International News

ਪਹਿਲੇ ਪੁਲਾੜ ਯਾਤਰੀ ਦੇ ਜਨਮ ਦਿਨ ‘ਤੇ ਵਿਸ਼ੇਸ਼; ਦਿਲ ਦੇ ਹੱਥੋਂ ਹਾਰ ਗਿਆ ਸੀ ‘ਨੀਲ ਆਰਮਸਟ੍ਰੌਂਗ’

ਭਾਰਤ ਵਿੱਚ ਚੰਨ ਦਾ ਸਮਾਜਕ, ਸਭਿਆਚਾਰਕ ਤੇ ਧਾਰਮਿਕ ਮਹੱਤਵ ਹੈ। ਬਹੁਤ ਸਾਰੇ ਹਿੰਦੂ ਵਰਤਾਂ ਤੇ ਤਿੱਥ–ਤਿਉਹਾਰਾਂ ’ਚ ਜਿੱਥੇ ਚੰਨ ਦੀ ਮਾਨਤਾ ਹੈ, ਉੱਥੇ ਇਸਲਾਮਿਕ ਈਦ ਜਿਹੇ ਤਿਉਹਾਰ ਵੀ ਚੰਨ ਦੇ ਦਿਸਣ ਨਾਲ ਹੀ ਮਨਾਏ ਜਾਂਦੇ ਹਨ। ਜੋਤਿਸ਼–ਵਿਗਿਆਨ ’ਚ ਵੀ ਧਰਤੀ ਦੇ ਇਸ ਉੱਪਗ੍ਰਹਿ ਦੀ ਬਹੁਤ ਅਹਿਮੀਅਤ ਹੈ। ਚੰਨ ਨਾਲ ਬਹੁਤ ਸਾਰੀਆਂ ਕਹਾਣੀਆਂ ਜੁੜੀਆਂ ਹੋਈਆਂ ਹਨ, ਇਸੇ ਲਈ ਇਨਸਾਨ ਆਪਣੇ ਬਚਪਨ ਤੋਂ ਹੀ ਚੰਨ ਉੱਤੇ ਜਾਣ ਦੀ ਤਾਂਘ ਮਨ ਵਿੱਚ ਸਮੋ ਕੇ ਰੱਖਦਾ ਹੈ। ਇਸੇ ਚੰਨ ਦੀ ਧਰਤੀ ਉੱਤੇ ਸਭ ਤੋਂ ਪਹਿਲਾਂ ਨੀਲ ਆਰਮਸਟ੍ਰੌਂਗ ਨੇ ਪੈਰ ਧਰਿਆ ਸੀ।

ਚੰਨ ਦੀ ਧਰਤੀ ’ਤੇ 20 ਜੁਲਾਈ, 1969 ਨੂੰ ਲੈਂਡ ਕਰਨ ਵਾਲੇ ਵਾਲੇ ਦੁਨੀਆ ਦੇ ਪਹਿਲੇ ਪੁਲਾੜ–ਯਾਤਰੀ ਨੀਲ ਆਲਡਨ ਆਰਮਸਟ੍ਰੌਂਗ ਦਾ ਜਨਮ 1930 ’ਚ ਅੱਜ ਦੇ ਹੀ ਦਿਨ ਭਾਵ 5 ਅਗਸਤ ਨੂੰ ਅਮਰੀਕੀ ਸੂਬੇ ਓਹਾਈਓ ਦੇ ਨਗਰ ਵੈਪਕੋਨੇਟਾ ’ਚ ਹੋਇਆ ਸੀ। ਉਹ ਅਮਰੀਕਨ ਏਅਰੋਨੌਟੀਕਲ ਇੰਜੀਨੀਅਰ ਸਨ। ਉਹ ਨੇਵਲ ਏਵੀਏਟਰ, ਟੈਸਟ ਪਾਇਲਟ ਤੇ ਯੂਨੀਵਰਸਿਟੀ ਪ੍ਰੋਫ਼ੈਸਰ ਵੀ ਸਨ।

ਏਅਰੋਨੌਟੀਕਲ ਇੰਜੀਨੀਅਰਿੰਗ ਦੀ ਪੜ੍ਹਾਈ ਨੀਲ ਆਰਮਸਟ੍ਰੌਂਗ ਨੇ ਅਮਰੀਕੀ ਸੂਬੇ ਇੰਡੀਆਨਾ ਦੀ ਪਰਡਿਊ ਯੂਨੀਵਰਸਿਟੀ ਤੋਂ ਕੀਤੀ ਸੀ। ਉਹ 1949 ’ਚ ਮਿਡਸ਼ਿਪਮੈਨ ਅਤੇ ਉਸ ਤੋਂ ਅਗਲੇ ਵਰ੍ਹੇ ਨੇਵਲ ਏਵੀਏਟਰ ਬਣ ਗਏ ਸਨ।

