International News

ਗਾਜ਼ਾ ਨੂੰ ਘੇਰ ਕੇ ਹਮਾਸ ਨੂੰ ਜੜ੍ਹੋਂ ਮੁਕਾਉਣ ਦੀ ਤਿਆਰੀ, ਇਜ਼ਰਾਈਲ ਨੇ ਭੇਜੇ ਇਕ ਲੱਖ ਫ਼ੌਜੀ; ਹੁਣ ਤਕ 800 ਲੋਕਾਂ ਦੀ ਮੌਤ

ਦੋ ਦਿਨ ਦੀ ਲੜਾਈ ’ਚ ਇਜ਼ਰਾਈਲ ਨੇ ਆਪਣੇ ਸਰਹੱਦੀ ਸ਼ਹਿਰਾਂ ’ਤੇ ਕਬਜ਼ਾ ਕਰ ਲਿਆ ਹੈ ਪਰ ਕਈ ਹਿੱਸਿਆਂ ’ਚ ਹਮਾਸ ਅੱਤਵਾਦੀਆਂ ਦੀ ਮੌਜੂਦਗੀ ਅਜੇ ਵੀ ਕਾਇਮ ਹੈ। ਉਹ ਨਾਗਰਿਕਾਂ ਨੂੰ ਬੰਧਕ ਬਣਾ ਕੇ ਇਜ਼ਰਾਇਲੀ ਫ਼ੌਜ ਨਾਲ ਮੁਕਾਬਲਾ ਕਰ ਰਹੇ ਹਨ। ਇਜ਼ਰਾਈਲ ਦੇ ਮੱਧ ਤੇ ਦੱਖਣੀ ਹਿੱਸੇ ’ਚ ਰਾਕੇਟ ਹਮਲੇ ਹੋ ਰਹੇ ਹਨ। ਉੱਥੇ ਮਰਨ ਵਾਲਿਆਂ ਦੀ ਗਿਣਤੀ ਵਧ ਕੇ 800 ਹੋ ਗਈ ਹੈ, ਕਰੀਬ 2500 ਲੋਕ ਜ਼ਖ਼ਮੀ ਹਨ। ਹਾਲਾਤ ਦੀ ਗੰਭੀਰਤਾ ਨੂੰ ਦੇਖਦਿਆਂ ਇਜ਼ਰਾਈਲ ਨੇ ਤਿੰਨ ਲੱਖ ਰਿਜ਼ਰਵ ਫ਼ੌਜੀਆਂ ਨੂੰ ਡਿਊਟੀ ’ਤੇ ਬੁਲਾ ਲਿਆ ਹੈ ਤੇ ਲੜਾਈ ਲੰਬੀ ਹੋਣ ਦਾ ਖ਼ਦਸ਼ਾ ਪ੍ਰਗਟਾਇਆ ਹੈ। ਇਸੇ ਦੌਰਾਨ ਹਮਾਸ ਦੇ ਪ੍ਰਭਾਵ ਵਾਲੇ ਗਾਜ਼ਾ ਪੱਟੀ ਇਲਾਕੇ ’ਚ ਇਜ਼ਰਾਇਲੀ ਫ਼ੌਜ ਦੀ ਕਾਰਵਾਈ ਜਾਰੀ ਹੈ। ਸਰਕਾਰ ਨੇ ਫ਼ੌਜ ਨੂੰ ਹੁਕਮ ਦਿੱਤਾ ਹੈ ਕਿ ਗਾਜ਼ਾ ਪੱਟੀ ਨੂੰ ਘੇਰ ਕੇ ਹਮਾਸ ਨੂੰ ਤਬਾਹ ਕਰ ਦਿੱਤਾ ਜਾਵੇ। ਇਜ਼ਰਾਈਲ ਦੀ ਕਾਰਵਾਈ ’ਚ ਗਾਜ਼ਾ ’ਚ ਮਰਨ ਵਾਲਿਆਂ ਦੀ ਗਿਣਤੀ 560 ਹੋ ਗਈ ਹੈ ਜਦਕਿ ਕਰੀਬ 2900 ਜ਼ਖ਼ਮੀ ਹੋਏ ਹਨ।

