India News

ਵਿਧਾਨ ਸਭਾ ‘ਚ ਪਾਸ ਹੋਏ 4 ਬਿੱਲ, ਕਾਂਗਰਸ ਦੇ ਵਾਕਆਊਟ ਮਗਰੋਂ ਸੈਸ਼ਨ ਅਣਮਿੱਥੇ ਸਮੇਂ ਲਈ ਮੁਲਤਵੀ

ਪੰਜਾਬ ਵਿਧਾਨ ਸਭਾ ‘ਚ ਸਰਦ ਰੁੱਤ ਸੈਸ਼ਨ ਦੇ ਦੂਜੇ ਦਿਨ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤੀ ਗਈ ਹੈ। ਅੱਜ ਦੀ ਕਾਰਵਾਈ ਦੌਰਾਨ ਚਾਰ ਬਿੱਲ ਪਾਸ ਹੋਏ ਹਨ। ਕਾਂਗਰਸ ਨੇ ਸੈਸ਼ਨ ਦਾ ਸਮਾਂ ਵਧਾਉਣ ਨੂੰ ਲੈ ਕੇ ਸਦਨ ‘ਚੋਂ ਵਾਕਆਊਟ ਕਰ ਦਿੱਤਾ ਜਿਸ ਤੋਂ ਬਾਅਦ ਕਾਰਵਾਈ ਮੁਲਤਵੀ ਕਰ ਦਿੱਤੀ ਗਈ।

ਅੱਜ ਪਾਸ ਹੋਏ ਚਾਰ ਹੋਰ ਬਿੱਲ

– ਭਾਰਤੀ ਸਟੰਪ (ਪੰਜਾਬ ਸੋਧ) ਬਿੱਲ 2023

– ਰਜਿਸਟ੍ਰੇਸ਼ਨ (ਪੰਜਾਬ ਸੋਧ) ਬਿੱਲ 2023 ।

– ਜਾਇਦਾਦ ਦਾ ਤਬਾਦਲਾ (ਪੰਜਾਬ ਸੋਧ) ਬਿੱਲ 2023।

– ਪੰਜਾਬ ਕੈਨਾਲ ਤੇ ਡ੍ਰੇਨਜ਼ ਬਿੱਲ 2023।

ਪਰਗਟ ਸਿੰਘ ਨੇ ਉਠਾਇਆ SYL ਮੁੱਦਾ

ਸਿਫਰ ਕਾਲ ਦੌਰਾਨ ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਸਤਲੁਜ ਯਮੁਨਾ ਲਿੰਕ ਨਹਿਰ ਦਾ ਮੁੱਦਾ ਉਠਾਇਆ ਤੇ ਮੰਗ ਕੀਤੀ ਕਿ ਇਸ ‘ਤੇ ਵਿਧਾਨ ਸਭਾ ‘ਚ ਲੰਬੀ ਚਰਚਾ ਕਰਵਾਈ ਜਾਵੇ। ਮੁੱਖ ਮੰਤਰੀ ਇਸ ਚਰਚਾ ਨੂੰ ਲੁਧਿਆਣਾ ‘ਚ ਲੈ ਗਏ। ਉਨ੍ਹਾਂ ਮੰਗ ਕੀਤੀ ਕਿ ਇਸ ਬਾਰੇ ਸਰਬ ਪਾਰਟੀ ਮੀਟਿੰਗ ਬੁਲਾ ਕੇ ਕੀਤੀ ਜਾਵੇ ਜਿਸ ਵਿਚ ਮਾਹਿਰਾਂ ਨੂੰ ਵੀ ਸ਼ਾਮਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ 1982 ਤੋਂ ਬਾਅਦ ਪਾਣੀ ‘ਤੇ ਕੋਈ ਵ੍ਹਾਈਟ ਪੇਪਰ ਨਹੀਂ ਆਇਆ। ਇਸ ਲਈ ਇਸ ਸਬੰਧੀ ਨਵਾਂ ਵ੍ਹਾਈਟ ਪੇਪਰ ਲਿਆਂਦਾ ਜਾਣਾ ਚਾਹੀਦਾ ਹੈ।

ਅਕਾਲੀ ਵਿਧਾਇਕ ਨੇ ਕਿਹਾ- ਅੱਜ ਤਕ ਨਹੀਂ ਪਤਾ ਲੱਗਿਆ ਕਿਹੜੀ ਜੇਲ੍ਹ ‘ਚ ਹੋਈ ਲਾਰੈਂਸ ਦੀ ਇੰਟਰਵਿਊ

ਪੰਜਾਬ ਵਿਧਾਨ ਸਭਾ ‘ਚ ਸਿਫਰ ਕਾਲ ਦੌਰਾਨ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ ਨੇ ਕਿਹਾ ਕਿ ਨਵੀਂ ਸਿੱਖਿਆ ਨੀਤੀ ‘ਤੇ ਵਿਧਾਨ ਸਭਾ ‘ਚ ਦੋ ਦਿਨ ਚਰਚਾ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਬਣਾਈ ਗਈ ਨੀਤੀ ਨਾਲ ਸੂਬਾਈ ਭਾਸ਼ਾਵਾਂ ਦਾ ਬਹੁਤ ਨੁਕਸਾਨ ਹੋਵੇਗਾ ਕਿਉਂਕਿ ਕੇਂਦਰ ਸਰਕਾਰ ਦੀ ਨੀਤੀ ਅਨੁਸਾਰ 60 ਫੀਸਦੀ ਵਿਦਿਆਰਥੀਆਂ ਨੂੰ ਉਹੀ ਪੜ੍ਹਨਾ ਪਵੇਗਾ ਜੋ ਕੇਂਦਰ ਸਰਕਾਰ ਕਹਿੰਦੀ ਹੈ।

ਇਸ ਤੋਂ ਇਲਾਵਾ ਉਨ੍ਹਾਂ ਲਾਰੈਂਸ ਬਿਚ ਸ਼ਨੋਈ ਦੀ ਜੇਲ੍ਹ ਇੰਟਰਵਿਊ ‘ਤੇ ਵੀ ਸਵਾਲ ਉਠਾਇਆ ਤੇ ਕਿਹਾ ਕਿ ਸਰਕਾਰ ਨੇ ਕਿਹਾ ਸੀ ਕਿ 15 ਦਿਨਾਂ ‘ਚ ਜਾਂਚ ਪੂਰੀ ਕਰ ਲਈ ਜਾਵੇਗੀ ਪਰ 8 ਮਹੀਨੇ ਬਾਅਦ ਵੀ ਅਜਿਹਾ ਨਹੀਂ ਹੋਇਆ।

– ਡਾ. ਨਛੱਤਰ ਪਾਲ ਨੇ ਧਿਆਨ ਦਿਵਾਊ ਮਤਾ ਕੀਤਾ ਪੇਸ਼।

– 58 ਲਾਅ ਅਫ਼ਸਰ ਦਲਿਤ ਭਾਈਚਾਰੇ ਲਈ ਰੱਖੇ ਜਾਣਗੇ।

ਪੰਜਾਬ ਵਿਧਾਨ ਸਭਾ ‘ਚ ਜ਼ਬਰਦਸਤ ਹੰਗਾਮਾ

ਪੰਜਾਬ ਵਿਧਾਨ ਸਭਾ ‘ਚ ਸੈਸ਼ਨ ਦੀ ਮਿਆਦ ਨੂੰ ਲੈ ਕੇ ਨੋਕ-ਝੋਕ ਹੋਈ। ਵਿਧਾਨ ਸਭਾ ‘ਚ ਸੱਤਾਧਿਰ ਤੇ ਵਿਰੋਧੀ ਧਿਰ ‘ਚ ਬਹਿਸ ਹੋਈ। ਇਸ ਦੌਰਾਨ ਕਂਗਰਸ ਦੇ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਕਾਨੂੰਨ ਵਿਵਸਥਾ ਦੇ ਮੁੱਦੇ ‘ਤੇ ਚਰਚਾ ਹੋਣੀ ਚਾਹੀਦੀ ਹੈ। ਵਿਰੋਧੀ ਧਿਰ ਨੂੰ ਵੀ ਬੋਲਣ ਦਾ ਮੌਕਾ ਮਿਲਣਾ ਚਾਹੀਦਾ ਹੈ। ਅਸੀਂ ਤਾਂ ਸੈਸ਼ਨ 10 ਦਿਨਾਂ ਦਾ ਮੰਗਿਆ ਸੀ। ਸੈਸ਼ਨ ਦੀ ਮਿਆਦ ਨੂੰ ਲੈ ਕੇ ਕਾਂਗਰਸੀ ਹੰਗਾਮਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਘੱਟੋ-ਘੱਟ 4 ਦਿਨ ਤਾਂ ਸੈਸ਼ਨ ਹੋਰ ਵਧਾ ਦਿੰਦੇ। ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ OTS ਦਾ ਮੁੱਦਾ ਵੀ ਚੁੱਕਿਆ। ਉਨ੍ਹਾਂ ਕਿਹਾ ਕਿ ਇਹ ਸਕੀਮ ਕਦੋਂ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਨੇ ਪਿਛਲੇ ਸਾਲ ਨਵੰਬਰ ‘ਚ ਇਸ ਦਾ ਐਲਾਨ ਕੀਤਾ ਸੀ। ਉਨ੍ਹਾਂ ਨੇ ਸਰਕਾਰੀ ਕਰਮਚਾਰੀਆਂ ਦੇ ਪੈਂਡਿੰਗ ਡੀਏ ਦਾ ਮੁੱਦਾ ਵੀ ਚੁੱਕਿਆ।

