ਆਰਟੀਫਿਸ਼ੀਅਲ ਇੰਟੈਲੀਜੈਂਸ (ਏ.ਆਈ.) ਇੱਕ ਕੰਪਿਊਟਰ ਜਾਂ ਕੰਪਿਊਟਰ-ਨਿਯੰਤਰਿਤ ਰੋਬੋਟ ਵੱਲੋਂ ਉਨ੍ਹਾਂ ਕਾਰਜਾਂ ਨੂੰ ਕਰਨ ਦੀ ਯੋਗਤਾ ਹੈ ਜੋ ਆਮ ਤੌਰ ’ਤੇ ਮਨੱੁਖ ਦੀਆਂ ਬੌਧਿਕ ਪ੍ਰਕਿਰਿਆਵਾਂ ਨਾਲ ਜੁੜੇ ਹੁੰਦੇੇ ਹਨ। ਏ.ਆਈ. ਮੈਡੀਕਲ ਤੇ ਸਿਹਤ ਸਾਇੰਸ, ਕੰਪਿਊਟਰ ਸਰਚ ਇੰਜਣ (ਜਿਵੇਂ ਗੂਗਲ), ਆਵਾਜ਼ (ਸੀਰੀ, ਅਲੈਕਸਾ ਜਾਂ ਗੂਗਲ ਅਸਿਸਟੈਂਟ), ਜਾਂ ਹੱਥ ਲਿਖਤ ਪਛਾਣ ਅਤੇ ਚੈਟਬੋਟਸ ਦੇ ਰੂਪ ਵਿੱਚ ਵੱਖ-ਵੱਖ ਐਪਲੀਕੇਸ਼ਨਾਂ ਵਿੱਚ ਪਾਈ ਜਾਂਦੀ ਹੈ।
ਮਸ਼ੀਨ ਸਿਖਲਾਈ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਆਟੋਨੋਮਸ ਵਾਹਨ ਪ੍ਰਣਾਲੀਆਂ ਦੇ ਬੁਨਿਆਦੀ ਤੱਤ ਹਨ। ਮਸ਼ੀਨ ਲਰਨਿੰਗ ਰਾਹੀਂ, ਵਾਹਨਾਂ ਨੂੰ ਉਨ੍ਹਾਂ ਗੁੰਝਲਦਾਰ ਡੇਟਾ ਤੋਂ ਸਿੱਖਣ ਲਈ ਸਿਖਲਾਈ ਦਿੱਤੀ ਜਾਂਦੀ ਹੈ ਜੋ ਉਨ੍ਹਾਂ ਨੂੰ ਐਲਗੋਰਿਦਮ ਵਿੱਚ ਸੁਧਾਰ ਕਰਨ ਲਈ ਅਤੇ ਸੜਕ ’ਤੇ ਨੈਵੀਗੇਟ ਕਰਨ ਦੀ ਆਪਣੀ ਯੋਗਤਾ ਨੂੰ ਵਧਾਉਣ ਲਈ ਪ੍ਰਾਪਤ ਹੁੰਦਾ ਹੈ। ਵੇਮੋ ਤੇ ਟੈਸਲਾ ਕੰਪਨੀ ਦੀਆਂ ਸਵੈ-ਡ੍ਰਾਈਵਿੰਗ ਕਾਰਾਂ ’ਚ ਵੀ ਇਹੀ ਤਕਨੀਕ ਵਰਤੀ ਜਾਂਦੀ ਹੈ। ਆਰਟੀਫਿਸ਼ੀਅਲ ਇੰਟੈਲੀਜੈਂਸ ਇਨ੍ਹਾਂ ਵਾਹਨਾਂ ਦੇ ਸਿਸਟਮਾਂ ਨੂੰ ਹਰੇਕ ਸੰਭਾਵੀ ਸਥਿਤੀ ਲਈ ਵਿਸ਼ੇਸ਼ ਨਿਰਦੇਸ਼ਾਂ ਦੀ ਲੋੜ ਤੋਂ ਬਿਨਾਂ ਕੰਮ ਕਰਨ ਦੇ ਤਰੀਕੇ ਬਾਰੇ ਫ਼ੈਸਲੇ ਲੈਣ ਦੇ ਯੋਗ ਬਣਾਉਂਦਾ ਹੈ। ਬਹੁਤ ਸਾਰੀਆਂ ਮੋਬਾਈਲ ਐਪਾਂ ਵਾਇਸ ਖੋਜ ਕਰਨ ਲਈ ਆਪਣੇ ਸਿਸਟਮਾਂ ਵਿੱਚ ਸਪੀਚ ਰੈਕੌਗੀਨੇਸ਼ਨ (ਆਵਾਜ਼ ਪਛਾਣ) ਨੂੰ ਸ਼ਾਮਲ ਕਰਦੀਆਂ ਹਨ। ਸ਼ੁਰੂਆਤੀ ਪੱਧਰ ’ਤੇ 70ਵਿਆਂ ਵਿੱਚ ਸੀਰੀ, ਅਲੈਕਸਾ ਵਰਗੀਆਂ ਆਵਾਜ਼ਾਂ ਸੁਣ ਕੇ ਕੰਮ ਕਰਨ ਵਾਲੀਆਂ ਐਪਲੀਕੇਸ਼ਨਾਂ ਕਨਵਰਸੇਸ਼ਨਲ ਆਰਟੀਫਿਸ਼ੀਅਲ ਇੰਟੈਲੀਜੈਂਸ ਦੀਆਂ ਉਦਾਹਰਨਾਂ ਹਨ। ਇਸ ਤੋਂ ਇਲਾਵਾ ਸਾਈਬਰ ਸੁਰੱਖਿਆ ਪ੍ਰਣਾਲੀ ਵਿੱਚ ਵੀ ਆਰਟੀਫੀਸ਼ਅਲ ਇੰਟੈਲੀਜੈਂਸ ਦਾ ਖ਼ਾਸ ਮਹੱਤਵ ਹੈ।
ਮਸ਼ੀਨ ਲਰਨਿੰਗ ਐਲਗੋਰਿਥਮ ਲਿਖਣ ਤੇ ਸਿਖਲਾਈ ਦੇਣ ਲਈ ਏ.ਆਈ. ਨੂੰ ਵਿਸ਼ੇਸ਼ ਹਾਰਡਵੇਅਰ ਅਤੇ ਸਾਫਟਵੇਅਰ ਦੀ ਲੋੜ ਹੁੰਦੀ ਹੈ। ਏ.ਆਈ. ਡਿਵੈਲਪਰ ਪਾਈਥਨ, ਆਰ, ਜਾਵਾ, ਸੀ++ ਤੇ ਜੂਲੀਆ ਵਰਗੀਆਂ ਕੰਪਿਊਟਰ ਪ੍ਰੋਗਰਾਮਿੰਗ ਭਾਸ਼ਾਵਾਂ ਦੀ ਵਰਤੋਂ ਕਰਦੇ ਹਨ। ਅਲਫਾਬੇਟ, ਐਪਲ, ਮਾਈਕ੍ਰੋਸਾਫਟ ਅਤੇ ਮੈਟਾ ਵਰਗੀਆਂ ਵੱਡੀਆਂ ਕੰਪਨੀਆਂ ਦੇ ਨਾਂ ਵਰਣਨਯੋਗ ਹਨ, ਜਿੱਥੇ ਇਸ ਤਕਨਾਲੋਜੀ ਦੀ ਵਰਤੋਂ ਕੀਤੀ ਜਾਂਦੀ ਹੈ। ਏ.ਆਈ. ਸੰਚਾਲਿਤ ਵਰਚੁਅਲ ਏਜੰਟ ਬਿਨਾਂ ਕਿਸੇ ਬਰੇਕ ਜਾਂ ਥਕਾਵਟ ਦੇ, ਹਮੇਸ਼ਾ ਉਪਲਬਧ ਰਹਿੰਦੇ ਹਨ। ਮਨੁੱਖਾਂ ਲਈ ਮੁਸ਼ਕਿਲ ਜਾਂ ਲਗਾਤਾਰ ਕੰਮ ਨਾ ਕਰ ਸਕਣ ਦੀ ਹਾਲਤ ਵਿੱਚ ਰੋਬੋਟਾਂ ਦੀ ਕੀਤੀ ਜਾਂਦੀ ਹੈੈ। ਉਦਾਹਰਨ ਵੱਜੋਂ ਕਾਰ ਉਤਪਾਦਨ ਅਸੈਂਬਲੀ ਲਾਈਨਾਂ ’ਚ ਜਾਂ ਨਾਸਾ ਵੱਲੋਂ ਪੁਲਾੜ ਵਿੱਚ ਵੱਡੀਆਂ ਵਸਤੂਆਂ ਨੂੰ ਭੇਜਣ ਲਈ ਰੋਬੋਟ ਵਰਤੇ ਜਾਂਦੇ ਹਨ।
ਫ਼ੇਸ ਰਿਕੋਗਨਾਈਜੇਸ਼ਨ ਸਿਸਟਮ