ਸ਼ਨਿਚਰਵਾਰ ਨੂੰ ਹੋਏ ਜ਼ਬਰਦਸਤ ਰਾਕੇਟ ਹਮਲੇ ਨਾਲ ਤਬਾਹ ਹੋਈਆਂ ਇਮਾਰਤਾਂ ਦੇ ਮਲਬੇ ਹੇਠੋਂ ਲਾਸ਼ਾਂ ਨਿਕਲਣ ਦਾ ਸਿਲਸਿਲਾ ਜਾਰੀ ਹੈ। ਇਮਾਰਤਾਂ ਦੇ ਮਲਬੇ ਤੇ ਸੜੀਆਂ ਹੋਈਆਂ ਕਾਰਾਂ ’ਚੋਂ ਦੇਸੀ-ਵਿਦੇਸ਼ੀ ਲੋਕਾਂ ਦੀਆਂ ਲਾਸ਼ਾ ਮਿਲ ਰਹੀਆਂ ਹਨ। ਬਹੁਤ ਸਾਰੇ ਲੋਕ ਰਾਕੇਟ ਦੀ ਚਪੇਟ ’ਚ ਆ ਕੇ ਤੇ ਗੋਲ਼ੀ ਲੱਗਣ ਨਾਲ ਮਰੇ ਹਨ। ਮਰਨ ਵਾਲਿਆਂ ’ਚ 100 ਤੋਂ ਵੱਧ ਇਜ਼ਰਾਈਲੀ ਫ਼ੌਜ ਤੇ ਪੁਲਿਸ ਦੇ ਜਵਾਨ ਹਨ। ਹਮਲੇ ’ਚ ਬੀਤੇ 48 ਘੰਟਿਆਂ ’ਚ ਨੌਂ ਅਮਰੀਕੀ ਨਾਗਰਿਕਾਂ ਦੇ ਮਾਰੇ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ। ਇਸ ਤੋਂ ਇਲਾਵਾ ਥਾਈਲੈਂਡ ਦੇ 12 ਨਾਗਰਿਕ ਮਾਰੇ ਗਏ ਹਨ ਤੇ 11 ਨੂੰ ਅੱਤਵਾਦੀ ਸੰਗਠਨਾਂ ਨੇ ਅਗਵਾ ਕਰ ਲਿਆ ਹੈ। ਬਰਤਾਨੀਆ ਦੇ 10 ਤੋਂ ਜ਼ਿਆਦਾ ਨਾਗਰਿਕ ਮਾਰੇ ਗਏ ਹਨ ਜਾਂ ਉਹ ਲਾਪਤਾ ਹਨ। ਉਨ੍ਹਾਂ ਨੂੰ ਅਗਵਾ ਕੀਤੇ ਜਾਣ ਦਾ ਖ਼ਦਸ਼ਾ ਹੈ। ਇਸੇ ਤਰ੍ਹਾਂ ਮੋਰੱਕੋ ਦੇ ਸੱਤ ਨਾਗਰਿਕ ਮਾਰੇ ਗਏ ਹਨ।

ਬੰਧਕਾਂ ਨੂੰ ਢਾਲ ਬਣਾ ਰਹੇ ਹਨ ਅੱਤਵਾਦੀ, ਚਾਰ ਦੀ ਮੌਤ

ਹਮਾਸ ਤੇ ਉਸ ਦੇ ਸਹਿਯੋਗੀ ਅੱਤਵਾਦੀ ਸੰਗਠਨਾਂ ਨੇ 130 ਇਜ਼ਰਾਇਲੀ ਤੇ ਵਿਦੇਸ਼ੀ ਨਾਗਰਿਕਾਂ ਨੂੰ ਬੰਧਕ ਬਣਾਉਣ ਦੀ ਜਾਣਕਾਰੀ ਦਿੱਤੀ ਹੈ। ਇਨ੍ਹਾਂ ਸਾਰਿਆਂ ਨੂੰ ਗਾਜ਼ਾ ’ਚ ਵੱਖ-ਵੱਖ ਥਾਵਾਂ ’ਤੇ ਰੱਖਿਆ ਗਿਆ ਹੈ। ਜ਼ਰੂਰਤ ਪੈਣ ’ਤੇ ਅੱਤਵਾਦੀ ਸੰਗਠਨ ਇਨ੍ਹਾਂ ਲੋਕਾਂ ਨੂੰ ਢਾਲ ਵਾਂਗ ਇਸਤੇਮਾਲ ਕਰ ਸਕਦੇ ਹਨ। ਹਮਾਸ ਨੇ ਇਜ਼ਰਾਇਲੀ ਹਮਲਿਆਂ ’ਚ ਚਾਰ ਬੰਧਕਾਂ ਦੇ ਮਾਰੇ ਜਾਣ ਦੀ ਜਾਣਕਾਰੀ ਦਿੱਤੀ ਹੈ। ਹਮਾਸ ਨੇ ਕਿਹਾ ਹੈ ਕਿ ਕਤਰ ਦੀ ਵਿਚੋਲਗੀ ’ਚ ਕੁਝ ਬੰਧਕਾਂ ਦੀ ਰਿਹਾਈ ਦੀ ਗੱਲ ਚੱਲ ਰਹੀ ਹੈ ਪਰ ਇਜ਼ਰਾਈਲ ਸਰਕਾਰ ਨੇ ਅਜਿਹੀ ਕਿਸੇ ਗੱਲਬਾਤ ਤੋਂ ਇਨਕਾਰ ਕੀਤਾ ਹੈ। ਇਸ ਦੌਰਾਨ ਇਜ਼ਰਾਈਲ ’ਚ ਸੱਤਾ ਧਿਰ ਤੇ ਵਿਰੋਧੀ ਪਾਰਟੀਆਂ ਨੂੰ ਮਿਲਾ ਕੇ ਸਾਂਝੀ ਸਰਕਾ ਗਠਿਤ ਕਰਨ ’ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ, ਜਿਸ ਨਾਲ ਪੈਦਾ ਹੋਏ ਹਾਲਾਤ ਨਾਲ ਬਿਹਤਰ ਤਰੀਕੇ ਨਾਲ ਨਜਿੱਠਿਆ ਜਾ ਸਕੇ। ਮਿਸਰ ਨੇ ਕਿਹਾ ਕਿ ਉਸ ਨੇ ਹਮਾਸ ਵੱਲੋਂ ਕੁਝ ਵੱਡਾ ਹੋਣ ਦੀ ਜਾਣਕਾਰੀ ਇਜ਼ਰਾਈਲ ਨੂੰ ਦਿੱਤੀ ਸੀ ਪਰ ਉਸ ਦੀ ਸੂਚਨਾ ਦੀ ਅਣਦੇਖੀ ਕੀਤੀ ਗਈ।

