India News

ਦੱਖਣੀ ਕਸ਼ਮੀਰ ਦੇ ਅਨੰਤਨਾਗ ਦੇ ਲਾਰਕੀਪੋਰਾ ‘ਚ ਗੱਡੀ ਅੰਦਰ ਰੱਖੀ ਮਸ਼ੀਨ ‘ਚ ਹੋਇਆ ਜ਼ਬਰਦਸਤ ਧਮਾਕਾ, ਅੱਠ ਮਜ਼ਦੂਰ ਜ਼ਖਮੀ; ਹਾਲਤ ਨਾਜ਼ੁਕ

ਦੱਖਣੀ ਕਸ਼ਮੀਰ ਦੇ ਅਨੰਤਨਾਗ ਦੇ ਲਾਰਕੀਪੋਰਾ ‘ਚ ਬੁੱਧਵਾਰ ਨੂੰ ਇਕ ਵਾਹਨ ‘ਚ ਅਚਾਨਕ ਧਮਾਕਾ ਹੋ ਗਿਆ। ਇਸ ਨਾਲ ਅੱਠ ਲੋਕ ਜ਼ਖ਼ਮੀ ਹੋਏ ਹਨ। ਸਾਰੇ ਜ਼ਖਮੀਆਂ ਨੂੰ ਇਲਾਜ ਲਈ ਨੇੜੇ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਨੇ ਮਾਮਲਾ ਦਰਜ ਕਰ ਕੇ ਧਮਾਕੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਕਾਰ ਅੰਦਰ ਹੋਇਆ ਧਮਾਕਾ

ਅਨੰਤਨਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਮਜ਼ਦੂਰਾਂ ਦਾ ਇਕ ਗਰੁੱਪ ਟਾਟਾ ਮੋਬਾਈਲ ਗੱਡੀ (ਜੇ.ਕੇ.18-4476) ਵਿਚ ਸਵਾਰ ਹੋ ਕੇ ਲਾਰਕੀਪੋਰਾ ਦੁਰੂ ਤੋਂ ਅੱਗੇ ਜਾ ਰਿਹਾ ਸੀ। ਲਾਰਕੀਪੋਰਾ ‘ਚ ਅਚਾਨਕ ਗੱਡੀ ਅੰਦਰ ਧਮਾਕਾ ਹੋ ਗਿਆ ਅਤੇ ਉਸ ‘ਚ ਸਵਾਰ ਅੱਠ ਕਰਮਚਾਰੀ ਜ਼ਖਮੀ ਹੋ ਗਏ।

ਮਜ਼ਦੂਰਾਂ ਦੀ ਹਾਲਤ ਨਾਜ਼ੁਕ

ਧਮਾਕੇ ਦੀ ਸੂਚਨਾ ਮਿਲਦਿਆਂ ਹੀ ਆਸ-ਪਾਸ ਦੇ ਇਲਾਕੇ ‘ਚ ਗਸ਼ਤ ਕਰ ਰਹੇ ਸੁਰੱਖਿਆ ਬਲ ਅਤੇ ਪੁਲਿਸ ਕਰਮਚਾਰੀ ਵੀ ਮੌਕੇ ‘ਤੇ ਪਹੁੰਚ ਗਏ। ਉਨ੍ਹਾਂ ਨੇ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਲਈ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਜ਼ਖਮੀ ਮਜ਼ਦੂਰਾਂ ਨੂੰ ਇਲਾਜ ਲਈ ਨੇੜੇ ਦੇ ਹਸਪਤਾਲ ਪਹੁੰਚਾਇਆ। ਜ਼ਖ਼ਮੀ ਮਜ਼ਦੂਰਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।

ਸੀਮਿੰਟ ਮਿਕਸ ਸੈਂਟਰਿੰਗ ਵਾਈਬ੍ਰੇਸ਼ਨ ਮਸ਼ੀਨ ‘ਚ ਹੋਇਆ ਧਮਾਕਾ

ਸੰਬੰਧਤ ਪੁਲਿਸ ਅਧਿਕਾਰੀਆਂ ਅਨੁਸਾਰ ਸਾਰੇ ਜ਼ਖ਼ਮੀ ਮਜ਼ਦੂਰ ਗ਼ੈਰ-ਕਸ਼ਮੀਰੀ ਹਨ ਅਤੇ ਦੇਸ਼ ਦੇ ਹੋਰਨਾਂ ਸੂਬਿਆਂ ਨਾਲ ਸੰਬੰਧਤ ਹਨ। ਧਮਾਕੇ ‘ਚ ਗੱਡੀ ਨੂੰ ਵੀ ਨੁਕਸਾਨ ਪਹੁੰਚਿਆ। ਉਨ੍ਹਾਂ ਦੱਸਿਆ ਕਿ ਧਮਾਕਾ ਸੀਮਿੰਟ ਮਿਕਸ ਸੈਂਟਰਿੰਗ ਵਾਈਬ੍ਰੇਸ਼ਨ ਮਸ਼ੀਨ ਵਿਚ ਹੋਇਆ ਜੋ ਕਿ ਮਜ਼ਦੂਰਾਂ ਦੀ ਗੱਡੀ ਨਾਲ ਸੀ। ਇਕ ਪੋਰਟੇਬਲ ਜਨਰੇਟਰ ਅਤੇ ਤੇਲ ਦਾ ਕੈਨ ਵੀ ਸੀ। ਇਹ ਵੀ ਧਮਾਕੇ ਦੀ ਲਪੇਟ ਵਿੱਚ ਆ ਗਏ। ਫੋਰੈਂਸਿਕ ਜਾਂਚ ਟੀਮ ਨੂੰ ਵੀ ਮੌਕੇ ‘ਤੇ ਬੁਲਾਇਆ ਗਿਆ ਹੈ। ਉਸ ਨੇ ਉਥੋਂ ਕੁਝ ਸੈਂਪਲ ਵੀ ਜਾਂਚ ਲਈ ਲਏ ਹਨ।

Video