ਨੀਲ ਆਰਮਸਟ੍ਰੌਂਗ ਨਾਸਾ ਐਸਟ੍ਰੋਨੌਟ ਕੋਰ ਦੇ ਗਰੁੱਪ ਵਿੱਚ ਸਾਲ 1962 ਦੌਰਾਨ ਚੁਣੇ ਗਏ ਸਨ। ਉਨ੍ਹਾਂ ਮਾਰਚ 1966 ’ਚ ਜੈਮਿਨੀ 8 ਨਾਂਅ ਦੇ ਰਾਕੇਟ ਵਿੱਚ ਕਮਾਂਡ ਪਾਇਲਟ ਵਜੋਂ ਪਹਿਲੀ ਵਾਰ ਪੁਲਾੜ ਦੀ ਉਡਾਣ ਭਰੀ ਸੀ।

ਪੁਲਾੜ ਵਾਹਨ ਅਪੋਲੋ–11 ਦੇ ਲੂਨਰ ਮਾਡਿਯੂਲ ‘’ਈਗਲ ਰਾਹੀਂ ਚੰਨ ਦੀ ਧਰਤੀ ਉੱਤੇ ਨੀਲ ਆਰਮਸਟ੍ਰੌਂਗ ਨਾਲ ਪਾਇਲਟ ਬਜ਼ ਆਲਡ੍ਰਿਨ ਵੀ ਮੌਜੂਦ ਸਨ। ਚੰਨ ਦੀ ਧਰਤੀ ਉੱਤੇ ਲੈਂਡ ਕਰਨ ਤੋਂ ਅਗਲੇ ਦਿਨ 21 ਜੁਲਾਈ, 1969 ਨੂੰ ਉਹ ਢਾਈ ਘੰਟੇ ਆਪਣੇ ਮਾਡਿਯੂਲ ਤੋਂ ਬਾਹਰ ਰਹੇ ਸਨ। ਚੰਨ ਦੀ ਧਰਤੀ ਉੱਤੇ ਚੱਲਦੇ ਸਮੇਂ ਨੀਲ ਆਰਮਸਟ੍ਰੌਂਗ ਨੇ ਕਿਹਾ ਸੀ,‘ਇੱਕ ਵਿਅਕਤੀ ਲਈ ਭਾਵੇਂ ਇਹ ਛੋਟਾ ਜਿਹਾ ਕਦਮ ਹੈ ਪਰ ਮਨੁੱਖਤਾ ਲਈ ਇੱਕ ਬਹੁਤ ਵੱਡੀ ਪੁਲਾਂਘ ਹੈ।’

1971 ’ਚ ਨਾਸਾ ਤੋਂ ਅਸਤੀਫ਼ਾ ਦੇ ਕੇ ਆਰਮਸਟ੍ਰੌਂਗ ਨੇ ਯੂਨੀਵਰਸਿਟੀ ਆਫ਼ ਸਿਨਸਿਨਾਟੀ ਦੇ ਏਅਰੋਸਪੇਸ ਇੰਜੀਨੀਅਰਿੰਗ ਵਿਭਾਗ ਵਿੱਚ ਪੜ੍ਹਾਇਆ ਸੀ, ਜਿੱਥੇ ਉਹ 1979 ਤੱਕ ਰਹੇ। ਨੀਲ ਆਰਮਸਟ੍ਰੌਂਗ ਦਾ ਪਰਿਵਾਰ ਮੂਲ ਰੂਪ ’ਚ ਜਰਮਨ, ਸਕੌਟਿਸ਼ ਸੀ।

ਨੀਲ ਸਾਲ 1985 ’ਚ ਉੱਤਰੀ ਧਰੁਵ ਦੀ ਇੱਕ ਖੋਜੀ ਮੁਹਿੰਮ ਦਾ ਹਿੱਸਾ ਵੀ ਬਣੇ ਸਨ। ਉਨ੍ਹਾਂ ਨਾਲ ਇਸ ਗਰੁੱਪ ਵਿੱਚ ਦੁਨੀਆ ਦੀ ਸਭ ਤੋਂ ਉੱਚੇ ਪਰਬਤੀ ਸਿਖ਼ਰ ਐਵਰੈਸਟ ਨੂੰ ਸਭ ਤੋਂ ਪਹਿਲਾਂ ਸਰ ਕਰਨ ਵਾਲੇ ਐਡਮੰਡ ਹਿਲੇਰੀ, ਉਨ੍ਹਾਂ ਦਾ ਪੁੱਤਰ ਪੀਟਰ ਹਿਲੇਰੀ, ਮਾਈਕ ਡੰਨ, ਸਟੀਵ ਫ਼ੌਸੈੱਟ ਅਤੇ ਪੈਟ੍ਰਿਕ ਮੌਰੋ ਵੀ ਮੌਜੂਦ ਸਨ। ਇਹ ਟੀਮ 6 ਅਪ੍ਰੈਲ ਨੂੰ ਧਰਤੀ ਦੇ ਉੱਤਰੀ ਧਰੁਵ ਉੱਤੇ ਪੁੱਜੀ ਸੀ।