1993 ਵਿੱਚ ਡਿਫੈਂਸ ਐਡਵਾਂਸਡ ਰਿਸਰਚ ਪ੍ਰੋਜੈਕਟ ਏਜੰਸੀ (ਡੀਆਰਪੀਏ) ਅਤੇ ਆਰਮੀ ਰਿਸਰਚ ਲੈਬਾਰਟਰੀ (ਏਆਰਐਲ) ਨੇ ਆਟੋਮੈਟਿਕ ਚਿਹਰਾ ਪਛਾਣ ਸਮਰੱਥਾਵਾਂ ਵਿਕਸਿਤ ਕਰਨ ਲਈ ਚਿਹਰਾ ਪਛਾਣ ਤਕਨਾਲੋਜੀ ਪ੍ਰੋਗਰਾਮ ਦੀ ਸਥਾਪਨਾ ਕੀਤੀ ਸੀ। ਕਿਸੇ ਚਿਹਰੇ ਦੀ ਪਛਾਣ ਪ੍ਰਣਾਲੀ ਉਹ ਤਕਨਾਲੋਜੀ ਹੈ ਜੋ ਸੰਭਾਵੀ ਤੌਰ ’ਤੇ ਇੱਕ ਡਿਜੀਟਲ ਚਿੱਤਰ ਜਾਂ ਵੀਡੀਓ ਫਰੇਮ ਤੋਂ ਚਿਹਰਿਆਂ ਦੇ ਡੇਟਾਬੇਸ ਦੇ ਹਿਸਾਬ ਨਾਲ ਮਨੱੁਖੀ ਚਿਹਰੇ ਨਾਲ ਮੇਲ ਕਰਨ ਦੇ ਸਮਰੱਥ ਹੁੰਦੀ ਹੈ, ਜਿਸ ਨੂੰ ਫੇਸ ਰਿਕੋਗਨਾਈਜੇਸ਼ਨ ਸਿਸਟਮ ਕਿਹਾ ਜਾਂਦਾ ਹੈ।
ਸਿੰਥੈਟਿਕ ਮੀਡੀਆ ਜਿਵੇਂ ਕਿ ਡੀਪਫੇਕ ਦੀ ਦਿੱਖ ਨੇ ਇਸ ਦੀ ਸੁਰੱਖਿਆ ਬਾਰੇ ਚਿੰਤਾਵਾਂ ਪੈਦਾ ਕੀਤੀਆਂ ਹਨ। ਇਨ੍ਹਾਂ ਦਾਅਵਿਆਂ ਕਾਰਨ ਸੰਯੁਕਤ ਰਾਜ ਅਮਰੀਕਾ ਦੇ ਕਈ ਸ਼ਹਿਰਾਂ ਵਿੱਚ ਚਿਹਰੇ ਦੀ ਪਛਾਣ ਪ੍ਰਣਾਲੀ ’ਤੇ ਪਾਬੰਦੀ ਵੀ ਲਗਾਈ ਗਈ ਹੈ। ਸੋਸ਼ਲ ਨੈੱਟਵਰਕਿੰਗ ਕੰਪਨੀ ਮੈਟਾ ਪਲੇਟਫਾਰਮ ਨੇ ਵੀ 2021 ਵਿੱਚ ਚਿਹਰੇ ਦੀ ਪਛਾਣ ਪ੍ਰਣਾਲੀ ਨੂੰ ਬੰਦ ਕਰ ਦਿੱਤਾ ਸੀ, ਜਿਸ ਨਾਲ ਇੱਕ ਅਰਬ ਤੋਂ ਵੱਧ ਉਪਭੋਗਤਾਵਾਂ ਦੇ ਚਿਹਰੇ ਦੇ ਸਕੈਨ ਡੇਟਾ ਨੂੰ ਮਿਟਾਇਆ ਗਿਆ ਸੀ।
ਭਾਰਤ ਵਿੱਚ ਗੂਗਲ ਦੀ ਆਮਦ 2004 ’ਚ ਹੋਈ ਸੀ ਜਦਕਿ ਆਰਟੀਫਿਸ਼ੀਅਲ ਇੰਟੈਲੀਜੈਂਸ (ਏ.ਆਈ.) ਇਸ ਤੋਂ ਕਈ ਸਾਲ ਪਹਿਲਾਂ ਹੀ ਹੋਂਦ ’ਚ ਆ ਚੁੱਕੀ ਸੀ। ਮੈਨੂੰ ਯਾਦ ਹੈ ਜਦੋਂ 1996 ਵਿੱਚ ਕਰਨਾਟਕਾ ਸੂਬੇ ਦੇ ਬੰਗਲੌਰ ਤਕਨੀਕੀ ਬੋਰਡ ਨਾਲ ਐਫੀਲੀਏਟਡ ਬਿਦਰ ਸ਼ਹਿਰ ਦੇ ਗੁਰੂ ਨਾਨਕ ਦੇਵ ਪੋਲੀਟੈਕਨਿਕ ਕਾਲਜ ਵਿਖੇ ਕੰਪਿਊਟਰ ਇੰਜੀਨੀਅਰਿੰਗ ਦਾ ਡਿਪਲੋਮਾ ਕਰਦਿਆਂ ਫਾਈਨਲ ਈਅਰ ਵਿੱਚ ਸਾਨੂੰ ਨਵੇਂ ਵਿਸ਼ੇ ਲੱਗੇ ਸਨ, ਜਿਨ੍ਹਾਂ ਵਿੱਚੋਂ ਆਰਟੀਫਿਸ਼ੀਅਲ ਇੰਟੈਲੀਜੈਂਸ ਵੀ ਇੱਕ ਸੀ।
ਤੀਜੇ ਭਾਵ ਅਖੀਰਲੇ ਸਾਲ ’ਚ ਹੁੰਦਿਆਂ ਹੀ ਪਾਸਕਲ, ਫੌਰਟਨ, ਕੋਬੋਲ ਵਰਗੀਆਂ ਪੁਰਾਣੀਆਂ ਪ੍ਰੋਗਰਾਮਿੰਗ ਲੈਂਗੁਏਜਿਜ਼ (ਭਾਸ਼ਾਵਾਂ) ਨੂੰ ਹਟਾ ਕੇ ਸਿਸਟਮ ਪ੍ਰੋਗਰਾਮਿੰਗ, ਕੰਪਿਊਟਰ ਐਪਲੀਕੇਸਨਜ਼, ਆਰ.ਡੀ.ਬੀ.ਐੱਮ.ਐੱਸ. (ਆਰੈਕਲ) ਤੇ ਏ.ਆਈ. ਵਰਗੇ ਵਿਸ਼ੇ ਲਾਂਚ ਕੀਤੇ ਸਨ। ਉਸ ਸਮੇਂ ਸਾਨੂੰ ਜਿਹੜੇ ਸਰ ਏ.ਆਈ. ਪੜ੍ਹਾਉਂਦੇ ਹੁੰਦੇ ਸਨ ਉਹ ਆਪ ਪਤਾ ਨਹੀਂ ਕਿਸ ਤਰ੍ਹਾਂ ਲੈਕਚਰ ਤਿਆਰ ਕਰਦੇ ਹੋਣੇ ਤੇ ਕੱਚਾ ਪੱਕਾ ਜਿਹਾ ਸਾਨੂੰ ਸਮਝਾ ਦਿੰਦੇ ਸਨ। ਅਸੀਂ ਵੀ ਰੱਟੇ ਰੁੱਟੇ ਲਾ ਕੇ ਹਊਏ ਵਰਗਾ ਇਹ ਵਿਸ਼ਾ ਬੜੀ ਮੁਸ਼ਕਿਲ ਨਾਲ ਪਾਸ ਕੀਤਾ ਸੀ।
ਹੁਣ 27-28 ਸਾਲਾਂ ਦੇ ਵਕਫ਼ੇ ਪਿੱਛੋਂ ਏ.ਆਈ. ਆਪਣੇ ਪੂਰੀ ਚਰਮ ਸੀਮਾ ’ਤੇ ਪਹੁੰਚ ਚੁੱਕੀ ਹੈ। ਅੱਜ ਇਨਫਰਮੇਸ਼ਨ ਤਕਨਾਲੋਜੀ ਦੇ ਯੁੱਗ ਵਿੱਚ ਕੰਪਿਊਟਰ ਨਾਲ ਸਬੰਧਿਤ ਕਰੀਬ ਹਰ ਖੇਤਰ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਆਮਦ ਹੋ ਚੁੱਕੀ ਹੈ। ਇਸ ਦੇ ਹਾਂ-ਪੱਖੀ ਦੇ ਨਾਲ-ਨਾਲ ਨਾਂਹ-ਪੱਖੀ ਨਤੀਜੇ ਵੀ ਆਉਣ ਲੱਗੇ ਹਨ।
ਡੀਪਫੇਕ ਵੀਡੀਓ