ਕਾਂਗਰਸ ਨੇ ਅਮਨ ਕਾਨੂੰਨ ਵਿਵਸਥਾ ‘ਤੇ ਘੇਰੀ ਸਰਕਾਰ

ਸੈਸ਼ਨ ਦੌਰਾਨ ਕਾਂਗਰਸ ਨੇ ਸੂਬੇ ‘ਚ ਅਮਨ ਕਾਨੂੰਨ ਵਿਵਵਸਥਾ ਦੇ ਮੁੱਦੇ ‘ਤੇ ਬਹਿਸ ਦੀ ਮੰਗ ਕੀਤੀ।

ਕਾਂਗਰਸ ਨੇ ਸਦਨ ‘ਤੋਂ ਕੀਤਾ ਵਾਕਆਊਟ

ਵਾਕਆਊਟ ਤੋਂ ਪਹਿਲਂ ਕਾਂਗਰਸ ਵਿਧਾਇਕਾਂ ਵੱਲੋਂ ਵੈੱਲ ‘ਚ ਨਾਅਰੇਬਾਜ਼ੀ ਕੀਤੀ ਗਈ।

ਸਿਹਤ ਮੰਤਰੀ ਨੇ ਬਾਜਵਾ ਦਾ ਚੈਲਿੰਜ ਕੀਤਾ ਸਵੀਕਾਰ

ਇਸ ਦੌਰਾਨ ਪ੍ਰਤਾਪ ਬਾਜਵਾ ਨੇ ਮੁਹੱਲਾ ਕਲੀਨਕਾਂ ਨੂੰ ਲੈ ਕੇ ਵੀ ਮੁੱਦਾ ਚੁੱਕਿਆ। ਕਾਂਗਰਸ ਦੇ ਪ੍ਰਤਾਪ ਸਿੰਘ ਬਾਜਵਾ ਨੇ ਸਿਹਤ ਮੰਤਰੀ ਡਾ. ਬਲਵੀਰ ਸਿੰਘ ਨੂੰ ਚੈਲਿੰਜ ਕੀਤਾ ਕਿ ਮੇਰੇ ਨਾਲ ਚੱਲ ਕੇ ਮੁਹੱਲਾ ਕਲੀਨਕ ਦਿਖਾਉਣ। ਇਸ ‘ਤੇ ਸਿਹਤ ਮੰਤਰੀ ਨੇ ਬਾਜਵਾ ਦਾ ਚੈਲਿੰਜ ਸਵੀਕਾਰ ਕੀਤਾ।

ਵਿਧਾਨ ਸਭਾ ਮੁਲਤਵੀ ਹੋਣ ਮਗਰੋਂ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਅਸੀਂ ਵਿਰੋਧੀ ਧਿਰ ਦਾ ਧੰਨਵਾਦ ਕਰਨਾ ਚਾਹੁੰਦੇ ਸੀ ਕਿ ਸੈਸ਼ਨ ਸ਼ਾਂਤੀਪੂਰਨ ਖ਼ਤਮ ਹੋਇਆ ਪਰ ਕਾਂਗਰਸ ਧੰਨਵਾਦ ਕਰਨ ਤੋਂ ਪਹਿਲਾਂ ਹੀ ਸਦਨ ‘ਚੋਂ ਵਾਕਆਊਟ ਹੋ ਗਈ। ਪੰਜਾਬ ‘ਚ ਕਾਨੂੰਨ ਵਿਵਸਥਾ ਦੇ ਸਵਾਲ ‘ਤੇ ਉਨ੍ਹਾਂ ਕਿਹਾ ਕਿ ਜੇ ਗੈਂਗਸਟਰਵਾਦ ਪੈਦਾ ਹੋਇਆ ਹੈ ਤਾਂ ਇਹ ਸਿਰਫ਼ ਅਕਾਲੀ ਦਲ-ਕਾਂਗਰਸ ਦੀ ਦੇਣ ਹੈ।

Video