ਅਰਬ ਦੇਸ਼ਾਂ ਵਿਚ ਫਸੀਆਂ ਪੀੜਤ ਔਰਤਾਂ ਦਾ ਮੁੱਦਾ ਰਾਜ ਸਭਾ ਮੈਂਬਰ ਤੇ ਵਾਤਾਵਰਨ ਪੇ੍ਰਮੀ ਰਾਜ ਸਭਾ ਮੈਂਬਰ ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਡੀਜੀਪੀ ਪੰਜਾਬ ਗੌਰਵ ਯਾਦਵ ਕੋਲ ਉਠਾਇਆ ਗਿਆ ਅਤੇ ਫਰਜ਼ੀ ਤੇ ਠੱਗ ਏਜੰਟਾਂ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ। ਚੰਡੀਗੜ੍ਹ ਵਿਖੇ ਹੋਈ ਮੁਲਾਕਾਤ ਦੌਰਾਨ ਸੰਤ ਸੀਚੇਵਾਲ ਨੇ ਦੱਸਿਆ ਕਿ ਮਸਕਟ (ਓਮਾਨ), ਇਰਾਕ ਅਤੇ ਸਾਊਦੀ ਅਰਬ ਵਿਚ ਫਸੀਆਂ ਲੱਗਭਗ 52 ਔਰਤਾਂ ਨੂੰ ਵਿਦੇਸ਼ ਮੰਤਰਾਲੇ ਦੇ ਸਹਿਯੋਗ ਨਾਲ ਭਾਰਤੀ ਦੂਤਾਵਾਸ ਰਾਹੀਂ ਦੇਸ਼ ਲਿਆ ਚੁੱਕੇ ਹਨ।
ਉਨ੍ਹਾਂ ਕਿਹਾ ਕਿ ਟ੍ਰੈਵਲ ਏਜੰਟ ਪੰਜਾਬ ਦੀਆਂ ਗਰੀਬ ਧੀਆਂ ਭੈਣਾਂ ਨੂੰ ਨਿਸ਼ਾਨਾ ਬਣਾਉਂਦੇ ਹਨ ਤੇ ਮੋਟੀਆਂ ਤਨਖਾਹਾਂ ਦਾ ਲਾਲਚ ਦੇ ਕੇ ਉਨ੍ਹਾਂ ਨੂੰ ਅਰਬ ਦੇਸ਼ਾਂ ਵਿਚ ਵੇਚ ਰਹੇ ਹਨ। ਸੰਤ ਸੀਚੇਵਾਲ ਨੇ ਡੀਜੀਪੀ ਪੰਜਾਬ ਨੂੰ ਜਾਣੂ ਕਰਵਾਇਆ ਕਿ ਇਨ੍ਹਾਂ ਗਰੀਬ ਔਰਤਾਂ ਵਿਚ ਬਹੁਤ ਸਾਰੀਆਂ ਅਨਪੜ੍ਹ ਹੋਣ ਕਰਕੇ ਉਨ੍ਹਾਂ ਕੋਲੋਂ ਅਰਬੀ ਭਾਸ਼ਾ ਵਿਚ ਲਿਖੇ ਹਲਫੀਆ ਬਿਆਨ ‘ਤੇ ਹਸਤਾਖਰ ਕਰਵਾ ਲਏ ਜਾਂਦੇ ਹਨ ਜਿਨ੍ਹਾਂ ਬਾਰੇ ਉਨ੍ਹਾਂ ਨੂੰ ਕੋਈ ਗਿਆਨ ਹੀ ਨਹੀਂ ਹੁੰਦਾ। ਸੰਤ ਸੀਚੇਵਾਲ ਨੇ ਕਿਹਾ ਕਿ ਇਹ ਬਹੁਤ ਹੀ ਗੰਭੀਰ ਤੇ ਚਿੰਤਾ ਵਾਲਾ ਵਿਸ਼ਾ ਜਿਸ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਨ ਦੀ ਲੋੜ ਹੈ।
