International News

ਲੀਬੀਆ ‘ਚ ਹੜ੍ਹ ਨੇ ਮਚਾਈ ਭਾਰੀ ਤਬਾਹੀ, ਰੁੜ੍ਹ ਗਿਆ ਇੱਕ ਚੌਥਾਈ ਹਿੱਸਾ, ਆਪਣਿਆਂ ਨੂੰ ਲੱਭ ਰਹੇ ਲੋਕ

ਲੀਬੀਆ ਆਪਣੇ ਇਤਿਹਾਸ ਵਿੱਚ ਸਭ ਤੋਂ ਖਤਰਨਾਕ ਹੜ੍ਹ ਦਾ ਸਾਹਮਣਾ ਕਰ ਰਿਹਾ ਹੈ। ਤੂਫਾਨ ਡੇਨੀਅਲ ਅਤੇ ਹੜ੍ਹ ਨੇ ਇੱਥੇ ਭਾਰੀ ਤਬਾਹੀ ਮਚਾਈ ਹੈ। ਸਥਿਤੀ ਇਹ ਹੈ ਕਿ ਹੜ੍ਹ ਕਾਰਨ ਲੀਬੀਆ ਦੇ ਡੇਰਨਾ ਸ਼ਹਿਰ ਦਾ ਲਗਭਗ ਇੱਕ ਚੌਥਾਈ ਹਿੱਸਾ ਰੁੜ੍ਹ ਗਿਆ ਹੈ। ਇਸ ਦੇ ਨਾਲ ਹੀ ਇਸ ਤਬਾਹੀ ਕਾਰਨ ਕਰੀਬ 20 ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ।

ਸਕਾਈ ਨਿਊਜ਼ ਦੀ ਰਿਪੋਰਟ ਮੁਤਾਬਕ ਡੇਰਨਾ ਸ਼ਹਿਰ ਦੀਆਂ ਸੜਕਾਂ ‘ਤੇ ਲਾਸ਼ਾਂ ਖਿੱਲਰੀਆਂ ਪਈਆਂ ਹਨ। ਮੁਰਦਾਘਰਾਂ ਵਿੱਚ ਥਾਂ ਘੱਟ ਪੈ ਗਈ ਹੈ। ਹਾਲਾਤ ਇਹ ਬਣ ਗਏ ਹਨ ਕਿ ਮਾਰੇ ਗਏ ਲੋਕਾਂ ਦੀਆਂ ਲਾਸ਼ਾਂ ਨੂੰ ਸਮੂਹਿਕ ਕਬਰਾਂ ਵਿੱਚ ਦਫ਼ਨਾਇਆ ਜਾ ਰਿਹਾ ਹੈ। ਇਸ ਵਿਨਾਸ਼ਕਾਰੀ ਹੜ੍ਹ ਤੋਂ ਬਚੇ ਲੋਕਾਂ ਨੇ ਸਕਾਈ ਨਿਊਜ਼ ਟੀਵੀ ਨਾਲ ਗੱਲਬਾਤ ਕਰਦਿਆਂ ਆਪਣੀ ਹੱਡਬੀਤੀ ਦੱਸੀ।

ਜਿਸ ਵਿਚ ਉਨ੍ਹਾਂ ਕਿਹਾ ਕਿ ਤੂਫਾਨ ਡੇਨੀਅਲ ਦੌਰਾਨ ਐਤਵਾਰ ਨੂੰ ਡੇਰਨਾ ਵਿਚ ਸੁਨਾਮੀ ਵਰਗਾ ਹੜ੍ਹ ਆਇਆ ਸੀ ਅਤੇ ਇਸ ਤੋਂ ਪਹਿਲਾਂ ਕਿ ਲੋਕ ਆਪਣੇ ਬਚਾਅ ਲਈ ਕੁਝ ਕਰ ਪਾਉਂਦੇ ਕਿ ਤਬਾਹੀ ਮੱਚ ਗਈ। ਡਰੇ ਅਤੇ ਸਹਿਮੇ ਹੋਏ ਲੋਕਾਂ ਨੇ ਨਿਊਜ਼ ਚੈਨਲ ਨੂੰ ਦੱਸਿਆ ਕਿ ਉਨ੍ਹਾਂ ਨੂੰ ਆਪਣੀ ਜਾਨ ਬਚਾਉਣ ਦਾ ਸਮਾਂ ਨਹੀਂ ਮਿਲਿਆ।

