India News

ਕਿਸਾਨ ਜਥੇਬੰਦੀਆਂ ਨੇ ਲਿਆ ਵੱਡਾ ਫੈਸਲਾ, 23 ਤੇ 24 ਅਕਤੂਬਰ ਨੂੰ ਦੇਸ਼ ਭਰ ‘ਚ ‘ਕਿਸਾਨੀ ਦੁਸਹਿਰਾ’ ਮਨਾਉਣ ਦਾ ਕੀਤਾ ਐਲਾਨ

ਕਿਸਾਨਾਂ ਦੀਆਂ ਮੰਗਾਂ ਮੰਨਵਾਉਣ ਲਈ 19 ਕਿਸਾਨ ਜਥੇਬੰਦੀਆਂ ਵੱਲੋਂ ਸ਼ੁਰੂ ਕੀਤੇ ਗਏ ਰੇਲ ਰੋਕੋ ਅੰਦੋਲਨ ਦੇ ਅਗਲੇ ਪੜਾਅ ਤਹਿਤ ਕਿਸਾਨਾਂ ਨੇ ਸ਼ਨਿਚਰਵਾਰ ਨੂੰ ਅੰਬਾਲੇ ’ਚ ਰੇਲ ਰੋਕੋ ਮੋਰਚਾ ਲਾਉਣ ਦਾ ਐਲਾਨ ਕੀਤਾ ਹੈ। ਇਸੇ ਤਰ੍ਹਾਂ ਦੁਸਹਿਰੇ ਮੌਕੇ ਪ੍ਰਧਾਨ ਮੰਤਰੀ ਅਤੇ ਕਾਰਪੋਰੇਟ ਘਰਾਣਿਆਂ ਦੇ ਪੁਤਲੇ ਫੂਕੇ ਜਾਣਗੇ। ਸੂਬੇ ਅੰਦਰ 17 ਥਾਵਾਂ ’ਤੇ ਜਾਰੀ ਰੇਲ ਰੋਕੋ ਅੰਦੋਲਨ ਦੀ ਅਗਲੀ ਰਣਨੀਤੀ ਬਣਾਉਣ ਲਈ ਉੱਤਰ ਭਾਰਤ ਦੀਆਂ 18 ਜਥੇਬੰਦੀਆਂ ਦੀ ਤਾਲਮੇਲ ਕਮੇਟੀ ਦੀ ਮੀਟਿੰਗ ਕਿਸਾਨ ਭਵਨ ਵਿਖੇ ਪ੍ਰਧਾਨ ਗੁਰਧਿਆਨ ਸਿੰਘ ਸਿਓਨਾ ਬੀਕੇਯੂ ਭਟੇੜੀ ਕਲਾਂ ਦੀ ਪ੍ਰਧਾਨਗੀ ਹੇਠ ਚੰਡੀਗ੍ਹੜ ਵਿਖੇ ਹੋਈ।

ਕਿਸਾਨ ਆਗੂ ਸੁਖਵਿੰਦਰ ਸਿੰਘ ਸਭਰਾ, ਰਾਣਾ ਰਣਬੀਰ ਸਿੰਘ, ਸਰਵਣ ਸਿੰਘ ਪੰਧੇਰ, ਜਗਤਾਰ ਸਿੰਘ, ਤੇਜਬੀਰ ਸਿੰਘ ਅਤੇ ਦੇਸਰਾਜ ਮੋਦਗਿਲ ਨੇ ਦੱਸਿਆ ਕਿ ਛੇ ਰਾਜਾਂ ’ਚ ਸ਼ੁਰੂ ਹੋਏ ਰੇਲ ਰੋਕੋ ਅੰਦੋਲਨ ਨੂੰ ਭਾਰੀ ਸਮਰਥਨ ਮਿਲ ਰਿਹਾ ਹੈ। ਕਿਸਾਨਾਂ ਵੱਲੋਂ ਮਲੋਟ, ਸਮਰਾਲਾ ਤੇ ਫ਼ਰੀਦਕੋਟ ’ਚ ਮੋਰਚੇ ਸ਼ੁਰੂ ਹੋਣ ਨਾਲ ਧਰਨਿਆਂ ਦੀ ਗਿਣਤੀ 20 ਹੋ ਗਈ ਹੈ।