ਉਨ੍ਹਾਂ ਇਹ ਵੀ ਦੱਸਿਆ ਕਿ ਜਿਹੜੀਆਂ ਔਰਤਾਂ ਇਨ੍ਹਾਂ ਦੇਸ਼ਾਂ ਵਿਚੋਂ ਵਾਪਸ ਪਰਤੀਆਂ ਹਨ, ਉਨ੍ਹਾਂ ਵੱਲੋਂ ਰੌਂਗਟੇ ਖੜ੍ਹੇ ਕਰਨ ਵਾਲੀਆਂ ਘਟਨਾਵਾਂ ਸੁਣ ਨਹੀਂ ਹੁੰਦੀਆਂ। ਸੰਤ ਸੀਚੇਵਾਲ ਵੱਲੋਂ ਕੁਝ ਏਜੰਟਾਂ ਦੀ ਲਿਸਟ ਡੀਜੀਪੀ ਪੰਜਾਬ ਨੂੰ ਸੌਂਪਦਿਆ ਹੋਇਆਂ ਦੱਸਿਆ ਗਿਆ ਕਿ ਇਹ ਉਹ ਏਜੰਟ ਹਨ, ਜਿਨ੍ਹਾਂ ਵੱਲੋਂ ਲਗਾਤਾਰ ਲੜਕੀਆਂ ਦੀ ਮਜ਼ਬੂਰੀ ਦਾ ਫਾਇਦਾ ਉਠਾਉਂਦਿਆਂ ਹੋਇਆ ਲੜਕੀਆਂ ਨੂੰ ਵੱਡੇ-ਵੱਡੇ ਸੁਪਨੇ ਦਿਖਾਏ ਜਾ ਰਹੇ ਹਨ ਤੇ ਉੱਥੇ ਫਸਾ ਰਹੇ ਹਨ। ਇਹ ਏਜੰਟ, ਜੋ ਖੁਦ ਭਾਰਤੀ ਹੋਣ ਦੇ ਬਾਵਜੂਦ ਵੀ ਲਗਾਤਾਰ ਪੰਜਾਬ ਸਮੇਤ ਦੇਸ਼ ਦੀਆਂ ਲੜਕੀਆਂ ਨੂੰ ਇਕ ਰੈਕਟ ਰਾਹੀਂ ਉੱਥੇ ਬੁਲਾ ਰਹੇ ਹਨ ਜਿੱਥੇ ਉਨ੍ਹਾਂ ਨਾਲ ਕਈ ਤਰ੍ਹਾਂ ਦੇ ਤਸ਼ਦੱਦ ਕੀਤੇ ਜਾ ਰਹੇ ਹਨ।
ਡੀਜੀਪੀ ਪੰਜਾਬ ਗੌਰਵ ਯਾਦਵ ਨੇ ਭਰੋਸਾ ਦਿੱਤਾ ਕਿ ਉਹ ਜਲਦੀ ਹੀ ਇਸ ਬਾਰੇ ਨੋਡਲ ਅਫਸਰ ਦੀ ਨਿਯੁਕਤੀ ਕਰਨਗੇ ਜਿਹੜੇ ਸਿਰਫ ਠੱਗ ਟ੍ਰੈਵਲ ਏਜੰਟਾਂ ਬਾਰੇ ਪੁਣਛਾਂਨ ਕਰਕੇ ਕਾਰਵਾਈ ਕਰਨਗੇ। ਡੀਜੀਪੀ ਨੇ ਜਲੰਧਰ ਰੇਂਜ ਦੇ ਡੀਆਈਜੀ ਸਵਪਨ ਸ਼ਰਮਾ ਸਮੇਤ ਜਲੰਧਰ ਦਿਹਾਤੀ ਪੁਲਿਸ ਦੇ ਸੀਨੀਅਰ ਅਧਿਕਾਰੀ ਨੂੰ ਇਹ ਜਿੰਮੇਵਾਰੀ ਸੌਂਪਣ ਦਾ ਭਰੋਸਾ ਦਿੱਤਾ।