ਡਿਜੀਟਲ ਸਾਫ਼ਟਵੇਅਰ, ਮਸ਼ੀਨ ਲਰਨਿੰਗ ਅਤੇ ਫ਼ੇਸ ਸਵੈਪਿੰਗ ਦੀ ਵਰਤੋਂ ਕਰ ਕੇ ਬਣਾਏ ਗਏ ਨਕਲੀ ਵੀਡੀਓਜ਼ ਨੂੰ ਤਕਨੀਕੀ ਤੌਰ ’ਤੇ ਡੀਪਫੇਕ ਵੀਡੀਓ ਕਿਹਾ ਜਾਂਦਾ ਹੈ। ਕੰਪਿਊਟਰ ਰਾਹੀਂ ਸਾਫ਼ਟਵੇਅਰਾਂ ਦੀ ਮਦਦ ਨਾਲ ਬਣਾਏ ਇਨ੍ਹਾਂ ਵੀਡੀਓਜ਼ ਵਿੱਚ ਤਸਵੀਰਾਂ ਨੂੰ ਜੋੜ ਕੇ ਨਵੀਂ ਫੁਟੇਜ ਬਣਾਈ ਜਾਂਦੀ ਹੈ। ਦਰਅਸਲ ਇਹ ਫੁਟੇਜ ਉਸ ਘਟਨਾ, ਕਹਾਣੀ ਜਾਂ ਕਾਰਵਾਈ ਨੂੰ ਦਰਸਾਉਂਦੀ ਹੈ ਜੋ ਅਸਲ ਵਿੱਚ ਕਦੇ ਨਹੀਂ ਵਾਪਰੀ ਹੁੰਦੀ ਪਰ ਦੇਖਣ-ਸੁਣਨ ਵਿੱਚ ਬਿਲਕੁਲ ਅਸਲੀ ਜਾਪਦੀ ਹੈ। ਪਿਛਲੇ ਦਿਨੀ ਡੀਪਫੇਕ ਵੀਡੀਓ ਦੇ ਮਾਮਲੇ ਅਖ਼ਬਾਰਾਂ ਦੀਆਂ ਸੁਰਖ਼ੀਆਂ ਤੇ ਨਿਊਜ਼ ਚੈਨਲਾਂ ਦੀਆਂ ਹੱੈਡਲਾਈਨਜ਼ ਬਣ ਚੁੱਕੇ ਹਨ। ਹਾਲੇ ਕੁਝ ਮਹੀਨੇ ਪਹਿਲਾਂ ਹੀ ਰਸ਼ਮੀਕਾ ਮੰਡੇਨਾ ਨੇ ਇਸ ਸਬੰਧੀ ਸਾਈਬਰ ਵਿਭਾਗ ਕੋਲ ਮਾਮਲਾ ਦਰਜ ਕਰਵਾਇਆ ਸੀ, ਜਿਸ ਉਪਰੰਤ ਇੱਕ ਗਿ੍ਰਫਤਾਰੀ ਵੀ ਕੀਤੀ ਗਈ ਸੀ। ਉਸ ਤੋਂ ਬਾਅਦ ਬਾਲੀਵੁੱਡ ਫਿਲਮ ਅਭਿਨੇਤਰੀ ਨੋਰਾ ਫਤਹਿ ਅਲੀ ਵੀ ਡੀਪਫੇਕ ਵੀਡੀਓ ਦੀ ਪੀੜਿਤ ਬਣੀ। ਇਸ ਵਿੱਚ ਵੀ ਕੋਈ ਅਤਿਕਥਨੀ ਨਹੀਂ ਹੋਵੇਗੀ ਕਿ ਭਵਿੱਖ ਵਿੱਚ ਵੱਡੀ ਪੱਧਰ ਉੱਤੇ ਅਜਿਹੇ ਹੋਰ ਵੀ ਮਾਮਲੇ ਸਾਹਮਣੇ ਆਉਣਗੇ, ਜਿਸ ਦੇ ਨਾਂਹ-ਪੱਖੀ ਨਤੀਜੇ ਆਉਣ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਭਵਿੱਖ ਵਿੱਚ ਅਜਿਹੀ ਸਥਿਤੀ ਤੋਂ ਬਚਣ ਲਈ ਸਾਨੂੰ ਬਹੁਤ ਜ਼ਿਆਦਾ ਸੁਚੇਤ ਹੋ ਕੇ ਰਹਿਣ ਦੀ ਲੋੜ ਹੈ। ਇਸ ਤੋਂ ਇਲਾਵਾ ਇਨ੍ਹਾਂ ਦਾ ਹੱਲ ਜਾਂ ਸਾਹਮਣਾ ਕਰਨ ਲਈ ਏ.ਆਈ. ਮਾਹਿਰਾਂ ਜਾਂ ਪੇਸ਼ਾਵਰਾਂ ਨੂੰ ਵੀ ਹਰ ਸਮੇਂ ਤਿਆਰ ਰਹਿਣਾ ਪਵੇਗਾ।