ਕਿਸਾਨ ਆਗੂਆਂ ਨੇ ਦੱਸਿਆ ਕਿ ਸ਼ਨਿਚਰਵਾਰ ਤੋ ਅੰਬਾਲਾ ਵਿਖੇ ਰੇਲ ਰੋਕੋ ਮੋਰਚਾ ਸ਼ੁਰੂ ਕੀਤਾ ਜਾਵੇਗਾ। ਇਸੇ ਤਰ੍ਹਾਂ 23 ਅਤੇ 24 ਅਕਤੂਬਰ ਨੂੰ ਕਿਸਾਨੀ ਦੁਸਹਿਰਾ ਮਨਾਇਆ ਜਾਵੇਗਾ, ਜਿਸ ਤਹਿਤ ਦੇਸ਼ ਭਰ ’ਚ ਮੋਦੀ ਸਰਕਾਰ ਅਤੇ ਕਾਰਪੋਰੇਟ ਘਰਾਣਿਆਂ ਦੇ ਪੁਤਲੇ ਫੂਕੇ ਜਾਣਗੇ। ਕਿਸਾਨ ਆਗੂਆਂ ਨੇ ਉੱਤਰ ਭਾਰਤ ਦੇ ਹੜ੍ਹ ਪੀੜਤ ਰਾਜਾਂ ਲਈ 50 ਹਜ਼ਾਰ ਕਰੋੜ ਦਾ ਰਾਹਤ ਪੈਕੇਜ, ਸਾਰੀਆਂ ਫ਼ਸਲਾਂ ’ਤੇ ਐੱਮਐੱਸਪੀ ਗਾਰੰਟੀ ਕਾਨੂੰਨ ਅਤੇ ਫ਼ਸਲਾਂ ਦਾ ਭਾਅ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਅਨੁਸਾਰ ਦੇਣ, ਕਿਸਾਨਾਂ -ਮਜ਼ਦੂਰਾਂ ਦੀ ਪੂਰਨ ਕਰਜ਼ ਮੁਕਤੀ, ਮਨਰੇਗਾ ’ਚ ਹਰ ਸਾਲ ਦੇ 200 ਦਿਨ ਰੁਜਗਾਰ, ਦਿੱਲੀ ਅੰਦੋਲਨ ਦੌਰਾਨ ਬਣੇ ਪੁਲਿਸ ਕੇਸ ਰੱਦ ਕਰਨ ਅਤੇ ਲਖੀਮਪੁਰ ਕਤਲ ਕਾਂਡ ਦੇ ਦੋਸ਼ੀਆਂ ’ਤੇ ਕਾਰਵਾਈ ਕਰਨ ਦੀ ਮੰਗ ਕੀਤੀ। ਕਿਸਾਨ ਆਗੂਆਂ ਅਨੁਸਾਰ ਵਾਢੀ ਦਾ ਜ਼ੋਰ ਹੋਣ ਦੇ ਬਾਵਜੂਦ ਲੋਕ ਹੁੰਮ-ਹੁਮਾ ਕੇ ਅੰਦੋਲਨ ’ਚ ਪੁੱਜ ਰਹੇ ਹਨ। ਦਿੱਲੀ ਮੋਰਚੇ ਦੇ 750 ਸ਼ਹੀਦਾਂ ਦੀ ਕੁਰਬਾਨੀ ਅਜਾਈਂ ਨਹੀਂ ਜਾਵੇਗੀ ਅਤੇ ਕਿਸਾਨਾਂ- ਮਜ਼ਦੂਰਾਂ ਦੇ ਹੱਕਾਂ ਤੇ ਮੰਗਾਂ ਮਸਲਿਆਂ ਦੀ ਲੜਾਈ ਲਗਾਤਾਰ ਜਾਰੀ ਰੱਖੀ ਜਾਵੇਗੀ।

Video