ਗਾਜ਼ਾ ’ਚ ਬਿਜਲੀ, ਅਨਾਜ, ਈਂਧਨ ਦੀ ਸਪਲਾਈ ਰੋਕੀ

ਹਮਾਸ ਦੇ ਹਮਲੇ ਦਾ ਬਦਲਾ ਲੈਣ ਲਈ ਇਜ਼ਰਾਈਲ ਹੁਣ ਅੱਤਵਾਦੀ ਸੰਗਠਨ ਦੇ ਅਸਰ ਵਾਲੇ ਗਾਜ਼ਾ ਪੱਟੀ ਇਲਾਕੇ ’ਚ ਬਗ਼ੈਰ ਰੁਕੇ ਕਾਰਵਾਈ ਕਰ ਰਿਹਾ ਹੈ। ਇਜ਼ਰਾਈਲ ਨੇ ਦੋ ਦਿਨ ਦੇ ਹਵਾਈ ਹਮਲਿਆਂ ਤੋਂ ਬਾਅਦ ਸੋਮਵਾਰ ਨੂੰ ਗਾਜ਼ਾ ਪੱਟੀ ’ਚ ਇਕ ਲੱਖ ਫ਼ੌਜੀ ਭੇਜ ਦਿੱਤੇ। ਰੱਖਿਆ ਮੰਤਰੀ ਯੋਆਵ ਗੈਲੇਂਟ ਨੇ ਗਾਜ਼ਾ ਨੂੰ ਘੇਰ ਕੇ ਉੱਥੋਂ ਦੀ ਬਿਜਲੀ, ਖ਼ੁਰਾਕ ਤੇ ੲੀਂਧਨ ਦੀ ਸਪਲਾਈ ਕੱਟ ਦੇਣ ਦਾ ਫ਼ੌਜੀਆਂ ਨੂੰ ਹੁਕਮ ਦਿੱਤਾ ਹੈ। ਫ਼ੌਜੀਆਂ ਨੂੰ ਘਰ-ਘਰ ਜਾ ਕੇ ਹਮਾਸ ਦੇ ਲੜਾਕਿਆਂ ਨੂੰ ਲੱਭਣ, ਉਨ੍ਹਾਂ ਦੇ ਲੁਕਣ ਦੀਆਂ ਥਾਵਾਂ ਤੇ ਸੁਰੰਗਾਂ ਨੂੰ ਨਸ਼ਟ ਕਰਨ ਦਾ ਹੁਕਮ ਦਿੱਤਾ ਗਿਆ ਹੈ। ਇਜ਼ਰਾਇਲੀ ਫ਼ੌਜ ਦੇ ਦੱਖਣੀ ਕਮਾਨ ਦੇ ਮੁਖੀ ਮੇਜਰ ਜਨਰਲ ਯਾਰੋਨ ਫਿਕੇਲਮੈਨ ਨੇ ਕਿਹਾ ਹੈ ਕਿ ਸਾਨੂੰ ਹਮਾਸ ਦੇ ਅੱਤਵਾਦੀਆਂ ਨੂੰ ਉਨ੍ਹਾਂ ਦੇ ਅੰਦਾਜ਼ ’ਚ ਖ਼ਤਮ ਕਰਨ ਦਾ ਹੁਕਮ ਦਿੱਤਾ ਗਿਆ ਹੈ। ਇਹ ਕਾਰਜ ਅਸੀਂ ਹਰ ਹਾਲ ’ਚ ਪੂਰਾ ਕਰਾਂਗੇ। ਚੇਤੇ ਰਹੇ ਕਿ ਗਾਜ਼ਾ ਦੀ 23 ਲੱਖ ਦੀ ਆਬਾਦੀ ਜ਼ਰੂਰੀ ਵਸਤਾਂ ਲਈ ਕਾਫ਼ੀ ਹੱਦ ਤੱਕ ਇਜ਼ਰਾਈਲ ’ਤੇ ਨਿਰਭਰ ਹੈ। ਇਸੇ ਦੌਰਾਨ ਜਰਮਨੀ ਤੇ ਆਸਟ੍ਰੀਆ ਨੇ ਫਲਸਤੀਨ ਨੂੰ ਮਨੁੱਖੀ ਸਹਾਇਤਾ ਰੋਕਣ ਦਾ ਐਲਾਨ ਕੀਤਾ ਹੈ।

Video