ਲਾਸ਼ਾਂ ਵਿਚਕਾਰ ਆਪਣਿਆਂ ਨੂੰ ਲੱਭ ਰਹੇ ਲੋਕ

ਰਿਪੋਰਟਾਂ ਮੁਤਾਬਕ ਹਜ਼ਾਰਾਂ ਲੋਕ ਅਜੇ ਵੀ ਲਾਪਤਾ ਹਨ ਅਤੇ ਸਮੁੰਦਰ ਲਗਾਤਾਰ ਲਾਸ਼ਾਂ ਨੂੰ ਕੰਢੇ ‘ਤੇ ਛੱਡ ਰਿਹਾ ਹੈ। ਅਜਿਹੇ ‘ਚ ਲੋਕ ਆਪਣੇ ਪਿਆਰਿਆਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ। ਉਹ ਆਪਣੇ ਨੰਗੇ ਹੱਥਾਂ ਨਾਲ ਲਾਸ਼ ਨੂੰ ਉਲਟਾ ਕੇ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਰਿਪੋਰਟ ਅਨੁਸਾਰ ਡੈਮ ਦੇ ਟੁੱਟਣ ਕਾਰਨ ਡੇਰਨਾ ਸ਼ਹਿਰ ਵਿੱਚ ਭਾਰੀ ਜਾਨੀ ਤੇ ਮਾਲੀ ਨੁਕਸਾਨ ਹੋਇਆ ਹੈ।

ਹਵਾ ਵਿੱਚ ਲਾਸ਼ਾਂ ਦੀ ਬਦਬੂ ਫੈਲੀ ਹੋਈ

ਰਿਪੋਰਟ ਮੁਤਾਬਕ ਲੋਕ ਭਿਆਨਕ ਹੜ੍ਹ ਤੋਂ ਬਾਅਦ ਜਿਹੜੇ ਡੈਮ ਟੁੱਟੇ ਹਨ, ਲੋਕ ਉਨ੍ਹਾਂ ਨੂੰ ‘ਮੌਤ ਦੇ ਬੰਨ੍ਹ’ ਦਾ ਨਾਂ ਦੇ ਰਹੇ ਹਨ। ਨਿਊਜ਼ ਚੈਨਲ ਨਾਲ ਗੱਲਬਾਤ ਕਰਦਿਆਂ ਇਕ ਸਥਾਨਕ ਵਿਅਕਤੀ ਨੇ ਦੱਸਿਆ ਕਿ ਹੜ੍ਹ ਨੇ ਉਨ੍ਹਾਂ ਦੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤੀ ਹੈ। ਇਹ ਕੋਈ ਕੁਦਰਤੀ ਆਫ਼ਤ ਨਹੀਂ ਹੈ, ਇਹ ਇੱਕ ਤਬਾਹੀ ਹੈ।

ਰਿਪੋਰਟ ਮੁਤਾਬਕ ਹਵਾ ‘ਚ ਲਾਸ਼ਾਂ ਦੀ ਤੇਜ਼ ਬਦਬੂ ਫੈਲ ਰਹੀ ਹੈ। ਇਸ ਦੇ ਨਾਲ ਹੀ ਤਬਾਹੀ ਦੀਆਂ ਜੋ ਤਸਵੀਰਾਂ ਸਾਹਮਣੇ ਆ ਰਹੀਆਂ ਹਨ, ਉਨ੍ਹਾਂ ‘ਚ ਮਲਬੇ ਦੇ ਪਹਾੜ, ਬੇਕਾਰ ਹੋਈਆਂ ਕਾਰਾਂ ਅਤੇ ਸੜਕਾਂ ‘ਤੇ ਕਤਾਰਾਂ ‘ਚ ਪਈਆਂ ਲਾਸ਼ਾਂ ਦੇਖੀਆਂ ਜਾ ਸਕਦੀਆਂ ਹਨ। ਇਸ ਦੇ ਨਾਲ ਹੀ ਮੰਨਿਆ ਜਾ ਰਿਹਾ ਹੈ ਕਿ ਅਣਗਿਣਤ ਲਾਸ਼ਾਂ ਮਿੱਟੀ ਦੇ ਹੇਠਾਂ ਦੱਬੀਆਂ ਹੋਈਆਂ ਹਨ।

Video