ਨੀਲ ਆਰਮਸਟ੍ਰੌਂਗ ਨੇ ਤਦ ਆਖਿਆ ਸੀ ਕਿ ਉਨ੍ਹਾਂ ਆਪਣੀ ਪਿਆਰੀ ਧਰਤੀ ਦਾ ਉੱਤਰੀ ਧਰੁਵ ਪਹਿਲਾਂ ਚੰਨ ਤੋਂ ਵੇਖਿਆ ਸੀ ਤੇ ਉਹ ਤਦ ਤੋਂ ਹੀ ਧਰਤੀ ਤੋਂ ਬਿਲਕੁਲ ਨੇੜਿਓਂ ਇਸ ਧਰੁਵ ਨੂੰ ਵੇਖਣ ਦੇ ਚਾਹਵਾਨ ਸਨ। ਉਨ੍ਹਾਂ ਦੀ ਇਸ ਮੁਹਿੰਮ ਨੂੰ ਮੀਡੀਆ ਤੋਂ ਬਿਲਕੁਲ ਲੁਕਾ ਕੇ ਰੱਖਿਆ ਗਿਆ ਸੀ।

ਨੀਲ ਆਰਮਸਟ੍ਰੌਂਗ ਨੇ 1994 ’ਚ ਆਪਣੀ ਪਹਿਲੀ ਪਤਨੀ ਜੈਨੇਟ ਤੋਂ ਤਲਾਕ ਲੈ ਲਿਆ ਸੀ। ਉਨ੍ਹਾਂ ਦਾ ਇਹ ਵਿਆਹ 38 ਵਰ੍ਹੇ ਚੱਲਿਆ ਪਰ ਉਹ 1990 ਤੋਂ ਹੀ ਆਪਣੀ ਪਤਨੀ ਤੋਂ ਵੱਖ ਰਹਿ ਰਹੇ ਸਨ। ਤਲਾਕ ਤੋਂ ਦੋ ਵਰ੍ਹੇ ਪਹਿਲਾਂ ਆਪਣੀ ਦੂਜੀ ਪਤਨੀ ਕੈਰੋਲ ਹੈਲਡ ਨਾਈਟ ਨੂੰ ਪਹਿਲੀ ਵਾਰ ਇੱਕ ਗੌਲਫ਼ ਟੂਰਨਾਮੈਂਟ ਦੌਰਾਨ ਮਿਲੇ ਸਨ।

ਮਈ 2005 ’ਚ ਨੀਲ ਆਰਮਸਟ੍ਰੌਂਗ ਦਾ ਆਪਣੇ 20 ਸਾਲ ਪੁਰਾਣੇ ਨਾਈ ਮਾਰਕ ਸਾਈਜ਼ਮੋਰ ਨਾਲ ਕਾਨੂੰਨੀ ਝਗੜਾ ਹੋ ਗਿਆ ਸੀ। ਦਰਅਸਲ, ਮਾਰਕ ਨੇ ਆਰਮਸਟ੍ਰੌਂਗ ਦੇ ਵਾਲ ਕਿਸੇ ਸ਼ੌਕੀਨ ਨੂੰ 3,000 ਡਾਲਰ ਵਿੱਚ ਵੇਚ ਦਿੱਤੇ ਸਨ ਤੇ ਇਸ ਬਾਰੇ ਉਨ੍ਹਾਂ ਨੂੰ ਦੱਸਿਆ ਵੀ ਨਹੀਂ ਸੀ। ਮਾਰਕ ਭਾਵੇਂ ਉਹ ਵਾਲ ਖ਼ਰੀਦਦਾਰ ਤੋਂ ਵਾਪਸ ਨਹੀਂ ਲੈ ਸਕਿਆ ਸੀ ਪਰ ਉਸ ਨੇ ਉਹ ਤਿੰਨ ਹਜ਼ਾਰ ਡਾਲਰ ਕਿਸੇ ਲੋਕ ਭਲਾਈ ਸੰਸਥਾ ਨੂੰ ਦਾਨ ਕਰ ਦਿੱਤੇ ਸਨ।

ਨੀਲ ਆਰਮਸਟ੍ਰੌਂਗ ਦੀ 7 ਅਗਸਤ, 2012 ਨੂੰ ਦਿਲ ਦੀ ਬਾਈਪਾਸ ਸਰਜਰੀ ਹੋਈ ਸੀ ਪਰ ਉਹ ਉਸ ਤੋਂ ਬਾਅਦ ਠੀਕ ਨਾ ਹੋ ਸਕੇ ਤੇ 82 ਸਾਲ ਦੀ ਉਮਰੇ 25 ਅਗਸਤ ਨੂੰ ਓਹਾਈਓ ਦੇ ਸ਼ਹਿਰ ਸਿਨਸਿਨਾਟੀ ਵਿਖੇ ਉਨ੍ਹਾਂ ਦਾ ਦੇਹਾਂਤ ਹੋ ਗਿਆ।

Video