ਕੀਤਾ ਜਾ ਰਿਹਾ ਹੈ। ਵੱਡੀਆਂ ਦਵਾਈਆਂ ਦੀਆਂ ਕੰਪਨੀਆਂ ਜਿਥੇ ਸਰਕਾਰ ਨਾਲ ਮਿਲ ਕੇ ਸਾਰੇ ਲੋਕਾਂ ਨੂੰ ਟ੍ਰਾਇਲ ਅਧੀਨ ਵੈਕਸੀਨ ਲਾਉਣ ਲਈ ਮਜਬੂਰ ਕਰ ਕੇ ਫਾਇਦਾ ਕਮਾ ਰਹੀਆਂ ਹਨ, ਉਥੇ ਹੀ ਤਕਨੀਕੀ ਕੰਪਨੀਆਂ ਸਾਡੀ ਨਿੱਜਤਾ ਨੂੰ ਨਿਸ਼ਾਨਾ ਬਣਾ ਰਹੀਆਂ ਹਨ।
ਸਾਡੀ ਸਿਆਸੀ ਤੇ ਵਿਰੋਧ ਵਾਲੇ ਨਜ਼ਰੀਏ ’ਤੇ ਸੈਂਸਰਸ਼ਿਪ ਲਗਾ ਰਹੀ ਹੈ। ਅਮਰੀਕਾ ਦੇ ਮੁੱਲਾਂ ਨੂੰ ਸਥਾਪਿਤ ਕਰਨ ਲਈ ਇਕ ਮਜ਼ਬੂਤ ਅਗਵਾਈ ਦੀ ਲੋੜ ਹੈ। ਇਨ੍ਹਾਂ ਸਾਰੇ ਕਾਰਨਾਂ ਤੋਂ ਮੈਂ ਰਿਪਬਲੀਕਨ ਪਾਰਟੀ ਵੱਲੋਂ ਅਮਰੀਕਾ ਦੇ ਰਾਸ਼ਟਰਪਤੀ ਅਹੁਦੇ ਦੀ ਦੌੜ ’ਚ ਸ਼ਾਮਲ ਹੋਇਆ ਹਾਂ।